Friday, November 22, 2024

ਖਾਲਸਾ ਕਾਲਜ ਦੀ 118ਵੀਂ ਕਨਵੋਕੇਸ਼ਨ ਦੌਰਾਨ 1500 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਮਿਹਨਤ ਹੀ ਸਫਲਤਾ ਦੀ ਕੁੰਜ਼ੀ ਹੈ – ਪ੍ਰਧਾਨ ਮਜੀਠੀਆ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 118ਵੀਂ ਸਾਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ ਗ੍ਰੈਜ੍ਰਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੀਆਂ 49 ਵੱਖ-ਵੱਖ ਸ਼੍ਰੇਣੀਆਂ ਦੇ ਕਰੀਬ 1500 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।ਇਸ ਤੋਂ ਇਲਾਵਾ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਆਪਣੇ ਕਨਵੋਕੇਸ਼ਨ ਸੰਬੋਧਨ ’ਚ ਕਿਹਾ ਕਿ ਸਫ਼ਲਤਾ ਲਈ ਕੋਈ ਸ਼ਾਰਟ ਕੱਟ (ਸਰਲ ਰਸਤਾ) ਨਹੀਂ ਹੈ ਅਤੇ ਸਿਰਫ ਸਖ਼ਤ ਮਿਹਨਤ ਹੀ ਜੀਵਨ ’ਚ ਸਫਲਤਾ ਦੀ ਕੁੰਜ਼ੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਇਸ ਗੱੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਅਧਿਆਪਕ ਉਨ੍ਹਾਂ ਦੇ ਜੀਵਨ ’ਚ ਮਾਰਗਦਰਸ਼ਕ ਵਜੋਂ ਮਹੱੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਨੇ ਡਿਗਰੀ ਹਾਸਲ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ‘ਅਧਿਆਪਕਾਂ ਦਾ ਕੰਮ ਸਿਰਫ਼ ਕਲਾਸਾਂ ’ਚ ਪੜ੍ਹਾਉਣਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ‘ਚ ਨੈਤਿਕਤਾ ਨੂੰ ਵੀ ਵਧਾਉਣਾ ਵੀ ਹੈ।ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਵਿਦਿਆਰਥੀਆਂ ਨੂੰ ਜੀਵਨ ’ਚ ਉਚ ਟੀਚੇ ਰੱਖਣ ਅਤੇ ਉਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਰ ਕਰਨ, ਜੋਖਮ ਉਠਾਉਣ, ਅਸਫਲਤਾਵਾਂ ਤੋਂ ਸਿੱਖਣ, ਦੂਰਅੰਦੇਸ਼ੀ ਸੋਚ ਧਾਰਨ ਕਰਨ ਅਤੇ ਜ਼ਿੰਦਗੀ ’ਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਸਲਾਹ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਉਨਾਂ ਨੇ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕਾਲਜ ਨੂੰ ਨੈਕ ਅਤੇ ਆਈ.ਸੀ.ਏ.ਆਰ ਦੁਆਰਾ ਬੀ.ਐਸ.ਸੀ ਖੇਤੀਬਾੜੀ ਦੀ ਡਿਗਰੀ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਫਲਤਾ ਦੇ ਫਲ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਨਿਰੰਤਰ ਯਤਨ ਜ਼ਰੂਰੀ ਹਨ।ਉਨ੍ਹਾਂ ਨੇ ਅਕਾਦਮਿਕ ਅਤੇ ਪਲੇਸਮੈਂਟ ’ਚ ਕਾਲਜ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਤਮਿੰਦਰ ਸਿੰਘ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਪ੍ਰਧਾਨ ਮਜੀਠੀਆ ਤੇ ਆਨ. ਸੈਕਟਰੀ ਛੀਨਾ ਅਤੇ ਡਾ. ਮਹਿਲ ਸਿੰਘ ਨਾਲ ਮਿਲ ਕੇ ਐਮ.ਐਸ.ਸੀ (ਭੌਤਿਕ ਵਿਗਿਆਨ, ਗਣਿਤ ਅਤੇ ਕੰਪਿਊਟਰ ਵਿਗਿਆਨ, ਫੈਸ਼ਨ ਡਿਜ਼ਾਈਨਿੰਗ, ਕੈਮਿਸਟਰੀ, ਐਗਰੀਕਲਚਰ, ਬੋਟਨੀ, ਜ਼ੁਅਲੋਜੀ, ਬਾਇਓਟੈਕ, ਫੂਡ ਸਾਇੰਸ, (ਐਚ) ਕੈਮਿਸਟਰੀ (ਐਚ), ਫਿਜ਼ਿਕਸ, ਐਮ.ਏ (ਰਾਜਨੀਤਿਕ ਵਿਗਿਆਨ), ਪੰਜਾਬੀ, ਅੰਗਰੇਜ਼ੀ, ਅਰਥ ਸ਼ਾਸਤਰ, ਫ਼ਾਇਨ ਆਰਟਸ, ਇਤਿਹਾਸ, ਸੰਗੀਤ, ਐਮ.ਏ. ਜੇ.ਐੱਮ.ਸੀ, ਹਿੰਦੀ ਅਤੇ ਐਮ.ਕਾਮ ਵਰਗੇ ਸਟਰੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਗ੍ਰੈਜੂਏਟਾਂ ’ਚੋਂ ਬੀ.ਐਸ.ਸੀ (ਮੈਡੀਕਲ, ਨਾਨ-ਮੈਡੀਕਲ, ਇਕਨਾਮਿਕਸ, ਆਈ.ਟੀ, ਕੰਪਿਊਟਰ ਸਾਇੰਸ) ਬਾਇਓਟੈਕਨਾਲੋਜੀ, ਫੈਸ਼ਨ ਡਿਜ਼ਾਈਨਿੰਗ, (ਐਚ) ਕੈਮਿਸਟਰੀ, (ਐਚ) ਭੌਤਿਕ ਵਿਗਿਆਨ, (ਐਚ) ਗਣਿਤ, ਬੀ.ਬੀ.ਏ, ਬੀ.ਕਾਮ (ਆਨਰਜ਼), ਬੀ.ਸੀ.ਏ ਬੀ.ਜੇ.ਐਮ.ਸੀ.ਬੀ.ਪੀ.ਟੀ ਅਤੇ ਬੀ.ਏ ਸੋਸਲ ਸਾਇੰਸ, ਬੀ.ਏ ਅੰਗਰੇਜ਼ੀ, ਬੀ.ਏ, ਬੀ.ਵਾਕ ਸੌਫਟਵੇਅਰ ਡਿਵੈਲਪਮੈਂਟ, ਬੀ.ਵਾਕ ਟੈਕਸਟਾਈਲ ਡਿਜ਼ਾਈਨਿੰਗ, ਬੀ.ਵਾਕ ਥੀਏਟਰ, ਬੀ.ਵਾਕ ਫ਼ੂਡ ਪ੍ਰੋਸੈਸਿੰਗ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਗਿੱਲ ਅਤੇ ਸਮੂਹ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ, ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਫੈਕਲਟੀ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …