Sunday, September 8, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ”ਮਲ੍ਹਾਰ ਉਤਸਵ” ਆਯੋਜਿਤ

PPN26081412ਅੰਮ੍ਰਿਤਸਰ, 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਵਿਸ਼ਵ ਪ੍ਰਸਿੱੱਧ ਕਲਾਕਾਰ ਪਦਮ ਭੂਸ਼ਣ ਪੰਡਤ ਦੇਬੂ ਚੌਧਰੀ ਅਤੇ ਆਲ ਇੰਡੀਆ ਰੇਡੀਓ ਦੇ ਪਹਿਲੇ ਦਰਜੇ ਕਲਾਕਾਰ, ਪੰ. ਪ੍ਰਾਤੀਕ ਕਸ਼ਯਪ ਅਤੇ ਪੰਡਤ ਰਾਜਨ-ਸਾਜਨ ਮਿਸ਼ਰਾ ਦੇ ਸ਼ਿਸ਼ ਸ੍ਰੀ ਦਿਵਾਕਰ ਕਸ਼ਯਪ ਨੇ ”ਮਲ੍ਹਾਰ ਉਤਸਵ” ਮੌਕੇ ਆਪਣੀਆਂ ਪੇਸ਼ਕਾਰੀਆਂ ਦੇ ਕੇ ਸਰੋਤਿਆਂ ਨੂੰ ਨਿਹਾਲ ਕਰਨਗੇ। ਵਿਭਾਗ ਦੇ ਸ੍ਰੀ ਮੁਰਲੀ ਨੇ ਉਨ੍ਹਾਂ ਨਾਲ ਤਬਲੇ ‘ਤੇ ਸਾਥ ਦਿੱਤਾ। ”ਮਲ੍ਹਾਰ ਉਤਸਵ” ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੇ ਸਹਿਯੋਗ ਨਾਲ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕਰਵਾਇਆ ਗਿਆ।  ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਡਤ ਦੇਬੂ ਚੌਧਰੀ ਨੇ ਕਿਹਾ ਕਿ ਸਿਤਾਰ ਅਤੇ ਹੋਰ ਸੰਗੀਤ ਦੇ ਸਾਜ਼ਾਂ ਬਾਰੇ ਸਾਡੇ ਪੁਰਾਣਾਂ ਅਤੇ ਵੇਦਾਂ ਵਿਚ ਜ਼ਿਕਰ ਆਉਂਦਾ ਹੈ ਅਤੇ ਇਹ ਮਨੁੱਖੀ ਜੀਵਨ ਨਾਲ ਸੰਗੀਤ ਦੀ ਸਬੰਧਤਾ ਦੀ ਪ੍ਰੋੜਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਰਿਹਾ ਹੈ ਸਗੋਂ ਮਨੁੱਖ ਦੀ ਅਧਿਆਤਮਿਕਤਾ ਦੇ ਸਫਰ ਦਾ ਪਾਂਧੀ ਵੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੰਗੀਤ ‘ਤੇ ਪੱਛਮ ਦਾ ਪ੍ਰਭਾਵ ਭਾਰੂ ਹੈ ਅਤੇ ਇਸ ਦਾ ਮੁੱਖ ਕਾਰਨ ਪਦਾਰਥਵਾਦ ਹੈ।

ਉਨ੍ਹਾਂ ਕਿਹਾ ਕਿ ਅੱਜ ਸੈਟਲਾਈਟ ਚੈਨਲਾ ਕਰਕੇ ਘਰ-ਘਰ ਵਿਚ ਮਾੜੇ ਸੰਗੀਤ ਦੇ ਨਾਂ ‘ਤੇ ਸ਼ੋਰ ਅਤੇ ਨੰਗੇਜ਼ ਪਰੋਸਿਆ ਜਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਮਾਨਸਿਕਤਾ ਨੂੰ ਵੱਧ ਪੱਧਰ ‘ਤੇ ਦੂਸ਼ਿਤ ਕਰ ਰਿਹਾ ਹੈ। ਉਨਾਂ੍ਹ ਕਿਹਾ ਕਿ ਸਾਨੂੰ ਆਪਣੇ ਸਾਜ਼ ਅਤੇ ਹੋਰ ਪੁਰਾਤਨ ਰਿਵਾਇਤਾਂ ਨੂੰ ਨਾਂ ਵਿਸਾਰਦੇ ਹੋਏ ਪਹਿਲ-ਕਦਮੀ ਨਾਲ ਸੰਭਾਲ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਮਾਹੌਲ ਸਿਰਜਣਾ ਚਾਹੀਦਾ ਹੈ, ਜਿਸ ਵਿਚ ਸਾਡੇ ਰਿਵਾਇਤਾਂ ਸਾਜ਼-ਸੰਗੀਤ ਪ੍ਰਫੁੱਲਤ ਹੋ ਸਕਣ।  ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਲੇਡੀ ਵਾਈਸ-ਚਾਂਸਲਰ, ਡਾ. (ਮਿਸਜ਼) ਸਰਵਜੀਤ ਕੌਰ ਬਰਾੜ ਨੇ ਕੀਤੀ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਮਿਸਜ਼ ਛੀਨਾ, ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਪ੍ਰੋ. ਏ.ਐਸ. ਸਿੱਧੂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਸ੍ਰੀ ਜਰਨੈਲ ਸਿੰਘ ਇਸ ਮੌਕੇ ਵਿਸ਼ੇਸ਼ ‘ਤੌਰ ‘ਤੇ ਹਾਜ਼ਰ ਹੋਏ।
ਪ੍ਰੋ. ਬਰਾੜ ਨੇ ਕਿਹਾ ਕਿ ਵਿਗਿਆਨਕ ਪੱਧਰ ‘ਤੇ ਸਿੱਧ ਹੋ ਚੁੱਕਾ ਹੈ ਚੰਗਾ ਸੰਗੀਤ ਮਨ ਨੂੰ ਸ਼ਾਤੀ ਪ੍ਰਦਾਨ ਕਰਦਾ ਹੈ ਅਤੇ ਸਿਹਤ ਨੂੰ ਠੀਕ ਰੱਖਦਾ ਹੈ। ਉਨਾਂ੍ਹ ਕਿਹਾ ਕਿ ਚੰਗਾ ਸੰਗੀਤ ਨਾ ਸਿਰਫ ਮਨੁੱਖ ਸਗੋਂ ਜੀਵ-ਜੰਤੂਆਂ ਅਤੇ ਬਨਸਪਤੀ ‘ਤੇ ਵੀ ਆਪਣਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪੱਛਮ ਤੋਂ ਪ੍ਰਭਾਵਿਤ ਦੂਸ਼ਿਤ ਸੰਗੀਤ ਨਾਲ ਸਾਡਾ ਆਲਾ-ਦੁਆਲਾ ਦੂਸ਼ਿਤ ਹੋ ਗਿਆ ਹੈ ਅਤੇ ਮਨੁੱਖੀ ਮਨ ਦੀ ਅਸ਼ਾਂਤੀ ਵਧੀ ਹੈ। ਉਨ੍ਹਾਂ ਕਿਹਾ ਕਿ ਪੱਛਮ ਦੇ ਸੰਗੀਤ ਦੀਆਂ ਚੰਗੀਆਂ ਚੀਜਾਂ ਪਛਾਣੀਆਂ ਚਾਹੀਦੀਆਂ ਹਨ ਜਦੋਂ ਅਜੋਕੇ ਵਿਚ ਮਾਹੌਲ ਵਿਚ ਇਸ ਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਅਤੇ ਅਧਿਆਤਮਿਕਤਾ ਦਾ ਗਹਿਰਾ ਰਿਸ਼ਤਾ ਹੈ ਇਸੇ ਕਰਕੇ ਧਰਤੀ ‘ਤੇ ਬਾਣੀ ਰਾਗਾਂ ਵਿਚ ਪ੍ਰਗਟ ਹੋਈ ਹੈ, ਜਿਹੜੀ ਕਿ ਵਿਸਮਾਦ ਦੇ ਮੰਡਲ ਵਿਚ ਮਨੁੱਖੀ ਸੁਰਤ ਦਾ ਵਾਸਾ ਕਰਾਉਂਦੀ ਹੈ।
ਮਿਸਜ਼ ਬਰਾੜ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਅਜਿਹੇ ਪ੍ਰੋਗਰਾਮ ਕਰਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਨੌਜੁਆਨ ਆਪਣੀ ਵਡੱਮੁਲੀ ਵਿਰਾਸਤ ਨਾਲ ਰੂ-ਬ -ਰੂ ਹੋ ਕੇ ਇਸ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸੰਗੀਤ ‘ਤੇ ਵੱਡੇ ਪੱਧਰ ‘ਤੇ ਖੋਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਡਾ. ਸਰਵਜੀਤ ਕੌਰ ਬਰਾੜ ਨੇ ਸੰਗੀਤ ਨੂੰ ਆਤਮਾ ਦੀ ਖੁਰਾਕ ਕਿਹਾ ਅਤੇ ਸ਼ਾਸਤਰੀ ਸੰਗੀਤ ਦੀ ਘੱਟ ਰਹੀ ਲੋਕਪ੍ਰਿਯਤਾ ਤੇ ਚਿੰਤਾ ਜਾਹਰ ਕੀਤੀ । ਡਾ. ਤੇਜਿੰਦਰ ਗੁਲਾਟੀ ਅਤੇ ਡਾ. ਰਾਜੇਸ਼ ਸ਼ਰਮਾ ਨੇ ਸਟੇਜ ਦਾ ਸੰਚਾਲਨ ਕੀਤਾ ।
ਪਹਿਲੇ ਹਿੱਸੇ ਵਿਚ ਸ਼ਾਸ਼ਤਰੀ ਸੰਗੀਤ ਦੇ ਸੇਨੀਆ ਘਰਾਨੇ ਨਾਲ ਸਬੰਧਤ ਪਦਮ ਭੂਸ਼ਣ ਪੰਡਿਤ ਦੇਬੂ ਚੌਧਰੀ ਅਤੇ ਪੰਡਿਤ ਪ੍ਰਤੀਕ ਚੌਧਰੀ ਨੇ ਮਲਹਾਰ ਸ਼ਬਦ ਦਾ ਅਰਥ ਅਤੇ ਸਾਰਥਕਤਾ ਸਪੱਸ਼ਟ ਕਰਦੇ ਹੋਏ ਰਾਗ ਮੀਆਂ ਮਲਹਾਰ ਅਤੇ ਗੋਂਡ ਮਲਹਾਰ ਦਾ ਅਦਭੁੱਤ ਸਿਤਾਰ ਵਾਦਨ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ-ਮੁੱਗਧ ਕੀਤਾ । ਪ੍ਰੋਗਰਾਮ ਦੇ ਦੂਜੇ ਭਾਗ ਵਿਚ ਬਨਾਰਸ ਘਰਾਨੇ ਦੇ ਸ਼੍ਰੀ ਪ੍ਰਭਾਕਰ ਕਸ਼ਯਪ-ਦਿਵਾਕਰ ਕਸ਼ਯਪ ਨੇ ਰਾਗ ਮੇਘ ਮਲਹਾਰ ਦੀ ਬਹੁਤ ਸੰਦਰ ਪੇਸ਼ਕਾਰੀ ਕੀਤੀ । ਵਿਭਾਗ ਦੀ ਵਿਦਿਆਰਥਣ ਨਵਜਿੰਦਰ ਕੌਰ ਨੇ ਮਲਹਾਰ ਰਾਗ ਤੇ ਅਧਾਰਿਤ ਗੀਤ ਤੇ ਨ੍ਰਿਤ ਪੇਸ਼ ਕੀਤਾ।
ਇਸ ਮੌਕੇ ਸ਼੍ਰੀ ਸੁਦਰਸ਼ਨ ਕਪੂਰ, ਸ਼੍ਰੀ ਲਾਜਪਤ ਖੰਨਾ, ਡਾ. ਗੁਰਪ੍ਰੀਤ ਕੌਰ ਬੱਲ, ਡਾਇਰੈਕਟਰ ਹਾਸਪੀਟੈਲਿਟੀ, ਧਰਮਪਾਲ ਸਿੰਘ, ਪੰਡਿਤ ਕਾਲੇ ਰਾਮ, ਡਾ. ਜੋਤੀ ਮਿੱਟੂ, ਰਿਸਰਚ ਸਕੋਲਰ ਅਤੇ ਵਿਦਿਆਰਥੀ ਇਸ ਪ੍ਰੋਗਰਾਮ ਵਿਚ ਸ਼ਾਮਲ ਸਨ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply