ਪ੍ਰੀਖਿਆ ਕੇਂਦਰਾਂ ਵਿੱਚ ਪੈਨ, ਘੜੀ, ਮੋਬਾਈਲ ਫੋਨ ਆਦਿ ਨਹੀਂ ਜਾ ਸਕਣਗੇ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਅਧਿਆਪਕ ਯੋਗਤਾ ਪਰਖ ਪ੍ਰੀਖਿਆ 19 ਜਨਵਰੀ ਨੂੰ ਪੰਜਾਬ ਭਰ ਵਿਚ ਲਈ ਜਾ ਰਹੀ ਹੈ।ਇਸ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ 9 ਕੇਂਦਰ ਬਣਾਏ ਗਏ ਹਨ, ਜਿੰਨਾਂ ਵਿਚੋਂ 7 ਸੈਂਟਰ ਸਵੇਰੇ ਅਤੇ ਸ਼ਾਮ ਦੋਵੇਂ ਵੇਲੇ ਪ੍ਰੀਖਿਆ ਲੈਣਗੇ ਅਤੇ 2 ਕੇਂਦਰ ਕੇਵਲ ਸ਼ਾਮ ਦੀ ਪ੍ਰੀਖਿਆ ਲਈ ਹੀ ਹਨ।ਜਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕੁੱਲ 7682 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ। ਸਵੇਰ ਦੇ ਸੈਸ਼ਨ ਦਾ ਪੇਪਰ 10 ਵਜੇ ਤੋਂ ਸਾਢੇ ਬਾਰਾਂ ਵਜੇ ਤੱਕ ਹੋਵੇਗਾ, ਪਰ ਉਮੀਦਵਾਰ ਠੀਕ 9 ਵਜੇ ਪ੍ਰੀਖਿਆ ਕੇਂਦਰ ਵਿਚ ਰਿਪੋਰਟ ਕਰਨ। ਸਵੇਰ ਦੇ ਸੈਸ਼ਨ ਵਿਚ 10.30 ਵਜੇ ਅਤੇ ਸ਼ਾਮ ਦੇ ਸੈਸ਼ਨ ਵਿਚ 3.00 ਵਜੇ ਤੋਂ ਬਾਅਦ ਆਉਣ ਵਾਲੇ ਉਮਦਵਾਰ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਸ਼ਾਮ ਦਾ ਪੇਪਰ 2.30 ਵਜੇ ਤੋਂ 5.00 ਵਜੇ ਤੱਕ ਹੋਵੇਗਾ।
ਸਮਰਾ ਨੇ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ ਆਪਣਾ ਪੈਨ, ਘੜੀ, ਮੋਬਾਈਲ ਫੋਨ ਜਾਂ ਕੋਈ ਹੋਰ ਇਲੈਕਟ੍ਰੋਨਿਕ ਗੈਜਟ ਪ੍ਰੀਖਿਆ ਹਾਲ ਵਿੱਚ ਨਹੀਂ ਲੈ ਕੇ ਜਾ ਸਕੇਗਾ।ਇਸੇ ਤਰਾਂ ਸੁਪਰਡੈਂਟ ਤੋਂ ਇਲਾਵਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਵੀ ਆਪਣੇ ਮੋਬਾਈਲ ਫੋਨ ਪ੍ਰੀਖਿਆ ਕੇਂਦਰ ਵਿਚ ਨਹੀਂ ਲੈ ਕੇ ਜਾ ਸਕਣਗੇ।ਚੈਕਿੰਗ ਟੀਮਾਂ ਵੀ ਆਪਣਾ ਮੋਬਾਈਲ ਪ੍ਰੀਖਿਆ ਕੇਂਦਰ ਵਿਚ ਨਹੀਂ ਲਿਜਾ ਸਕਣਗੀਆਂ।ਉਨਾਂ ਦੱਸਿਆ ਕਿ ਸਾਰੇ ਕੇਂਦਰਾਂ ਦੀ ਜਾਂਚ ਕਰ ਲਈ ਗਈ ਹੈ ਅਤੇ ਕਿਧਰੇ ਵੀ ਕੋਈ ਸਮੱਸਿਆ ਨਹੀਂ।ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਪ੍ਰੀਖਿਆ ਲਈ ਕੀਤੇ ਪ੍ਰਬੰਧਾਂ ਬਾਬਤ ਜਾਣੂ ਕਰਵਾ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਉਮੀਦਵਾਰਾਂ ਦੀ ਪ੍ਰੀਖਿਆ ਬਿਨਾਂ ਕਿਸੇ ਰੁਕਾਵਟ ਅਤੇ ਦਖਲਅੰਦਾਜ਼ੀ ਦੇ ਹੋਵੇਗੀ ਅਤੇ ਇਸ ਲਈ ਵਿਭਾਗ ਦੇ ਅਧਿਕਾਰੀ ਲਗਤਾਰ ਯਤਨਸ਼ੀਲ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …