Sunday, September 8, 2024

ਭਾਗਵਤ ਦੇ ਬਿਆਨ ਦੀ ਚਿੰਤਾ ਨਹੀ ਅਫਸੋਸ ਜ਼ਰੂਰ ਹੈ- ਸਰਨਾ

ਕਿਹਾ ਭਾਰਤੀ ਸੰਵਿਧਾਨ ਕਿਸੇ ਵੀ ਦੂਸਰੇ ਧਰਮ ਨੂੰ ਆਪਣੇ ਵਿੱਚ ਜ਼ਜ਼ਬ ਕਰਨ ਦੀ ਇਜਾਜਤ ਨਹੀ ਦਿੰਦਾ

Paramjit Singh Sarnaਨਵੀ ਦਿੱਲੀ 18 ਅਗਸਤ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਘੱਟ ਗਿਣਤੀਆ ਦੀ ਕੱਟੜ ਦੁਸ਼ਮਣ ਜਮਾਤ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਵੱਲੋ ਇੱਕ ਵਾਰੀ ਫਿਰ ਘੱਟ ਗਿਣਤੀਆ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਦੇ ਦਿੱਤੇ ਗਏ ਬਿਆਨ ਦਾ ਕਰੜਾ ਨੋਟਿਸ ਲੈਦਿਆ ਕਿਹਾ ਕਿ ਭਾਗਵਤ ਦੇ 15 ਦਿਨਾਂ ਵਿੱਚ ਦਿੱਤੇ ਗਏ ਤੀਸਰੇ ਅਜਿਹੇ ਬਿਆਨ ਦੀ ਉਹਨਾਂ ਨੂੰ ਚਿੰਤਾ ਨਹੀ, ਸਗੋ ਅਫਸੋਸ ਜਰੂਰ ਹੈ ਕਿਉਕਿ ਭਾਰਤੀ ਸੰਵਿਧਾਨ ਕਿਸੇ ਵੀ ਦੂਸਰੇ ਧਰਮ ਨੂੰ ਆਪਣੇ ਵਿੱਚ ਜ਼ਜ਼ਬ ਕਰਨ ਦੀ ਇਜਾਜਤ ਨਹੀ ਦਿੰਦਾ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਜਦੋ ਤਾਰੀਖ ਲਿਖੀ ਗਈ ਸੀ ਤਾਂ ਉਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਤੇ ਸਤਿਕਾਰ ਦਿੱਤਾ ਗਿਆ ਸੀ ਅਤੇ ਸਾਰੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜਿੰਮਵਾਰੀ ਸਰਕਾਰ ਨੂੰ ਸੋਂਪੀ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਦੂਸਰੇ ਧਰਮ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਦੇ ਬਿਆਨ ਦੇਣੇ ਬਦਅਮਨੀ ਫੈਲਾਉਣ ਦੇ ਤੁਲ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸੰਵਿਧਾਨ ਸਾਰੇ ਧਰਮਾਂ ਦੀ ਸੁਰੱਖਿਆ ਦੀ ਆਹ ਭਰਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਗਵਤ ਦੇ ਬਿਆਨ ਤੇ ਤੁਰੰਤ ਟਿੱਪਣੀ ਕਰਕੇ ਉਸ ਨੂੰ ਅਜਿਹੀ ਬੇਚੈਨੀ ਫੈਲਾਉਣ ਵਾਲੀ ਬਿਆਨਬਾਜੀ ਕਰਨ ਤੋ ਰੋਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਧਰਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਿਸੇ ਵੀ ਵਿਅਕਤੀ ਦੀ ਮਰਜੀ ਤੋ ਬਗੈਰ ਕਿਸੇ ਵੀ ਦੂਸਰੇ ਧਰਮ ਦੇ ਵਿਅਕਤੀ ਦਾ ਜਬਰੀ ਧਰਮ ਤਬਦੀਲ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਿੱਖਾਂ ਨੂੰ ਮੁਗਲ ਸਾਮਰਾਜ ਨੇ ਵੀ ਖਤਮ ਕਰਨ ਦੀ ਹਰ ਸੰਭਵ ਤੇ ਆਸੰਭਵ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਤਾਂ ਸਫਲਤਾ ਨਾ ਮਿਲੀ ਸਗੋਂ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਮੁਗਲ ਸਾਮਰਾਜ ਦੀ ਰੇਖ ਵਿੱਚ ਮੇਖ ਠੋਕਦਿਆਂ ਵੰਗਾਰਿਦਆਂ ਇੱਕ ਆਰਜੀ ਨਾਕਾ ਲਗਾ ਕੇ ਇਹ ਦੱਸ ਦਿੱਤਾ ਸੀ ਕਿ ਸਿੱਖ ਧਰਮ ਕਦੇ ਵੀ ਖਤਮ ਹੋਣ ਵਾਲਾ ਨਹੀ ਹੈ, ਕਿਉਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕੁਰਬਾਨੀਆ ਕਰਨ ਦਾ ਜ਼ਜ਼ਬਾ ਇਸ ਕੌਮ ਵਿੱਚ ਭਰਿਆ ਹੈ । ਉਸ ਬਾਰੇ ਭਾਗਵਤ ਤੇ ਉਸ ਦੀ ਟੀਮ ਨੂੰ ਵੀ ਭਲੀਭਾਂਤ ਜਾਣਕਾਰੀ ਹੈ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਵੀ ਸਿੱਖਾਂ ਦੀ ਅੱਡਰੀ ਪਛਾਣ ਲਈ ਲੜਦੇ ਰਹੇ ਤੇ ਹੁਣ ਸ਼ੋਮਣੀ ਅਕਾਲੀ ਦਲ ਦਿੱਲੀ ਵੀ ਉਹਨਾਂ ਦੇ ਪੂਰਣਿਆ ਤੋ ਚੱਲਦਾ ਹੋਇਆ ਸਿੱਖ ਪੰਥ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੂਝਦਾ ਰਹੇਗਾ।
ਉਹਨਾਂ ਕਿਹਾ ਕਿ ਭਾਗਵਤ ਨੂੰ ਇਹ ਭੁਲੇਖਾ ਹੋਵੇਗਾ ਕਿ ਅਕਾਲੀਆਂ ਦੀ ਲੀਡਰਸ਼ਿਪ ਉਹਨਾਂ ਦੀ ਜੇਬ ਵਿੱਚ ਹੈ, ਉਹ ਜੋ ਚਾਹੁੰਣ ਕਰ ਸਕਦੇ ਹਨ। ਪਰ ਜਿਹੜੇ ਅਕਾਲੀਆਂ ਦਾ ਭਾਗਵਤ ਨੂੰ ਮਾਣ ਹੈ ਉਹ ਪੰਥ ਨਹੀ ਹੈ ਸਗੋ ਉਹ ਤਾਂ ਭਾਗਵਤ ਦੀ ਆਰ.ਐਸ.ਐਸ ਦੀ ਹੀ ਇੱਕ ਬਰਾਂਚ ਹੈ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਤੇ ਅੱਡਰੀ ਕੌਮ ਹੈ ਅਤੇ ਇਸ ਨੂੰ ਅਜਾਦ ਕੌਮ ਹੋਣ ਦਾ ਮਾਣ ਗੁਰੂ ਸਾਹਿਬ ਨੇ 1699 ਵਿੱਚ ਖਾਲਸਾ ਪੰਥ ਸਜਾ ਕੇ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਭਾਗਵਤ ਦੀ ਖਾਹਿਸ਼ ਤੇ ਮਨਸੂਬਿਆ ਨੂੰ ਕਦੇ ਵੀ ਬੂਰ ਨਹੀ ਪੈਣ ਦਿੱਤਾ ਜਾਵੇਗਾ ਭਾਂਵੇ ਸਿੱਖਾਂ ਨੂੰ ਕਿੰਨੀਆ ਵੀ ਕੁਰਬਾਨੀਆ ਕਿਉ ਨਾ ਕਰਨੀਆ ਪੈਣ। ਉਹਨਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਮੋਦੀ ਸਰਕਾਰ ਭਾਗਵਤ ਨੂੰ ਤੁਰੰਤ ਨੱਥ ਪਾਵੇ ਅਤੇ ਹਰ ਧਰਮ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇ।

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply