ਬਾਬਾ ਰਣਜੀਤ ਸਿੰਘ ਤੋਂ ਪ੍ਰੇਰਣਾ ਲੈਣ ਸਿੱਖ ਨੋਜਵਾਨ – ਜੀ.ਕੇ
ਨਵੀਂ ਦਿੱਲੀ, 24 ਮਈ (ਪੰਜਾਬ ਪੋਸਟ ਬਿਊਰੋ) – ਦਸਤਾਰ ਦੀ ਲੜਾਈ ਲੜ ਕੇ ਫਰਾਂਸ ਤੋਂ ਵਾਪਸ ਭਾਰਤ ਆਏ ਬਾਬਾ ਰਣਜੀਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਨ੍ਹਾਂ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਯਾਦਗਾਰੀ ਚਿਨ੍ਹ ਦੇ ਕੇ ਨਿਵਾਜਿਆ। ਦਰਅਸਲ ਫਰਾਂਸ ’ਚ ਕੌਮੀ ਪੱਛਾਣ ਪੱਤਰ ’ਤੇ ਸਿੱਖ ਨੂੰ ਦਸਤਾਰ ਹਟਾ ਕੇ ਨੰਗੇ ਸਿਰ ਫੋਟੋ ਖਿੱਚਵਾਉਣ ਦਾ ਆਦੇਸ਼ ਹੈ। ਪਰ ਅੰਬਾਲਾ ਦੇ ਰਹਿਣ ਵਾਲੇ ਬਾਬਾ ਰਣਜੀਤ ਸਿੰਘ ਨੇ ਸਰਕਾਰ ਦੇ ਇਸ ਤੁਗਲਕੀ ਫੁਰਮਾਨ ਦੇ ਖਿਲਾਫ਼ ਫਰਾਂਸ ਦੀ ਹੇਠਲੀ ਅਦਾਲਤ ਤੋਂ ਸੁਪਰੀਮ ਕੋਰਟ ਤਕ ਪੱਗ ਸਣੇ ਪੱਛਾਣ ਪੱਤਰ ’ਤੇ ਫੋਟੋ ਲਗਾਉਣ ਦੀ ਲੜਾਈ ਲੜੀ।
ਅਦਾਲਤਾਂ ਤੋਂ ਇਨਸ਼ਾਫ ਨਾ ਮਿਲਣ ਉਪਰੰਤ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸ਼ਾਖਾ ’ਚ ਫਰਾਂਸ ਸਰਕਾਰ ਦੇ ਖਿਲਾਫ਼ ਪਟੀਸ਼ਨ ਦਾਇਰ ਕੀਤੀ।ਜਿਸ ਦਾ ਫੈਸਲਾ ਬਾਬਾ ਰਣਜੀਤ ਸਿੰਘ ਦੇ ਹੱਕ ’ਚ ਆਇਆ, ਪਰ ਫਰਾਂਸ ਸਰਕਾਰ ਨੇ ਵੀਟੋ ਪਾਵਰ ਦਾ ਇਸਤੇਮਾਲ ਕਰਕੇ ਸੰਯੁਕਤ ਰਾਸ਼ਟਰ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਜਿਸ ਕਰਕੇ ਬਾਬਾ ਰਣਜੀਤ ਸਿੰਘ ਨੂੰ ਵਤਨ ਵਾਪਸੀ ਕਰਨੀ ਪਈ।ਦਰਅਸਲ 1989 ’ਚ ਭਾਰਤ ਤੋਂ ਜਰਮਨੀ ਗਏ ਬਾਬਾ ਰਣਜੀਤ ਸਿੰਘ 1991 ’ਚ ਫਰਾਂਸ ਆ ਗਏ ਸਨ।ਜਿਸ ਤੋਂ ਬਾਅਦ 1992 ‘ਚ ਉਨ੍ਹਾਂ ਦਾ ਫਰਾਂਸ ‘ਚ ਰਹਿਣ ਲਈ 10 ਸਾਲ ਦਾ ਕਾਰਡ ਬਣਿਆ ਸੀ, ਪਰ 2002 ’ਚ ਫਰਾਂਸ ਸਰਕਾਰ ਦੇ ਬਿਨਾਂ ਦਸਤਾਰ ਦੇ ਪਛਾਣ ਪੱਤਰ ਬਣਾਉਣ ਦੇ ਆਏ ਆਦੇਸ਼ ਕਰਕੇ ਉਨ੍ਹਾਂ ਦੇ ਕਾਰਡ ਦਾ ਨਵੀਨੀਕਰਨ ਨਹੀਂ ਹੋ ਸਕਿਆ ਸੀ।ਜਿਸ ਦੇ ਲਈ ਉਨ੍ਹਾਂ ਨੇ 16 ਸਾਲ ਤਕ ਲੜਾਈ ਲੜੀ।ਕੌਮੀ ਪਛਾਣ ਪੱਤਰ ਨਾ ਹੋਣ ਕਰਕੇ ਉਨ੍ਹਾਂ ਨੂੰ ਮੁਫ਼ਤ ਸਿਹਤ ਤੇ ਹੋਰ ਸਹੁਲਤਾਂ ਨਹੀਂ ਮਿਲ ਰਹੀਆਂ ਸਨ। ਜਿਸ ਕਰਕੇ ਹਸਪਤਾਲਾਂ ’ਚ ਇਲਾਜ ਦੌਰਾਨ ਉਨ੍ਹਾਂ ਨੂੰ ਮਾਇਆ ਦਾ ਭੁਗਤਾਨ ਕਰਨਾ ਪੈਂਦਾ ਸੀ।
ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 82 ਸਾਲ ਦੇ ਬਾਬਾ ਰਣਜੀਤ ਸਿੰੰਘ ਨੇ ਦੱਸਿਆ ਕਿ 1974 ’ਚ ਉਨ੍ਹਾਂ ਨੇ ਭਾਰਤੀ ਹਵਾਈ ਫੌਜ਼ ਨੂੰ ਦਾੜ੍ਹੀ ਬੰਨਣ ਦੇ ਆਏ ਆਦੇਸ਼ ਕਰਕੇ ਅਲਵਿਦਾ ਕਿਹਾ ਸੀ ਤੇ ਹੁਣ ਦਸਤਾਰ ਕਰਕੇ ਫਰਾਂਸ ਨੂੰ ਛੱਡ ਕੇ ਆਏ ਹਨ।ਜੀ.ਕੇ ਨੇ ਕਿਹਾ ਕਿ ਬਾਬਾ ਰਣਜੀਤ ਸਿੰਘ ਸਿੱਖ ਨੌਜਵਾਨਾਂ ਲਈ ਇੱਕ ਮਿਸਾਲ ਵੱਜੋਂ ਹਨ।ਕਿਉਂਕਿ ਉਨ੍ਹਾਂ ਨੇ ਦਾੜ੍ਹੀ ਅਤੇ ਦਸਤਾਰ ਕਰਕੇ ਪਹਿਲੇ ਹਵਾਈ ਫੌਜ਼ ਦੀ ਨੌਕਰੀ ਛੱਡੀ ਤੇ ਹੁਣ ਫਰਾਂਸ ਨੂੰ ਛੱਡ ਕੇ ਆਏ ਹਨ।
ਜੀ.ਕੇ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਲਈ ਸਿੱਖੀ ਨੂੰ ਬੇਦਾਵਾ ਦੇਣ ਲਈ ਤਿਆਰ ਹੈ ਤੇ ਦੂਜੇ ਪਾਸੇ ਬਾਬਾ ਰਣਜੀਤ ਸਿੰਘ ਦਸਤਾਰ ਦੀ ਸ਼ਾਨ ਲਈ ਵਿਦੇਸ਼ ਛੱਡ ਕੇ ਵਾਪਸ ਆਪਣੇ ਮੁਲਕ ਆ ਗਏ ਹਨ। ਜੀ.ਕੇ ਨੇ ਇਸ ਸਬੰਧ ’ਚ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਫਰਾਂਸ ਦੇ ਦਿੱਲੀ ਸਥਿਤ ਦੂਤਘਰ ਨਾਲ ਉਕਤ ਮਾਮਲਾ ਕਮੇਟੀ ਵੱਲੋਂ ਚੁੱਕਣ ਦਾ ਐਲਾਨ ਕਰਦੇ ਹੋਏ ਫਰਾਂਸ ਸਰਕਾਰ ਦੇ ਫੈਸਲੇ ਨੂੰ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੱਸਿਆ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ, ਹਰਜੀਤ ਸਿੰਘ ਜੀ.ਕੇ ਤੇ ਵਿਕਰਮ ਸਿੰਘ ਰੋਹਿਣੀ ਮੌਜੂਦ ਸਨ।