Friday, October 18, 2024

ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਲਹਿਰਾਇਆ ਝੰਡਾ

PPN1608201511

ਹੁਸ਼ਿਆਰਪੁਰ, 16 ਅਗਸਤ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਨਵੀਂ ਸਨਅੱਤੀ ਨੀਤੀ ਦੇ ਤਹਿਤ ਰਾਜ ਵਿੱਚ ਨਵੇਂ ਉਦਯੋਗ ਲਗਾਉਣ ਲਈ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਸਿੰਗਲ ਰੂਮ ਸਰਵਿਸਜ਼ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਤਹਿਤ ਉਦਯੋਗ ਲਗਾਉਣ ਲਈ ਸਾਰੇ ਵਿਭਾਗਾਂ ਤੋਂ ਐਨ.ਓ.ਸੀ. ਲੈਣ ਵਾਸਤੇ ਇੱਕ ਅਧਿਕਾਰੀ ਨੂੰ ਸਾਰੀਆਂ ਪਾਵਰਾਂ ਦੇ ਕੇ ਸਰਟੀਫਿਕੇਟ ਲੈਣ ਨੂੰ ਸੁਖਾਲਾ ਬਣਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਮਦਨ ਮੋਹਨ ਮਿੱਤਲ ਉਦਯੋਗ ਤੇ ਕਮਰਸ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਨੇ ਪੁਲਿਸ ਗਰਾਉਂਡ ਵਿਖੇ 69ਵੇਂ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਐਸ ਐਸ ਪੀ ਧਨਪ੍ਰੀਤ ਕੌਰ ਉਨ੍ਹਾਂ ਦੇ ਨਾਲ ਸਨ। ਆਜਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਮੁੱਖ ਮਹਿਮਾਨ ਸ੍ਰੀ ਮਦਨ ਮੋਹਨ ਮਿੱਤਲ ਨੇ ਆਜ਼ਾਦੀ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਜੰਗੇ ਆਜ਼ਾਦੀ ਵਿੱਚ ਸ਼ਹੀਦ ਹੋਣ ਵਾਲੇ ਯੋਧਿਆਂ ਵਿੱਚ 80 ਫੀਸਦੀ ਤੋਂ ਵੱਧ ਪੰਜਾਬੀ ਹੀ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਨ੍ਹਾਂ ਗੱਦਰੀ ਬਾਬਿਆਂ ਨੂੰ ਕੌਣ ਭੁਲਾ ਸਕਦਾ ਹੈ ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਆਜ਼ਾਦੀ ਸੰਗਰਾਮ ਨੂੰ ਲਾਮਬੰਧ ਕਰਕੇ ਅੰਗਰੇਜ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੀਨਾਨਗਰ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ। ਲੋਕਤੰਤਰ ਨੂੰ ਮਜ਼ਬੂਤ ਰੱਖਣ ਲਈ ਵਿਚਾਰ-ਵਟਾਂਦਰਾ ਕਰਕੇ ਦੇਸ਼ ਦੀ ਉਨਤੀ ਵੱਲ ਕਦਮ ਚੁਕਣੇ ਚਾਹੀਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਹਰ ਤਰ੍ਹਾਂ ਦੀਆਂ ਸੇਵਾਵਾਂ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿਜ਼ਨ ਮੇਕ ਇਨ ਇੰਡੀਆ ਦੇ ਤਹਿਤ ਛੋਟੇ ਅਤੇ ਵੱਡੇ ਸਕੇਲ ਤੇ ਉਦਯੋਗ ਲਗਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਉਦਯੋਗ ਰਾਹੀਂ ਰੋਜ਼ਗਾਰ ਮਿਲ ਰਿਹਾ ਹੈ। ਤਕਨੀਕੀ ਸਿੱਖਿਆ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਗਏ ਹਨ। ਹਰ ਸਾਲ 50000 ਤੋਂ ਜ਼ਿਆਦਾ ਵਿਦਿਆਰਥੀ ਤਕਨੀਕੀ ਸਿੱਖਿਆ ਲੈ ਕੇ ਦੇਸ਼ ਦੀ ਉਨਤੀ ਵਿੱਚ ਯੋਗਦਾਨ ਪਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਸਵੈਰੋਜ਼ਗਾਰ ਅਤੇ ਕੁਝ ਸਿਖਿਆਰਥੀ ਉਚ ਪੱਧਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋ ਰਹੇ ਹਨ। ਲੋਕਾਂ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਦਾ ਲੋਕਾਂ ਨੂੰ ਪੂਰਾ ਲਾਭ ਮਿਲਿਆ ਹੈ। ਆਜ਼ਾਦੀ ਦਿਵਸ ਦੇ ਮੌਕੇ ਤੇ ਪੀ.ਆਰ.ਟੀ.ਸੀ. ਜਹਾਨਖੇਲਾਂ, ਬੀ.ਐਸ.ਐਫ. ਖੜ੍ਹਕਾਂ, ਪੰਜਾਬ ਪੁਲਿਸ, ਮਹਿਲਾ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. ਕੈਡਿਟ 12 ਪੰਜਾਬ ਬਟਾਲੀਅਨ, ਗਰਲਜ਼ ਗਾਈਡਜ਼, ਸਕਾਊਟਸ ਅਤੇ ਬੈਂਡ ਦੀਆਂ ਟੁਕੜੀਆਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਮਿੱਤਲ ਨੇ ਸਲਾਮੀ ਲਈ । ਸਮੂਚੀ ਪ੍ਰੇਡ ਦੀ ਅਗਵਾਈ ਡੀ ਐਸ ਪੀ ਕਰਨਵੀਰ ਸਿੰਘ ਨੇ ਕੀਤੀ। ਇਸ ਤੋਂ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਸ ਪੀ ਟੀ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਮਿੱਤਲ ਵੱਲੋਂ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਰੈਡ ਕਰਾਸ ਵੱਲੋਂ ਲੋੜਵੰਦਾਂ ਨੂੰ 14 ਟਰਾਈ-ਸਾਈਕਲ ਅਤੇ 2 ਵੀਲ੍ਹ ਚੇਅਰਾਂ ਦਿੱਤੀਆਂ ਗਈਆਂ। ਇਸ ਦੌਰਾਨ ਸ੍ਰੀ ਮਿੱਤਲ ਵੱਲੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸਾਂਝ ਕੇਂਦਰ ਹੁਸ਼ਿਆਰਪੁਰ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੀ ਜੰਗਲਾਤ ਵਿਭਾਗ ਦੀ ਝਾਕੀ ਨੂੰ ਇਨਾਮ ਵੰਡੇ ਗਏ। ਮਾਰਚ ਪਾਸਟ ਵਿੱਚ ਬੀ.ਐਸ.ਐਫ. ਖੜਕਾਂ ਨੇ ਪਹਿਲਾ ਤੇ ਪੀ ਆਰ ਟੀ ਸੀ ਜਹਾਨਖੇਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਟਾਇਨੀ ਟੌਟਜ਼ ਕਿੰਡਰ ਗਾਰਡਨ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੌਰਾਨ ਜੇ ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਦੇਸ਼ ਭਗਤੀ ਦੇ ਗੀਤ ‘ਕ੍ਰਾਂਤੀ ‘ ਦੀ ਵੀ ਸਾਰਿਆਂ ਨੇ ਪ੍ਰਸੰਸਾ ਕੀਤੀ। ਸਮਾਗਮ ਦੌਰਾਨ ਸਕੂਲਾਂ ਦੇ ਬੱਚਿਆਂ ਦੁਆਰਾ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਵਿਧਾਇਕ ਹਲਕਾ ਗੜ੍ਹਸੰਕਰ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਸੁਨੀਲ ਕੁਮਾਰ ਅਰੋੜਾ, ਮੇਅਰ ਨਗਰ ਨਿਗਮ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਵਧੀਕ ਡਿਪਟੀ ਕਮਿਸ਼ਨਰ (ਜ)ਰਾਹੁਲ ਚਾਬਾ, , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਡੀ ਐਮ ਅਨੰਦ ਸਾਗਰ ਸ਼ਰਮਾ, ਤਹਿਸੀਲਦਾਰ ਬਲਜਿੰਦਰ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ (ਇਸਤਰੀ ਵਿੰਗ) ਸੁਖਦੇਵ ਕੌਰ ਸੱਲ੍ਹਾ, ਸਾਬਕਾ ਐਮ ਪੀ ਕਮਲ ਚੌਧਰੀ, ਭਾਜਪਾ ਆਗੂ ਜਗਤਾਰ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਐਸ ਜੀ ਪੀ ਸੀ ਮੈਂਬਰ ਤਾਰਾ ਸਿੰਘ ਸੱਲ੍ਹਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜਦੀਵਾਲਾ, ਲਵਵਿੰਦਰ ਸਿੰਘ ਲੱਖੀ, ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਵਾਹਰ ਲਾਲ ਖੁਰਾਨਾ, ਉਪ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਅਤੇ ਹੋਰ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply