ਖ਼ਾਲਸਾ ਕਾਲਜ ਐਜੂਕੇਸ਼ਨ ਤੇ ਖ਼ਾਲਸਾ ਕਾਲਜ ਵੂਮੈਨ ਦੇ ਪ੍ਰਿੰਸੀਪਲ ਸੌਂਪਿਆ ਚੈਕ
ਅੰਮ੍ਰਿਤਸਰ, 9 ਫਰਵਰੀ (ਖੁਰਮਣੀਆਂ) – ਕਾਬਿਲ ਅਤੇ ਜ਼ਰੂਰਤਮੰਦ ਵਿਦਿਆਰਥਣਾਂ ਦੀ ਪੜ੍ਹਾਈ ਪੱਖੋਂ ਸਹਾਇਤਾ ਲਈ ਅੱਜ ਇਥੇ ਖ਼ਾਲਸਾ ਗਲੋਬਲ ਰੀਚ ਫਾਊਂਡੇਸ਼ਨ ਵਲੋਂ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੂੰ ਕ੍ਰਮਵਾਰ 3 ਅਤੇ 6 ਲੱਖ ਦੀ ਰਕਮ ਦਾ ਚੈਕ ਭੇਟ ਕੀਤਾ ਗਿਆ।ਅਧਿਆਪਕਾਂ ਵਲੋਂ ਦਿੱਤੇ ਜਾਂਦੇ ਸਹਿਯੋਗ ਬਦਲੇ ਉਨ੍ਹਾਂ ਦੇ ਸਨਮਾਨ ਵਜੋਂ ਉਲੀਕੇ ਗਏ ਪ੍ਰੋਗਰਾਮ ‘ਬੈਸਟ ਟੀਚਰ ਐਵਾਰਡ ਆਫ਼ ਯੀਅਰ’ ਦੇ ਫੰਡ ਵਜੋਂ 2 ਲੱਖ ਦਾ ਚੈਕ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੂੰ ਸੌਂਪਿਆ ਗਿਆ।
ਲੰਗਰੁ ਚਲੈ ਗੁਰ ਸ਼ਬਦਿ ਸੰਸਥਾ (ਰਜ਼ਿ) ਚੀਚਾ ਅੰਮ੍ਰਿਤਸਰ ਦੇ ਪ੍ਰਧਾਨ-ਕਮ-ਚੇਅਰਮੈਨ ਅਤੇ ਫਾਊਂਡੇਸ਼ਨ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਯੂ.ਐਸ.ਏ ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ, ਕਾਰਜ ਸਿੰਘ, ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਦਾ ਇਹ ਮਕਸਦ ਸੀ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਯਤਨ ਕਰਨ।ਜਿਨ੍ਹਾਂ ਦੇ ਇਸੇ ਟੀਚੇ ਤਹਿਤ ਅੱਜ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੂੰ ਵਿਦਿਆਰਥੀਆਂ ਲਈ 3 ਲੱਖ ਤੋਂ ਇਲਾਵਾ ਇਸ ਟੀਚੇ ’ਚ ਆਪਣਾ ਸਹਿਯੋਗ ਦੇਣ ਵਾਲੇ ਮਿਹਨਤੀ ਅਧਿਆਪਕਾਂ ਨੂੰ ਉਤਸ਼ਾਹਿਤ ਵਜੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ‘ਬੈਸਟ ਟੀਚਰ ਐਵਾਰਡ ਆਫ਼ ਯੀਅਰ’ ਲਈ 2 ਲੱਖ ਦਾ ਚੈਕ ਭੇਟ ਕੀਤਾ ਗਿਆ ਹੈ।ਜਦਕਿ ਇਸੇ ਤਰ੍ਹਾਂ 6 ਲੱਖ ਦਾ ਚੈਕ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੂੰ ਦਿੱਤਾ ਗਿਆ।
ਡਾ. ਹਰਪ੍ਰੀਤ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਦੇਸ਼ ਦੀ ਉਨਤੀ ਤੇ ਤਰੱਕੀ ਅਤੇ ਵਿੱਦਿਅਕ ਅਦਾਰਿਆਂ ’ਚ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ, ਜਿਨ੍ਹਾਂ ਨੂੰ ਉਤਸ਼ਾਹਿਤ ਕਰਨ ਸੂਬੇ ਭਰ ਦੇ ਬੈਸਟ ਟੀਚਰਾਂ ਨੂੰ ਸਨਮਾਨਿਤ ਕਰਨ ਲਈ 2 ਲੱਖ ਦੀ ਰਾਸ਼ੀ ਫਾਊਂਡੇਸ਼ਨ ਦੁਆਰਾ ਅਲੱਗ ਤੋਂ ਦਿੱਤੀ ਗਈ ਹੈ।
ਇਸ ਮੌਕੇ ਉਕਤ ਕਾਲਜਾਂ ਦੇ ਸਟਾਫ਼ ਤੋਂ ਇਲਾਵਾ ਲੋੜਵੰਦ ਵਿਦਿਆਰਥਣਾਂ ਵੀ ਹਾਜ਼ਰ ਸਨ।