ਅੰਮਿ੍ਤਸਰ, 11 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪਵਿੱਤਰ ਨਗਰ ਤਰਨ ਤਾਰਨ ਦੇ ਗੁਰੂ ਅਰਜਨ ਦੇਵ ਸਿੰਥੈਟਿਕ ਐਥਲੈਟਿਕਸ ਟ੍ਰੈਕ ਵਿਖੇ 14 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਕਰਵਾਈ ਜਾ ਰਹੀ 2 ਦਿਨਾਂ ਰਾਸ਼ਟਰ ਪੱਧਰੀ ਨਾਰਥ ਜੋਨ ਐਥਲੈਟਿਕਸ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਐਥਲੈਟਿਕਸ ਐਸੋਸੀਏਸ਼ਨ ਦੇ ਸੂਬਾ ਤੇ ਜ਼ਿਲ੍ਹਾ ਇਕਾਈ ਅਹੁੱਦੇਦਾਰਾਂ ਤੇ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਕੀਤੀ ਗਈ।ਜਿਸ ਦੌਰਾਨ ਐਸੋਸੀਏਸ਼ਨ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
ਐਸੋਸੀਏਸ਼ਨ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਮਨਜੀਤ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਨਾਰਥ ਜੋਨ ਐਥਲੈਟਿਕਸ ਚੈਂਪੀਅਨਸ਼ਿਪ 2017 ਦੀਆਂ ਤਿਆਰੀਆਂ ਤੇ ਮੁਕੰਮਲ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਵਿਚਾਰ-ਵਿਟਾਂਦਰਾਂ ਕਰਦਿਆਂ ਕਿਹਾ ਕਿ ਸਾਨੂੰ ਇਸ ਖੇਡ ਪ੍ਰਤੀਯੋਗਤਾ ਦੇ ਹਰ ਪੱਖ ਤੇ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਸਮੀਖਿਆ ਕਰਨੀ ਹੋਵੇਗੀ।ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਯੂ.ਪੀ, ਉਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਹਰਿਆਣਾ ਤੋਂ ਆਉਣ ਵਾਲੇ ਖਿਡਾਰੀਆਂ ਦੀ ਰਿਹਾਇਸ਼ ਤੇ ਉਨ੍ਹਾਂ ਦੀ ਜਾਨ ਮਾਲ ਦੀ ਰੱਖਵਾਲੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਦੋਂ ਕਿ ਸਰਕਾਰੀ ਤੇ ਗੈਰ ਸਰਕਾਰੀ ਪੁਲਿਸ/ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ, ਸਮਾਜ-ਸੇਵੀ ਸੰਸਥਾਵਾਂ, ਖੇਡ ਕਲੱਬਾਂ ਆਦਿ ਤੋਂ ਵੀ ਹਰ ਸੰਭਵ ਸਹਿਯੋਗ ਲਿਆ ਜਾ ਰਿਹਾ ਹੈ।ਜਦੋਂ ਕਿ ਯੋਗ ਤੇ ਮਾਨਤਾ ਪ੍ਰਾਪਤ ਕੋਚਾਂ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ।
ਇਸ ਪ੍ਰਤੀਯੋਗਤਾ ਲੈ ਕੇ 9 ਰਾਜਾਂ ਦੇ ਖਿਡਾਰੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਰੇਲਵੇ ਸਪੋਰਟਸ ਸੈਕਟਰੀ ਕਪਤਾਨ ਸਿੰਘ ਕਾਹਲੋਂ, ਕੋਚ ਗੁਰਿੰਦਰ ਸਿੰਘ ਮੱਟੂ, ਜਸਪਾਲ ਸਿੰਘ ਮੱਲ੍ਹੀ ਰੇਲਵੇ, ਜੀ.ਐਸ. ਸੰਧੂ, ਜਸਲੀਨ ਸਿੰਘ ਸਖੀਰਾ, ਗੁਰਸ਼ਰਨ ਸਿੰਘ ਸੰਧੂ, ਰਣਜੀਤ ਸਿੰਘ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …