Saturday, September 21, 2024

ਖ਼ਾਲਸਾ ਕਾਲਜ ਦੇ ਰੈਗੂਲਰ ਹੋਏ ਪ੍ਰੋਫੈਸਰਾਂ ਵਲੋਂ ਮੈਨੇਜ਼ਮੈਂਟ ਦਾ ਧੰਨਵਾਦ

ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਜਦੋਂ ਕੋਵਿਡ-19 ਵਰਗੇ ਗੰਭੀਰ ਹਾਲਾਤਾਂ ’ਚ ਪੱਕੀ ਭਰਤੀ ਇਕ ਸੁਪਨਾ ਬਣ ਕੇ ਰਹਿ ਗਈ ਹੈ, ਦੌਰਾਨ ਇਤਿਹਾਸਕ ਖ਼ਾਲਸਾ ਕਾਲਜ ਦੇ 18 ਅਧਿਆਪਕ ਆਪਣੀਆਂ ਸੇਵਾਵਾਂ ਪੱਕੀਆਂ ਹੋਣ ’ਤੇ ਕਿਸਮਤ ਦੇ ਧਨੀ ਬਣ ਗਏ ਹਨ।ਇਹ ਅਧਿਆਪਕ ਡੀ.ਪੀ.ਆਈ. ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੇਵਾਵਾਂ ਨਿਭਾਅ ਰਹੇ ਹਨ, ਜਿੰਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ ਸੇਵਾ ’ਚੋਂ ਪੱਕਿਆ ਕੀਤਾ ਗਿਆ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਉਕਤ ਪ੍ਰੋਫੈਸਰਾਂ ਨੇ ਸ਼ਾਲ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰਕੇ ਧੰਨਵਾਦ ਕੀਤਾ।ਉਨ੍ਹਾਂ ਨੇ ਅੱਜ ਗਵਰਨਿੰਗ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੂਰੀ ਲਗਨ ਅਤੇ ਮਿਹਨਤ ਨਾਲ ਸੇਵਾਵਾਂ ਨਿਭਾਉਣਗੇ ਅਤੇ ਖ਼ਾਲਸਾ ਕਾਲਜ ਦੀ ਚੜ੍ਹਦੀ ਕਲਾ, ਵਿੱਦਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ’ਚ ਦਿਨ ਰਾਤ ਇਕ ਕਰਨਗੇ।
             ਛੀਨਾ ਨੇ ਰੈਗੂਲਰ ਸੇਵਾਵਾਂ ਨਿਭਾਉਣ ਲਈ ਸਰਕਾਰੀ ਮਤੇ ’ਚ ਸ਼ਾਮਿਲ ਕੀਤੇ ਗਏ ਪ੍ਰੋਫੈਸਰਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਲੰਮੀ ਜਦੋਂ-ਜਹਿਦ ਤੋਂ ਬਾਅਦ ਸੂਬਾ ਸਰਕਾਰ ਦੇ ਐਜ਼ੂਕੇਸ਼ਨ ਸਬੰਧੀ ਬਹੁਤ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ ਸੀ, ਜਿਸ ਮੁਤਾਬਿਕ ਹੀ ਉਨ੍ਹਾਂ ਦੀ ਭਰਤੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਿਆ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਮਿਆਰੀ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਅਧਿਆਪਕ ਜੋ ਬੱਚਿਆਂ ਦੇ ਗਿਆਨ, ਸਮਾਜ ’ਚ ਵਿਚਰਨ ਅਤੇ ਸੁਹਿਰਦ ਸਮਾਜ ਸਿਰਜਨ ਲਈ ਉਨ੍ਹਾਂ ਦਾ ਮਾਰਗ ਦਰਸ਼ਕ ਕਰਦੇ ਹਨ, ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਸ ਫ਼ੈਸਲੇ ਨਾਲ ਐਜ਼ੂਕੇਸ਼ਨ ਪ੍ਰਫ਼ੁਲਿੱਤ ਹੋਣ ਨਾਲ ਅਧਿਆਪਕਾਂ ਦੀ ਵਿੱਦਿਅਕ ਸੰਸਥਾਵਾਂ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
                ਛੀਨਾ ਨੇ ਕਿਹਾ ਕਿ ਉਕਤ ਪ੍ਰੋਫੈਸਰਾਂ ਨੂੰ ਸਰਕਾਰੀ ਨਿਯਮਾਂ ਮੁਤਾਬਕ 3 ਸਾਲ ਲਈ ਜੁਲਾਈ 2015 ’ਚ ਕਾਲਜ ’ਚ ਕੰਟਰੈਕਟ ਦੇ ਅਧਾਰ ’ਤੇ ਨਿਯੁੱਕਤ ਕੀਤਾ ਗਿਆ, ਜਿਨ੍ਹਾਂ ਦੇ ਜੁਲਾਈ-2018 ’ਚ 3 ਸਾਲ ਪੂਰੇ ਹੋ ’ਤੇ ਉਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਤਨਖਾਹਾਂ ’ਚ ਵਾਧਾ ਅਤੇ ਏਰੀਅਰ ਵੀ ਦਿੱਤੇ ਜਾ ਚੁੱਕੇ ਹਨ।
                 ਡਾ. ਮਹਿਲ ਸਿੰਘ ਨੇ ਉਕਤ ਪ੍ਰੋਫੈਸਰਾਂ ਦੇ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਕਾਲਜ ਦੇ 18 ਪ੍ਰੋਫੈਸਰਾਂ ਜਿਨ੍ਹਾਂ ’ਚ ਪੰਜਾਬੀ ਵਿਭਾਗ ਤੋਂ ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਐਗਰੀਕਲਚਰ ’ਚੋਂ ਪ੍ਰੋ: ਰਣਦੀਪ ਸਿੰਘ, ਡਾ. ਅਮਰਜੀਤ ਕੌਰ, ਕਾਮਰਸ ’ਚੋਂ ਡਾ. ਪੂਨਮ ਸ਼ਰਮਾ, ਕੈਮਿਸਟਰੀ ’ਚੋਂ ਡਾ. ਕੁਲਤਾਰ ਸਿੰਘ, ਡਾ. ਹਰਦੀਪ ਕੌਰ, ਫ਼ਿਜ਼ੀਕਸ ’ਚੋਂ ਡਾ. ਜੋਗਾ ਸਿੰਘ, ਡਾ. ਮੋਹਨ ਸਿੰਘ, ਡਾ. ਗੁਰਿੰਦਰਪਾਲ ਸਿੰਘ, ਇੰਗਲਿਸ਼ ’ਚੋਂ ਡਾ. ਮਮਤਾ ਮਹਿੰਦਰੂ, ਪ੍ਰੋ: ਦਲਜੀਤ ਸਿੰਘ, ਇਕਨਾਮਿਕਸ ’ਚੋਂ ਡਾ. ਸਿਊਜੀ ਭਾਟੀਆ, ਡਾ. ਸੁਪਰੀਤ ਕੌਰ, ਕੰਪਿਊਟਰ ’ਚੋਂ ਪ੍ਰੋ: ਪ੍ਰਭਜੋਤ ਕੌਰ, ਮੈਥੇ ਮੇਟਿਕਸ ’ਚੋਂ ਪ੍ਰੋ: ਨਵਯੋਧ ਸਿੰਘ, ਰਾਜਨੀਤੀ ’ਚੋਂ ਡਾ. ਗੁਰਵੇਲ ਸਿੰਘ ਮੱਲ੍ਹੀ ਅਤੇ ਜੂਆਲੋਜੀ ’ਚ ਡਾ. ਅਮਨਦੀਪ ਸਿੰਘ ਨੂੂੰ ਰੈਗੂਲਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਉਪਰੰਤ ਖ਼ਾਲਸਾ ਮੈਨੇਜ਼ਮੈਂਟ ਕਮੇਟੀ ਨੇ ਮਤਾ ਪਾਸ ਕਰਕੇ ਉਪਰੋਕਤ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ’ਤੇ ਰੈਗੂਲਰ ਸੇਵਾ ਨਿਭਾਉਣ ਅਧੀਨ ਸ਼ਾਮਲ ਕਰ ਲਿਆ ਹੈ।ਉਕਤ ਪ੍ਰੋਫੈਸਰਾਂ ਨੇ ਮੈਨੇਜ਼ਮੈਂਟ ਖਾਸਕਰ ਛੀਨਾ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …