ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ‘ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਆਦਤਾਂ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿਖੇ ਕੀਤਾ ਗਿਆ।ਇਹ ਭਾਸ਼ਣ ਲੈਫਟੀਨੈਂਟ ਜਨਰਲ ਕੇ.ਜੇ ਸਿੰਘ, ਪੀ.ਵੀ.ਐਸ.ਐਮ, ਬੀ.ਏ.ਆਰ ਟੂ ਏ.ਵੀ.ਐਸ.ਐਮ (ਰੀਟਾਇਰਡ) ਨੇ ਦਿੱਤਾ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਲੀਡਰਸ਼ਿਪ ਨਿਰਮਾਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਵੱਡੀ ਗਿਣਤੀ ਵਿਚ ਖੋਜਾਰਥੀ, ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਭਾਸ਼ਣ ਦੀ ਪ੍ਰਧਾਨਗੀ ਕੀਤੀ।ਪ੍ਰੋ. ਐਸ.ਐਸ ਬਹਿਲ, ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਮਹਿਮਾਨ ਸਪੀਕਰ ਬਾਰੇ ਜਾਣ-ਪਛਾਣ ਵੀ ਕਰਾਈ।
ਗਿਆਨਾਤਮਕ ਦਿਸ਼ਾਵਾਂ, ਮਨੁੱਖੀ ਸੁਭਾਅ, ਲੀਡਰਸ਼ਿਪ ਦੇ ਨੁਕਤੇ ਅਤੇ ਜੀਵਨ ਦੇ ਤਜ਼ਰਬਿਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਲੈਫਟੀਨੈਂਟ ਜਨਰਲ ਕੇ.ਜੇ. ਸਿੰਘ ਨੇ ਕਿਹਾ ਕਿ ਜ਼ਿੰਦਗੀ ਇਕ ਮਿਸ਼ਨ ਹੈ ਨਾ ਕਿ ਕੈਰੀਅਰ।ਉਨ੍ਹਾਂ ਕਿਹਾ ਕਿ ਸਫਲ ਜ਼ਿੰਦਗੀ ਲਈ ਇਕ ਮੰਤਰ ਯਾਦ ਰੱਖਣਾ ਚਾਹੀਦਾ ਹੈ ਕਿ “ਟੀਚਿਆਂ ਦੀ ਪ੍ਰਾਪਤੀ ਲਈ ਉਹ ਕਾਰਜ ਕਰੋ ਜੋ ਪਹਿਲਾਂ ਨਾ ਕੀਤੇ ਹੋਣ”।ਉਨ੍ਹਾਂ ਕਿਹਾ ਕਿ ਪਹਿਲਾਂ ਹਮੇਸ਼ਾ ਆਪਣਾ ਨਿਸ਼ਾਨਾ ਮਿੱਥੋ ਅਤੇ ਉਸ ਦੀ ਪ੍ਰਾਪਤੀ ਲਈ ਪੂਰਾ ਤਾਣ ਲਾਓ। ਜ਼ਿੰਦਗੀ ਵਿਚ ਕੁੱਝ ਪਾਉਣ ਲਈ ਕੁੱਝ ਦਾ ਤਿਆਗ ਵੀ ਜ਼ਰੂਰੀ ਹੁੰਦਾ ਹੈ ਤਾਂ ਹੀ ਅਸਲ ਪ੍ਰਾਪਤੀ ਦਾ ਆਨੰਦ ਮਾਣਿਆ ਜਾ ਸਕਦਾ ਹੈ।ਉਨਾਂ੍ਹ ਕਿਹਾ ਕਿ ਕਿਸੇ ਦੇ ਪਦ ਚਿੰਨ੍ਹਾਂ ‘ਤੇ ਚੱਲਣ ਦੇ ਨਾਲ ਨਾਲ ਸਾਨੂੰ ਆਪਣੇ ਵਿਲੱਖਣ ਪਦ ਚਿਨ੍ਹ ਵੀ ਤਿਆਰ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਪ੍ਰੇਰਣਾ ਲਈ ਸਾਨੂੰ ਸਾਡੇ ਵਡ ਵਡੇਰਿਆਂ ਦੀ ਸਿਖਿਆਵਾਂ ਅਤੇ ਅਨੁਭਵਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ।
ਅਨੁਸ਼ਾਸਨਬੱਧ ਜ਼ਿੰਦਗੀ ਬਾਰੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਅਨੁਸ਼ਾਸਨ ਵਿਚ ਰਹਿਣ ਵਾਲੇ ਹੀ ਸੱਚੀ ਅਜ਼ਾਦੀ ਮਾਣ ਸਕਦੇ ਹਨ।ਅਨੁਸ਼ਾਸਨਹੀਣ ਲੋਕ ਆਪਣੀ ਮਨੋਦਸ਼ਾ, ਭੁੱਖ ਅਤੇ ਜਨੂਨ ਦੇ ਗੁਲਾਮ ਹੁੰਦੇ ਹਨ।ਉਨਾਂ੍ਹ ਕਿਹਾ ਕਿ ਉਹ ਵਿਅਕਤੀ ਜੋ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਦੇ ਹਨ ਉਹ ਹੀ ਜ਼ਿੰਦਗੀ ਦੀ ਸਹੀ ਅਜਾਦੀ ਦਾ ਨਿੱਘ ਮਾਣਦੇ ਹਨ।
ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਵਿਸ਼ਵ ਦਾ ਕੋਈ ਵੀ ਮਹੱਤਵਪੂਰਨ ਕਾਰਜ ਕਿਤੇ ਵੀ ਹੋਵੇਗੀ ਪਰ ਉਸ ਦੀ ਸ਼ੁਰੂਆਤ ਘਰ ਦੀ ਚਾਰਦੀਵਾਰੀ ਹੁੰਦੀ ਹੈ।ਇਸ ਲਈ ਘਰ ਦਾ ਮਾਹੌਲ ਸੁਖਾਵਾਂ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਿੱਜੀ ਜ਼ਿੰਦਗੀ ਨੂੰ ਵੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।ਉਨਾਂ੍ਹ ਕਿਹਾ ਕਿ ਕੋਈ ਵੀ ਚੰਗਾ ਮਾੜਾ ਕਾਰਜ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪੇ ਨਾਲ ਅੰਤਹਕਰਣ ਦੀ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਅੰਤਰਆਤਮਾ ਤੋਂ ਵਧੀਆ ਸਲਾਹਕਾਰ ਕੋਈ ਵੀ ਨਹੀਂ ਹੋ ਸਕਦਾ।
ਲੈਫਟੀਨੈਂਟ ਜਰਨਲ ਸਿੰਘ ਨੇ ਕਿਹਾ ਕਿ ਕਾਮਯਾਬ ਵਿਅਕਤੀਆਂ ਨੂੰ ਉਹ ਕਾਰਜ ਕਰਨ ਦੀ ਆਦਤ ਹੁੰਦੀ ਹੈ ਜੋ ਨਾਕਾਮਯਾਬ ਵਿਅਕਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਤਣਾਅ ਮੁਕਤੀ ਲਈ ਲੰਬੇ ਸਾਹ ਲੈਣਾ, ਸ਼ਾਂਤ ਵਾਤਾਵਰਣ ਅਤੇ ਧਿਆਨ ਜਿਹੀਆਂ ਵਿਧੀਆਂ ਆਪਨਾਉਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਅਸੀਂ ਆਮ ਤੌਰ ‘ਤੇ ਤਣਾਅਮੁਕਤ ਹੋਣ ਲਈ ਮਨੋਰੰਜਨ ਦੇ ਵੱਖ-ਵੱਖ ਸਾਧਨ ਆਪਣਾਉਂਦੇ ਹਾਂ ਪਰ ਤਣਾਅਮੁਕਤ ਹੋਣ ਲਈ ਕੁਦਰਤੀ ਵਸੀਲੇ ਅਪਣਾਉਣੇ ਚਾਹੀਦੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …