ਸੰਨ ਉਨੀ ਸੌ ਸੱਤ ਸੀ, ਨੌਵੇਂ ਮਾਹ ਦੀ ਮਿਤੀ ਅਠਾਈ,
ਜੱਗ `ਤੇ ਆਇਆ ਭਗਤ ਸਿੰਘ, ਜਿਸ ਆਜਾਦੀ ਦੀ ਅਲਖ ਜਗਾਈ।
ਵਿੱਦਿਆਵਤੀ ਤੇ ਕਿਸ਼ਨ ਸਿੰਘ ਦਾ, ਪੁੱਤ ਸੀ ਭਾਗਾਂ ਵਾਲਾ
ਦੇਸ਼-ਪ੍ਰੇਮ ਦੇ ਜਜ਼ਬੇ ਵਿੱਚ ਉਹ, ਬਣ ਬੈਠਾ ਮਤਵਾਲਾ।
ਗਾਂਧੀ ਜੀ ਨਾ ਮਿਲਵਰਤਣ ਦੀ, ਐਸੀ ਲਹਿਰ ਚਲਾਈ
ਭਗਤ ਸਿੰਘ ਪ੍ਰਭਾਵਿਤ ਹੋ, ਅੱਧ-ਵਿੱਚੋਂ ਛੱਡੀ ਪੜ੍ਹਾਈ।
ਇਨਕਲਾਬ ਤੇ ਜ਼ਿੰਦਾਬਾਦ ਦੇ, ਨਾਅਰੇ ਅਰਸ਼ੀਂ ਗੂੰਜੇ
ਗੋਰਾ ਸਾਂਡਰਸ ਮਾਰ ਮੁਕਾਇਆ, ਲਾ ਦਿੱਤਾ ਸੀ ਖੂੰਜੇ।
ਭਗਤ ਸਿੰਘ-ਬਟੁਕੇਸ਼ਵਰ ਰਲ ਕੇ, ਬੰਬ ਅਸੈਂਬਲੀ ਸੁੱਟਿਆ
ਪਰ ਭੱਜਣ ਲਈ ਦੋਹਾਂ ਓਥੋਂ, ਇੱਕ ਵੀ ਕਦਮ ਨਾ ਪੁੱਟਿਆ।
ਕ੍ਰਾਂਤੀਕਾਰੀ ਫੜ ਕੇ ਗੋਰਿਆਂ, ਹੱਥਕੜੀਆਂ ਸੀ ਲਾਈਆਂ
ਵਤਨ-ਪ੍ਰੇਮੀ ਸੁੱਟੇ ਜੇਲ੍ਹੀਂ, ਪੈ ਗਏ ਵੱਸ ਕਸਾਈਆਂ।
ਰਾਜਗੁਰੂ, ਸੁਖਦੇਵ, ਭਗਤ ਸਿੰਘ, ਚੜ੍ਹ ਗਏ ਫਾਂਸੀ ਹੱਸਦੇ
“ਫੇਰ ਮਿਲਾਂਗੇ, ਦੇਸ਼ ਵਾਸੀਓ!, ਰਹਿਣਾ ਵੱਸਦੇ-ਰੱਸਦੇ।”
ਸੰਨ ਉਨੀ ਸੌ `ਕੱਤੀ ਦਾ ਸੀ, ਦਿਨ ਮਾਰਚ ਦਾ ਤੇਈ
ਨਮ ਅੱਖਾਂ ਨਾਲ `ਨਵ` ਆਖੇ, `ਮਿੱਤਰ ਅਸਾਡੇ ਸੇਈ।`
ਜੀਵਨ ਅਤੇ ਵਿਚਾਰਧਾਰਾ ਸੀ, ਭਗਤ ਸਿੰਘ ਦੀ ਐਸੀ
`ਸ਼ਹੀਦੇ-ਆਜ਼ਮ` ਰੁਤਬਾ ਪਾਇਆ, ਕਰਨੀ ਕੀਤੀ ਕੈਸੀ।
ਐਸੇ ਸੂਰਿਆਂ ਯੋਧਿਆਂ ਨੂੰ ਸਭ, ਰਲ ਕੇ ਸੀਸ ਝੁਕਾਈਏ
ਭੀੜ ਬਣੇ ਜੇ ਦੇਸ਼ ਦੇ ਉਤੇ, ਕਦੇ ਨਾ ਪਿੱਠ ਵਿਖਾਈਏ।
ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ, ਬਠਿੰਡਾ-151302
ਮੋ – 9417692015.