ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਤਹਿਤ 51 ਪੰਚਾਇਤਾਂ ਦਾ ਸਨਮਾਨ
ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲੇ੍ਹ ਦੀਆਂ 51 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨਾਂ ਪਿੰਡਾਂ ਵਿੱਚ ਲੜਕੀਆਂ ਦੇ ਲਿੰਗ ਅਨੁਪਾਤ ਕਾਫੀ ਵਧੀਆ ਜਾਂ ਲਿੰਗ ਅਨੁਪਾਤ ਵਿੱਚ ਸੁਧਾਰ ਹੋਇਆ ਹੈ।ਸਮਾਰੋਹ ਵਿੱਚ ਜਿਲੇ੍ਹ ਦੀਆਂ 150 ਪੰਚਾਇਤਾਂ ਸ਼ਾਮਲ ਹੋਈਆਂ। ਇਨ੍ਹਾਂ ਪੰੰਚਾਇਤਾਂ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਵੱਲੋਂ ਸਨਮਾਨਤ ਵੀ ਕੀਤਾ ਗਿਆ।
ਮੈਡਮ ਕਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਵੱਧ ਤੋਂ ਵੱਧ ਸਿਖਿਆ ਹਾਸਲ ਕਰਕੇ ਇਕ ਸਵੱਸਥ ਅਤੇ ਪੜ੍ਹੇ ਲਿਖੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ।ਉਨ੍ਹਾਂ ਨੇ ਹਾਜਰ ਪੰਚਾਇਤਾਂ ਨੂੰ ਵਧੀਆ ਲਿੰਗ ਅਨੁਪਾਤ ਵਾਸਤੇ ਵਧਾਈ ਦਿੱਤੀ।ਮੈਡਮ ਕਾਲੀਆ ਨੇ ਕਿਹਾ ਕਿ ਇਸ ਨਾਲ ਸਮਾਜ ਵਿੱਚ ਸਵੱਸਥ ਬਦਲਾਅ ਆਵੇਗਾ। ਮੈਡਮ ਕਾਲੀਆ ਨੇ ਬਾਲ ਤੇ ਇਸਤਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਪੋਸ਼ਣ ਅਭਿਆਨ ਸਬੰਧੀ ਜਾਣਕਾਰੀ ਵੀ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਅੰਮਿ੍ਰਤਸਰ ਕਾਗਰਸ ਦੀ ਸ਼ਹਿਰੀ ਪ੍ਰਧਾਨ ਮੈਡਮ ਜਤਿੰਦਰ ਸੋਨੀਆ ਨੇ ਕਿਹਾ ਕਿ ਸਾਨੂੰ ਲੜਕੀਆਂ ਦੀ ਪੜ੍ਹਾਈ ਨੰੂ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਲੜਕੀ ਨੂੰ ਜਨਮ ਦੇਣ ਦਾ ਮੌਕਾ ਦੇਣਾ ਚਾਹੀਦਾ ਹੈ।
ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਵੱਲੋਂ ਸਖੀ ਵਨ ਸਟਾਫ ਸੈਂਟਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੈਂਟਰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਜਿਥੇ ਕਿਸੇ ਵੀ ਸਮੱਸਿਆ ਨਾਲ ਪੀੜਤ ਔਰਤਾਂ ਸੰਪਰਕ ਕਰਕੇ ਸਹਾਇਤਾ ਲੈ ਸਕਦੀਆਂ ਹਨ।ਲੱਗੀ ਪ੍ਰਦਰਸ਼ਨੀ ਵਿੱਚ ਭਰੂਣ ਹੱਤਿਆ ਬਾਰੇ ਲੋਕਾਂ ਨੂੰ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਸ੍ਰੀਮਤੀ ਕੁਲਦੀਪ ਕੌਰ ਸੀ:ਡੀ:ਪੀ:ਓ ਨੇ ਦੱਸਿਆ ਕਿ ਵਿਭਾਗ ਦੁਆਰਾ ਕੀਤੇ ਜਾ ਰਹੇ ਯਤਨਾਂ ਸਦਕਾ ਸਮਾਜ ਵਿੱਚ ਕਾਫੀ ਸਾਕਾਰਾਤਮਕ ਪ੍ਰਭਾਵ ਪੈਣਗੇ ਅਤੇ ਅੰਮ੍ਰਿਤਸਰ ਦਾ ਲਿੰਗ ਅਨੁਪਾਤ ਜੋ ਕਿ ਵਰਤਮਾਨ ਸਮੇਂ ਵਿੱਚ 889 ਹੈ, ਕਾਫੀ ਸੁਧਾਰ ਹੋਵੇਗਾ।ਵਿਭਾਗ ਵੱਲੋਂ ਲੋਕਾਂ ਨੂੰ ਭਰੂਣ ਹੱਤਿਆ ਵਰਗੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਪਿੰਡਾਂ ਵਿੱਚ 120 ਜਾਗਰੂਕਤਾ ਕੈਂਪ ਲਗਾਏ ਗਏ ਹਨ।ਸਕੂਲ ਦੀਆਂ ਲੜਕੀਆਂ ਵੱਲੋਂ ਗਿੱਧਾ ਪਾਇਆ ਗਿਆ।
ਇਸ ਮੌਕੇ ਸ੍ਰੀਮਤੀ ਪ੍ਰੀਤੀ ਸ਼ਰਮਾ, ਤਨੁਜਾ, ਅਮਨਦੀਪ ਕੌਰ, ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਕੌਰ, ਪੰਚਾਇਤ ਸਰਪੰਚ, ਪੰਚ ਅਤੇ ਮੈਂਬਰ ਵੀ ਸ਼ਾਮਲ ਹੋਏ।ਭਰੂਣ ਹੱਤਿਆ ਸਬੰਧੀ ਇਕ ਹਸਤਾਖਰ ਮੁਹਿੰਮ ਵੀ ਸ਼ੁਰੂ ਕੀਤੀ ਗਈ ਜਿਸ ‘ਤੇ ਸਕੂਲ ਵਿਦਿਆਰਥਣਾਂ ਵੱਲੋਂ ਹਸਤਾਖਰ ਕੀਤੇ ਗਏ।