ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਲਈ ਸਲਾਮੀ
ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – ਰਾਜ ਪੱਧਰੀ ਗਣਤੰਤਰ ਦਿਵਸ ਦਾ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ।ਇਸ ਰਾਜ ਪੱਧਰੀ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ ਸਿੰਘ ਬਦਨੋਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।ਇਸ ਮੌਕੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਵਿਭਾਗਾਂ ਵਲੋਂ ਤਿਆਰ ਕੀਤੀਆਂ ਗਈਆਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਅਤੇ ਇਹ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ।
ਸ਼੍ਰੀ ਵੀ.ਪੀ ਸਿੰਘ ਬਦਨੋਰ ਨੇ ਸੰਬੋਧਨ ਕਰਦਿਆਂ ਸਮੂਹ ਭਾਰਤ ਵਾਸੀਆਂ ਅਤੇ ਖਾਸ ਤੌਰ ’ਤੇ ਸਾਰੇ ਪੰਜਾਬੀ ਭਰਾਵਾਂ ਅਤੇ ਭੈਣਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਦੇਸ਼ ਦੀ ਸਰਹੱਦ ’ਤੇ ਮੁਸ਼ਕਲ ਹਾਲਾਤ ਵਿੱਚ ਆਪਣੀ ਡਿਊਟੀ ਤੇ ਫਰਜ ਨੂੰ ਨਿਭਾ ਰਹੇ ਫੌਜ਼ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਨਮਨ ਕੀਤਾ।ਉਨ੍ਹਾਂ ਸਾਰੇ ਦੇਸ਼ ਵਾਸੀਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਕੁੱਝ ਖੋਹਿਆ, ਕੁਰਬਾਨੀ ਦਿੱਤੀ ਅਤੇ ਆਪਣੇ ਆਪ ਨੂੰ ਦੇਸ਼ ਦੇ ਲਈ ਬਲੀਦਾਨ ਵੀ ਕਰ ਦਿੱਤਾ।ਉਨ੍ਹਾਂ ਕਿਹਾ ਕਿ ਅੱਜ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਪਰਜਾਤੰਤਰ ਅਤੇ ਗਣਤੰਤਰ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਾਂ ਅਤੇ ਪੂਰਾ ਵਿਸ਼ਵ ਸਾਡੇ ਗਣਤੰਤਰ ਤੇ ਸੰਵਿਧਾਨ ਤੋਂ ਪ੍ਰਭਾਵਿਤ ਹੈ ਅਤੇ ਭਾਰਤ ਦੇਸ਼ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਗਰੀਨ ਰੈਵੋਲੂਸ਼ਨ ਪੰਜਾਬ ਦੀ ਹੀ ਦੇਣ ਹੈ ਅਤੇ ਜਿਸ ਕਾਰਨ ਦੇਸ਼ ਨੇ ਅਨਾਜ ਦੀ ਪੈਦਾਵਾਰ ਵਿੱਚ ਆਤਮ ਨਿਰਭਰਤਾ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਤਕਨੀਕ ਵਿੱਚ ਪ੍ਰਗਤੀ ਦੇ ਕਾਰਨ ਜਿੰਦਗੀ ਵਿੱਚ ਕਾਫ਼ੀ ਤੇਜ਼ੀ ਨਾਲ ਬਦਲਾਵ ਆ ਰਹੇ ਹਨ ਅਤੇ ਕੰਪਿਊਟਰ, ਈ-ਬੈਕਿੰਗ ਅਤੇ ਡਿਜੀਟਲ ਪੇਮੈਂਟ ਦੇ ਤੌਰ ਤਰੀਕਿਆਂ ਨੂੰ ਅਪਨਾਉਣਾ ਅੱਜ ਜ਼ਰੂਰੀ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨੂੰ ਦੇਖਦੇ ਹੋਏ, ਸਾਨੂੰ ਸਾਰਿਆਂ ਨੂੰ ਦਿਸ਼ਾ ਵਿੱਚ ਵਧਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਰੋਜ਼ਗਾਰ ਅਤੇ ਵਿਕਾਸ ਵੱਲ ਤੇਜ਼ੀ ਨਾਲ ਲੈ ਜਾਣ ਵਿੱਚ ਮੇਕ ਇਨ ਇੰਡੀਆ, ਸਟਾਰਟ ਅਪ ਇੰਡੀਆ ਅਤੇ ਡਿਜ਼ੀਟਲ ਇੰਡੀਆ ਵਰਗੀਆਂ ਯੋਜਨਾਵਾਂ ਦਾ ਯੋਗਦਾਨ ਰਿਹਾ ਹੈ।
ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਸ਼ਾਨਦਾਰ ਪੀ.ਟੀ ਸ਼ੋਅ ਅਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪੀ.ਏ.ਪੀ ਜਲੰਧਰ ਦੀ ਟੈਂਟ ਪਿਕਿੰਗ ਹਾਰਸ ਰਾਇਡਿੰਗ ਦੇ ਜ਼ੋਹਰ ਨੇ ਲੋਕਾਂ ਨੂੰ ਕਾਫ਼ੀ ਅਕਰਸ਼ਿਤ ਕੀਤਾ।ਰਾਜਪਾਲ ਸ੍ਰੀ ਬਦਨੌਰ ਨੇ 27 ਜਨਵਰੀ ਨੂੰ ਜਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਰਨ ਅਵਤਾਰ ਸਿੰਘ ਆਈ.ਏ.ਐਸ ਮੁੱਖ ਸਕੱਤਰ ਪੰਜਾਬ, ਸੁਰੇਸ਼ ਅਰੋੜਾ ਆਈ.ਪੀ.ਐਸ ਡੀ.ਜੀ.ਪੀ ਪੰਜਾਬ, ਹਰਪ੍ਰੀਤ ਸਿੰਘ ਆਈ.ਪੀ.ਐਸ ਏ.ਡੀ.ਜੀ.ਪੀ ਪੰਜਾਬ, ਰਾਜ ਕਮਲ ਚੋਧਰੀ ਆਈ.ਏ.ਐਸ ਕਮਿਸ਼ਨਰ ਜਲੰਧਰ ਡਿਵੀਜਨ, ਸੁਰਿੰਦਰਪਾਲ ਸਿੰਘ ਪਰਮਾਰ (ਆਈ.ਪੀ.ਐਸ.) ਆਈ.ਜੀ. ਪੰਜਾਬ, ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ, ਕੁਲਵੰਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਡਾ. ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ, ਪੀ. ਮੋਹਣ ਏ.ਓ.ਸੀ ਏਅਰ ਫੋਰਸ ਪਠਾਨਕੋਟ, ਬਿ੍ਰਗੇਡੀਅਰ ਜੇ.ਐਸ ਬੁਦਵਾਰ, ਵਿਵੇਕ ਸੀਲ ਸੋਨੀ ਐਸ.ਐਸ.ਪੀ ਪਠਾਨਕੋਟ, ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਸ਼ੋਕ ਸ਼ਰਮਾ ਸਹਾਇਕ ਕਮਿਸ਼ਨਰ ਜਨਰਲ, ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ, ਕਮਲਦੀਪ ਭੰਡਾਰੀ ਕਮਿਸ਼ਨਰ ਆਰ.ਟੀ.ਐਸ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਭਾਗੀਰੱਥ ਮੀਨਾ ਐਸ.ਪੀ ਹੈਡਕੁਆਟਰ, ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਦਿਨੇਸ਼ ਸਿੰਘ ਬੱਬੂ ਵਿਧਾਇਕ ਹਲਕਾ ਸੁਜਾਨਪੁਰ, ਅਨਿਲ ਵਾਸੂਦੇਵਾ ਮੇਅਰ ਪਠਾਨਕੋਟ, ਸਾਬਕਾ ਮੰਤਰੀ ਮਾਸਟਰ ਮੋਹਣ ਲਾਲ, ਸਾਬਕਾ ਵਿਧਾਇਕ ਭੋਆ ਸੀਮਾ ਕੁਮਾਰੀ ਆਦਿ ਹਾਜ਼ਰ ਸਨ।