Friday, September 20, 2024

ਘੱਟ-ਗਿਣਤੀਆਂ ਪ੍ਰਤੀ ਸਹੀ ਗਣਿਤ ਅਪਨਾਉਣਾ ਕਰਨਾਟਕਾ ਸਰਕਾਰ ਦਾ ਸਲਾਹੁਣਯੋਗ ਕਦਮ -ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਖ਼ਾਲਸਈ ਆਦਰਸ਼ ਨੂੰ ਸਮਰਪਿਤ ਪੰਥ-ਦਰਦੀ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਕਰਨਾਟਕਾ ਦੀ ਸ੍ਰੀ ਸਿਧੱਰਮਈਆ ਸਰਕਾਰ ਦੇ ਉਸ ਇਤਿਹਾਸਕ ਕਦਮ ਦੀ ਸ਼ਲਾਘਾ ਕੀਤੀ ਹੈ, ਜਿਸ ਨਾਲ ਲਿੰਗਾਇਤ ਧਰਮ ਨੂੰ ਕਾਨੂੰਨੀ ਪ੍ਰਵਾਨਗੀ ਮਿਲੇਗੀ।ਇਸ ਲਈ ਇਕ ਵੱਖਰੇ ਧਰਮ ਵਜੋਂ ਇੱਕ ਘੱਟ ਗਿਣਤੀ ਦਾ ਦਰਜਾ ਦੇਣ ਦਾ ਐਲਾਨ ਕਰ ਕੇ ਅਗਲੇਰੀ ਕਾਰਵਾਈ ਲਈ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜੀ ਗਈ ਹੈ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਕਰਨਾਟਕਾ, ਮਹਾਰਾਸ਼ਟਰਾ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਆਦਿਕ ਸੂਬਿਆਂ ਦੇ ਲੱਖਾਂ ਨਿਵਾਸੀ ਜਮਹੂਰੀਅਤ ਅਤੇ ਵੱਖਰੀ ਪਛਾਣ ਲਈ ਸ਼ਾਂਤਮਈ ਸੰਘਰਸ਼ ਕਰਦੇ ਆ ਰਹੇ ਸਨ।ਇਹ ਲੋਕ ਬਾਰਵੀਂ ਸਦੀ ਦੇ ਸਮਾਜ ਸੁਧਾਰਕ ਸ਼ਖ਼ਸੀਅਤ ਸੰਤ ਬਾਸਵ ਦੇ ਅਨੁਯਾਈ ਹਨ।ਇਹ ਅਧਿਆਤਮਕ ਖੋਜ ਦੇ ਆਧਾਰ’ਤੇ ਮੂਰਤੀ ਪੂਜਾ ਅਤੇ ਕਰਮ-ਕਾਂਡੀ ਕਿਰਿਆਵਾਂ ਨੂੰ ਮਾਨਤਾ ਨਹੀਂ ਦਿੰਦੇ ਹਨ।ਮ੍ਰਿਤਕਾਂ ਨੂੰ ਦਫਨਾਉਂਦੇ ਹਨ।ਆਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਮੰਨਣ ਤੋਂ ਇਨਕਾਰੀ ਹਨ।ਬਹੁਗਿਣਤੀ ਵਲੋਂ ਜਜ਼ਬ ਕਰਨ ਦੇ ਯਤਨਾਂ ਦਾ ਟਾਕਰਾ ਕਰਦੇ ਆ ਰਹੇ ਹਨ।ਗਿ. ਕੇਵਲ ਸਿੰਘ ਨੇ ਕਿਹਾ ਕਿ ਪੰਥਕ ਤਾਲਮੇਲ ਸੰਗਠਨ ਇਸ ਨਿਰਪੱਖ ਪਹੁੰਚ ਲਈ ਕਰਨਾਟਕਾ ਸਰਕਾਰ ਦਾ ਜਿਥੇ ਸਵਾਗਤ ਕਰਦਾ ਹੈ।ਉਥੇ ਲਿੰਗਾਇਤ ਧਰਮ ਦੇ ਮੁਖੀ ਸ੍ਰੀ ਕਨੇਸਵਰ ਸੁਆਮੀ ਅੱਪਾ ਨੂੰ ਮੁਬਾਰਕ ਦੇਂਦਾ ਹੈ। ਅੱਜ ਇਹਨਾਂ ਦੇ ਸੰਘਰਸ਼ ਅਤੇ ਹਮਾਇਤੀ ਮਿਸ਼ਨਾਂ ਦੀ ਬਦੌਲਤ ਵੱਖ-ਵੱਖ ਧਰਮਾਂ ਅਤੇ ਕੌਮਾਂ ਨੂੰ ਫਿਰਕੂ ਸੋਚਾਂ ਤੋਂ ਮੁਕਤ ਜੀਣ ਦੀ ਚਿਣਗ ਦਿਸੀ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਜੂਝਣ ਦਾ ਬਲ਼ ਮਿਲਿਆ ਹੈ।   

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply