ਕਰਜ਼ੇ ਲੈ-ਲੈ ਸੀ ਪਾਲ਼ੀ
ਬੱਚਿਆਂ ਵਾਂਗੂੰ ਫਸਲ ਸੰਭਾਲੀ
ਵੱਢ ਕੇ ਲੱਦ ਕੇ ਤੁਰ ਪਿਆ ਜਦ ਕੁਦਰਤ ਕਹਿਰ ਵਰ੍ਹਾਇਆ
ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ।
ਇੱਕ ਤਾਂ ਪਹਿਲਾਂ ਮੀਂਹ-ਝੱਖੜ ਨੇ ਕਣਕ ਹੀ ਲੰਮੇ ਪਾ ਤੀ
ਦੂਜਾ ਹੋਈ ਗੜ੍ਹੇਮਾਰੀ ਨੇ ਬਿਲਕੁੱਲ ਆਸ ਮੁਕਾ ਤੀ
ਗੇਟੋਂ ਮੋੜ ਕੇ ਅਫਸਰ ਕਹਿੰਦਾ ਨਮ੍ਹੀ ਨੂੰ ਨਹੀਂ ਸੁਕਾਇਆ
ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ।
ਇੱਕ ਨੇ ਦੱਸਿਆ ਸ਼ਿਖਰ ਦੁਪਿਹਰੇ ਡਿੱਗੀ ਕੋਈ ਚੰਗਿਆੜੀ
ਪੱਕੀ ਹੋਈ ਸੀ ਫਸਲ ਸੁਨਿਹਰੀ ਪਲ਼ ਵਿੱਚ ਉਸਨੇ ਸਾੜੀ
ਰਹਿੰਦ-ਖੂੰਹਦ ਜਿਹੀ ਸੀਨੇ ਲਾ ਕੇ ਦੁੱਖੜਾ ਉਸ ਸੁਣਾਇਆ
ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ।
ਫੈਲ਼ੀ ਹੋਈ ਕੋਰੋਨਾ ਬਿਮਾਰੀ ਕਰਕੇ ਔਖਾ ਪਾਸ ਬਣਾਇਆ
ਦੂਜੀ ਵਾਰ ਜਾ ਆੜਤੀਏ ਕੋਲੇ ਫਸਲ ਨੂੰ ਪਹੁੰਚਾਇਆ
ਭਾਰੀ ਮੀਂਹ ਵਿੱਚ ਰੁੜ੍ਹ ਗਈ ਸਾਰੀ ਨਾ ਬੋਰੇ ਨੂੰ ਹੱਥ ਪਾਇਆ
ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ।
ਨਾ ਢਾਂਚੇ ਨਾ ਕੁਦਰਤ ‘ਤੇ ਗਿਲ੍ਹਾ-ਸ਼ਿਕਵਾ ਕੋਈ ਭਾਈ
`ਰੰਗੀਲਪੁਰੇ` ਫਿਰ ਖੇਤੀ ਕੀਤੀ ਦੂਜੀ ਫਸਲ ਉਗਾਈ
ਐਵੇਂ ਨਹੀੰ ਸੰਸਾਰ ਨੇ ਤੇਰੇ ਅੱਗੇ ਸੀਸ ਝੁਕਾਇਆ
ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ।
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071