Saturday, May 4, 2024

ਸਿੱਖਿਆ ਮੰਤਰੀ ਤੇ ਸੈਕਟਰੀ ਵੱਲੋਂ ਸਕੂਲਾਂ ਦੀ ਅਚਨਚੇਤ ਜਾਂਚ

ਬੱਚੀਵਿੰਡ ਸਕੂਲ ਦੇ ਪ੍ਰਿੰਸੀਪਲ ਨੂੰ ਸੇਵਾ ਕਾਲ ਵਿਚ ਦਿੱਤੇ ਵਾਧੇ ਨੂੰ ਕੀਤਾ ਰੱਦ

PPN0103201933 ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੋਰਡ ਦੀ ਪ੍ਰੀਖਿਆਵਾਂ ਦੇ ਸ਼ੁਰੂ ਹੁੰਦੇ ਹੀ ਸਿੱਖਿਆ ਮੰਤਰੀ ਓ.ਪੀ ਸੋਨੀ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਸਰਹੱਦੀ ਖੇਤਰ ਦੇ ਸਕੂਲਾਂ ਵਿਚ ਦਸਤਕ ਦਿੱਤੀ ਅਤੇ ਹਿੰਦ-ਪਾਕਿ ਸਰਹੱਦ ਉਤੇ ਚੱਲਦੇ ਤਨਾਅ ਦੇ ਮੱਦੇਨਜ਼ਰ ਜਿੱਥੇ ਬੱਚਿਆਂ ਨੂੰ ਹੌਂਸਲਾ ਦਿੱਤਾ, ਉਥੇ ਹਰ ਤਰਾਂ ਦੀ ਸੰਭਵ ਸਹਾਇਤਾ ਦਾ ਭਰੋਸਾ ਦਿੰਦੇ ਸਕੂਲਾਂ ਦੀ ਜਾਂਚ-ਪੜਤਾਲ ਕੀਤੀ।ਉਹ ਆਪਣੀ ਟੀਮ ਨਾਲ ਅੰਮ੍ਰਿਤਸਰ ਜਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਚੱਲਦੇ ਸਰਕਾਰੀ ਸਕੂਲਾਂ ਵਿਚ ਅਚਨਚੇਤ ਪਹੁੰਚੇ ਅਤੇ ਸਕੂਲਾਂ ਵਿਚ ਪੜਾਈ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ, ਸਕੂਲਾਂ ਦੀਆਂ ਇਮਾਰਤਾਂ, ਮਿਡ ਡੇਅ ਮੀਲ, ਬੱਚਿਆਂ ਦੀਆਂ ਕਾਪੀਆਂ, ਪੀਣ ਵਾਲੇ ਪਾਣੀ, ਬਾਥਰੂਮਾਂ ਆਦਿ ਦੀ ਜਾਂਚ ਕੀਤੀ।
         ਜਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 12ਵੀਂ ਜਮਾਤ ਦੀ ਪ੍ਰੀਖਿਆ ਦਾ ਪਹਿਲਾ ਦਿਨ ਸੀ ਅਤੇ ਜਿਲ੍ਹੇ ਵਿਚ 31989 ਵਿਦਿਆਰਥੀ ਰੈਗੂਲਰ ਤੇ 869 ਬੱਚੇ ਓਪਨ ਸਕੂਲਾਂ ਦੇ ਪ੍ਰੀਖਿਆ ਦੇ ਰਹੇ ਹਨ।ਉਨਾਂ ਦੱਸਿਆ ਕਿ ਇਸ ਲਈ 259 ਪ੍ਰੀਖਿਆ ਕੇਂਦਰ ਜਿਲ੍ਹੇ ਵਿਚ ਚੱਲ ਰਹੇ ਹਨ। ਉਨਾਂ ਦੱਸਿਆ ਕਿ ਅੱਜ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਲੋਪੋਕੇ, ਬੱਚੀਵਿੰਡ, ਸਾਰੰਗੜਾ, ਮੋਦੇ ਆਦਿ ਸਕੂਲਾਂ ਵਿਚ ਜਾ ਕੇ ਸਾਰੇ ਪ੍ਰਬੰਧ ਖ਼ੁਦ ਵੇਖੇ ਗਏ।ਉਨਾਂ ਦੱਸਿਆ ਕਿ ਦੋਵਾਂ ਸਖਸ਼ੀਅਤਾਂ ਨੇ ਬੜਾ ਬਾਰੀਕੀ ਨਾਲ ਸਕੂਲਾਂ ਦੀ ਪੜਾਈ ਤੇ ਮਿਡ ਡੇਅ ਮੀਲ ਦੇ ਮਿਆਰ ਨੂੰ ਵਾਚਿਆ ਅਤੇ ਬੱਚੀਵਿੰਡ ਸਕੂਲ ਦੇ ਪ੍ਰਿੰਸੀਪਲ, ਜੋ ਕਿ ਦੋਵਾਂ ਹਸਤੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਤੱਕ ਵੀ ਸਹੀ ਨਹੀਂ ਦੇ ਸਕੇ, ਨੂੰ ਸੇਵਾ ਕਾਲ ਵਿਚ ਦਿੱਤੇ ਵਾਧੇ ਨੂੰ ਤਰੁੰਤ ਰੱਦ ਕਰਦੇ ਹੋਏ ਸੇਵਾ ਮੁਕਤ ਕਰ ਦਿੱਤਾ। PPN0103201934
          ਉਨਾਂ ਦੱਸਿਆ ਕਿ ਇਸ ਮੌਕੇ ਸਿੱਖਿਆ ਮੰਤਰੀ ਨੇ ਜਿੱਥੇ ਖ਼ੁਦ ਬੱਚਿਆਂ ਲਈ ਤਿਆਰ ਹੋਏ ਖਾਣੇ ਨੂੰ ਖਾ ਕੇ ਜਾਂਚ ਕੀਤੀ, ਉਥੇ ਬੱਚਿਆਂ ਦੀਆਂ ਕਾਪੀਆਂ ਵੇਖ ਕੇ ਅਧਿਆਪਕਾਂ ਵੱਲੋਂ ਕਰਵਾਏ ਗਏ ਪੜਾਈ ਦੇ ਕੰਮ ਨੂੰ ਵੇਖਿਆ।ਉਨਾਂ ਮੋਦੇ ਸਕੂਲ ਦੀਆਂ ਬੱਚੀਆਂ ਦੀਆਂ ਕਾਪੀਆਂ ’ਤੇ ਹੋਈ ਲਿਖਾਈ ਵੇਖ ਕੇ ਸਟਾਫ ਤੇ ਬੱਚਿਆਂ ਦੀ ਪ੍ਰਸੰਸਾ ਵੀ ਕੀਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਸਕੂਲਾਂ ਵਿਚ ਪੜਾਈ ਦੇ ਨਾਲ-ਨਾਲ ਖੇਡਾਂ ਦਾ ਵੀ ਖਾਸ ਧਿਆਨ ਦਿੱਤਾ ਜਾਵੇ।
ਸੋਨੀ ਨੇ ਇਸ ਮੌਕੇ ਜ਼ੋਰ ਦੇ ਕੇ ਕਿਹਾ ਕਿ ਸਕੂਲਾਂ ਵਿਚੋਂ ਨਕਲ ਦਾ ਕੋਹੜ ਲਾਹੁਣ ਲਈ ਅਸੀਂ ਪਿਛਲੇ ਲਗਾਤਾਰ ਇਕ ਸਾਲ ਤੋਂ ਮਿਹਨਤ ਕਰ ਰਹੇ ਹਾਂ ਅਤੇ ਹੁਣ ਕਿਸੇ ਵੀ ਸਕੂਲ ਵਿਚ ਬੱਚਿਆਂ ਨੂੰ ਨਕਲ ਮਾਰਨ ਜਾਂ ਮਰਵਾਉਣ ਦੀ ਖੁੱਲ ਨਹੀਂ ਦਿੱਤੀ ਜਾਵੇਗੀ ਅਤੇ ਮਹਿਕਮੇ ਦੀ ਇਸ ਉਤੇ ਲਗਾਤਾਰ ਨਿਗ੍ਹਾ ਰਹੇਗੀ।ਉਨਾਂ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਚੰਗੀ ਮਿਹਨਤ ਕਰਕੇ ਅੱਗੇ ਵਧਣ ਦਾ ਅਸ਼ੀਰਵਾਦ ਵੀ ਦਿੱਤਾ।
 

Check Also

ਨਗਰ ਨਿਗਮ ਨੇ ਐਮਸੇਵਾ ਪੋਰਟਲ `ਤੇ ਜਲ ਸਪਲਾਈ ਅਤੇ ਸੀਵਰੇਜ ਦੀ ਬਿਲਿੰਗ ਕੀਤੀ ਸ਼ੁਰੂ

ਐਸ.ਅੇਮ.ਐਸ ਰਾਹੀਂ ਭੇਜੇ ਜਾਣਗੇ ਬਿੱਲ – ਹਰਪ੍ਰੀਤ ਸਿੰਘ ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਸਥਾਨਕ …

Leave a Reply