Tuesday, May 14, 2024

ਤਰਕਸ਼ੀਲਾਂ ਵਲੋਂ ਬਰੇਨ ਐਕਟੀਵੇਸ਼ਨ ਅਕੈਡਮੀ ਨੂੰ ਪੰਜ ਲੱਖ ਦਾ ਇਨਾਮ ਜਿੱਤਣ ਦੀ ਚੁਣੌਤੀ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ ਅੰਮਿ੍ਰਤਸਰ ਇਕਾਈ ਦੀ ਇਕ ਮੀਟਿੰਗ ਕੰਪਨੀ ਬਾਗ ਵਿਖੇ ਤਰਕਸ਼ੀਲ ਆਗੂ ਐਡਵੋਕੇਟ ਅਮਰਜੀਤ ਬਾਈ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਛੇਹਰਟਾ ਕਸਬੇ ਦੀ ਕ੍ਰਿਏਟਿਵ ਬਰੇਨ ਐਕਟੀਵੇਸ਼ਨ ਅਕੈਡਮੀ ਨਾਮਕ ਸੰਸਥਾ ਵਲੋਂ 5 ਤੋਂ 20 ਸਾਲ ਦੇ ਬੱਚਿਆਂ ਦੀ ਦਿਮਾਗੀ ਯਾਦ ਸ਼ਕਤੀ ਵਧਾਉਣ ਅਤੇ ਉਨਾਂ ਵਲੋਂ ਅੱਖਾਂ `ਤੇ ਪੱਟੀ ਬੰਨ ਕੇ ਸੁੰਘਣ ਸ਼ਕਤੀ ਰਾਹੀਂ ਪੜਣ ਤੇ ਰੰਗ ਬੁੱਝਣ ਦੇ ਕੀਤੇ ਜਾ ਰਹੇ ਝੂਠੇ ਅਤੇ ਅੰਧ ਵਿਸ਼ਵਾਸੀ ਦਾਅਵੇ ਨੂੰ ਧੋਖਾ ਕਰਾਰ ਦਿੰਦਿਆਂ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਦਿੱਤੀ ਗਈ।
ਇਸ ਮੌਕੇ ਸੁਸਾਇਟੀ ਦੇ ਆਗੂਆਂ ਸੁਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ, ਸੁਖਮੀਤ ਸਿੰਘ ਅਤੇ ਕਾਮਰੇਡ ਅਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਰੇਨ ਪੀਡੀਆ ਅਤੇ ਬਰੇਨ ਐਕਟੀਵੇਸ਼ਨ ਨਾਂ ਦੀਆਂ ਸੰਸਥਾਵਾਂ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਭਰਮ ਭੁਲੇਖੇ ਅਤੇ ਅੰਧ ਵਿਸ਼ਵਾਸ ਵਿਚ ਪਾ ਕੇ ਲੁੱਟ ਰਹੀਆਂ ਹਨ ਕਿ ਅਜਿਹੀਆਂ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਕਰਨ ਮਗਰੋਂ ਕਮਜ਼ੋਰ ਤੇ ਮੰਦਬੁੱਧੀ ਦਿਮਾਗ ਵਾਲੇ ਬੱਚਿਆਂ ਅਤੇ ਵਿਦਿਆਰਥੀਆਂ ਦੀ ਯਾਦ ਸ਼ਕਤੀ ਦੋਗੁਣੀ ਹੋ ਜਾਂਦੀ ਹੈ ਅਤੇ ਉਹ ਅੱਖਾਂ ਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਣ ਅਤੇ ਕਿਸੇ ਚੀਜ਼ ਦਾ ਰੰਗ ਦੱਸਣ ਦੇ ਸਮਰਥ ਹੋ ਜਾਂਦੇ ਹਨ ਪਰ ਅਜਿਹੇ ਬੇਸਿਰੇ ਦਾਅਵਿਆਂ ਪਿੱਛੇ ਕੋਈ ਵਿਗਿਆਨਕ ਸਚਾਈ ਨਹੀਂ ਹੈ।
ਤਰਕਸ਼ੀਲ ਆਗੂਆਂ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਬਰੇਨ ਪੀਡੀਆ ਸੰਸਥਾ ਦੇ ਅਜਿਹੇ ਝੂਠੇ ਅਤੇ ਗੈਰ ਵਿਗਿਆਨਕ ਦਾਅਵਿਆਂ ਦਾ ਵੱਡੇ ਇਕੱਠੇ ਵਿਚ ਪਰਦਾਫਾਸ਼ ਕੀਤਾ ਗਿਆ ਸੀ ਅਤੇ ਇਸ ਸੰਸਥਾ ਵਲੋਂ 500000/- ਰੁਪਏ ਦਾ ਇਨਾਮ ਜਿੱਤਣ ਦੇ ਇਵਜ਼ ਵਿਚ ਜਮਾਂ ਕਰਾਈ 10000/- ਰੁਪਏ ਦੀ ਜ਼ਮਾਨਤ ਦੀ ਰਕਮ ਵੀ ਜ਼ਬਤ ਹੋ ਗਈ ਸੀ।ਇਸ ਤੋਂ ਇਲਾਵਾ ਪਿਛਲੇ ਮਹੀਨੇ ਤਰਨ ਤਾਰਨ ਦੀ ਬਰੇਨ ਐਕਟੀਵੇਸ਼ਨ ਅਕੈਡਮੀ ਦੇ ਸੰਚਾਲਕ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਆਪਣੇ ਸਿਖਲਾਈ ਪ੍ਰਾਪਤ ਬੱਚਿਆਂ ਦੀ ਆਲੌਕਿਕ ਦਿਮਾਗੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਚੁਣੌਤੀ ਕਬੂਲ ਕਰਨ ਤੋਂ ਭੱਜ ਗਏ ਸਨ।ਉਨਾਂ ਜ਼ਿਲਾ ਪ੍ਰਸ਼ਾਸਨ ਤੋਂ ਅਜਿਹੀਆਂ ਸੰਸਥਾਵਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ।
ਤਰਕਸ਼ੀਲ ਆਗੂਆਂ ਸੁਮੀਤ ਸਿੰਘ ਅਤੇ ਅਮਰਜੀਤ ਬਾਈ ਨੇ ਛੇਹਰਟਾ ਸਥਿਤ ਇਸ ਸੰਸਥਾ ਦੇ ਸੰਚਾਲਕਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੀ ਸੰਸਥਾ ਦੇ ਸਿਖਲਾਈ ਪ੍ਰਾਪਤ ਬੱਚਿਆਂ ਤੋਂ ਤਰਕਸ਼ੀਲ ਸੁਸਾਇਟੀ ਦੀਆਂ ਸ਼ਰਤਾਂ ਤਹਿਤ ਧੋਖਾ ਰਹਿਤ ਹਾਲਾਤਾਂ ਵਿਚ ਅੱਖਾਂ ਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਣ ਅਤੇ ਕਿਸੇ ਚੀਜ਼ ਦਾ ਰੰਗ ਦੱਸਣ ਦੀ ਦਿਮਾਗੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਵਿਖਾਉਣ ਤਾ ਉਨਾਂ ਨੂੰ ਸੁਸਾਇਟੀ ਵਲੋਂ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਚੁਣੋਤੀ ਨਾ ਕਬੂਲਣ ਦੀ ਸੂਰਤ ਵਿਚ ਜਨਤਾ ਦੀ ਕਚਹਿਰੀ ਵਿਚ ਅਜਿਹੇ ਪਾਖੰਡ, ਲੁੱਟ ਅਤੇ ਅੰਧ ਵਿਸ਼ਵਾਸ ਦਾ ਪਰਦਾਫਾਸ਼ ਕੀਤਾ ਜਾਵੇਗਾ।
ਤਰਕਸ਼ੀਲ ਆਗੂਆਂ ਪੰਜਾਬ ਦੇ ਸਮੂਹ ਮਾਪਿਆਂ ਅਤੇ ਬੱਚਿਆਂ ਨੂੰ ਅਜਿਹੀਆਂ ਸੰਸਥਾਵਾਂ ਦੇ ਅੰਧ-ਵਿਸ਼ਵਾਸੀ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਝਾਂਸੇ ਵਿਚ ਨਾ ਆਉਣ ਅਤੇ ਵਿਗਿਆਨਕ ਸੋਚ ਅਪਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤਰਕਸ਼ੀਲ ਆਗੂ ਜਸਪਾਲ ਬਾਸਰਕਾ, ਵਰਿੰਦਰ ਕੌਰ, ਧਰਵਿੰਦਰ ਕੋਹਾਲੀ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਮੇਜਰ ਸਿੰਘ, ਸ਼ਮਸ਼ੇਰ ਸਿੰਘ, ਰਮੇਸ਼ ਚੰਦਰ, ਕਰਨ ਰਾਜ ਸਿੰਘ, ਨਾਗਰ ਮੱਲ, ਡਾ. ਬਲਦੇਵ ਸਿੰਘ, ਹਰਜਿੰਦਰ ਬੱਲ, ਮਨਜੀਤ ਬਾਸਰਕੇ ਅਤੇ ਬੀ.ਐਮ ਸਿੰਘ ਆਦਿ ਮੈਂਬਰ ਹਾਜ਼ਰ ਹੋਏ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply