Monday, December 23, 2024

ਸੁੱਕ ਗਿਆ ਸੂਏ ਮੇਰੇ ਦਾ ਪਾਣੀ

Prof Pannu
ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਮੋਬਾ- 94638-08697

ਸੁਕਦੇ ਸੁਕਦੇ ਸੂਏ ਦੇ ਪਾਣੀ ਸੁੱਕ ਗਏ, ਮੁੱਕਦੇ ਮੁਕਦੇ ਮੇਰੇ ਨੇਤਰਾਂ ਦੇ ਪਾਣੀ ਮੁੱਕ ਗਏ। ਅੱਖਾਂ ਵਿਚ ਅਭਿਲਾਸ਼ਾ ਸੀ- ਮੇਰਾ ਆਪਣਾ ਘਰ ਹੋਵੇ। ਘਰ ਸਾਹਮਣੇ ਵਗਦਾ ਪਾਣੀ ਹੋਵੇ। ਮਦਰਾਸ, ਮੁੰਬਈ ਰਹਿੰਦਾ ਸਾਂ। ਸਮੁੰਦਰ ਦਾ ਕਿਨਾਰਾ ਹੁੰਦਾ ਸੀ ਮੇਰਾ ਸਹਾਰਾ। ਸਮੁੰਦਰ ਦਾ ਪਾਣੀ ਭਾਵੇਂ ਤੁਰਦਾ ਨਹੀਂ ਪਰ ਕਦੀ ਖਲੋਦਾਂ ਵੀ ਨਹੀਂ। ਆਪਣੇ ਸੌਹਰੇ ਪਿੰਡ ਘੜਕਾ ਚੰਬਾ ਦੇ ਨੇੜੇ ਵਗਦਾ ਦਰਿਆ ਬਿਆਸ, ਮਿਟਾਂਦਾ ਸੀ ਅਜ਼ਲਾਂ ਦੀ ਮੇਰੀ ਪਿਆਸ। ਮੇਰੇ ਪਿੰਡ, ਸਾਡੇ ਘਰ ਨੇੜੇ, ਠਾਠਾਂ ਮਾਰਦਾ ਛੱਪੜ ਹੁੰਦਾ ਸੀ। ਦੋ ਪਿੰਡਾਂ ਨੌਸ਼ਹਿਰਾਂ ਪਨੂੰਆਂ ਤੇ ਚੌਧਰੀਵਾਲਾ ਨੂੰ ਇਹ ਪਾਣੀ ਵੰਡਦਾ ਸੀ- ਦੋ ਪਿੰਡਾ ਵਿਚਾਲੇ ਪਾਣੀ ਦਾ ਪੁਲ ਬਣਦਾ ਸੀ। ਸਦਾ ਭਰਿਆ ਰਹਿਣ ਵਾਲਾ ਇਹ ਛੱਪੜ ਸੁੱਕਦਾ ਸੁੱਕਦਾ ਸੁੱਕ ਗਿਆ। ਸਮਰਾਲਾ ਮੇਰੇ ਘਰ ਸਾਹਮਣੇ ਵਗਦੇ ਸੂਏ ਦਾ ਪਾਣੀ ਮੁੱਕਦਾ ਮੁੱਕਦਾ ਮੁੱਕ ਗਿਆ। ਘਰ ਬਨਾਉਣੇ ਲਈ ਮੈਂ ਵਗਦੇ ਸੂਏ ਦਾ ਸਾਥ ਚੁਣਿਆ, ਸ਼ਹਿਰ ਦੀ ਨੇੜਤਾ ਨਹੀਂ। ਮੇਰੇ ਘਰ ਦੇ ਆਸੇ ਪਾਸੇ ਰੇਤਲੇ ਖੇਤ ਸਨ। ਮੁੰਗਫਲੀ ਹੀ ਹੁੰਦੀ ਸੀ। ਹੌਲੀ ਹੌਲੀ ਸ਼ਹਿਰ ਮੇਰੇ ਘਰ ਵੱਲ ਵੱਧਦਾ ਗਿਆ। ਸ਼ਹਿਰ ਦਾ ਸੀਵਰੇਜ ਮੇਰੇ ਘਰ ਦੇ ਨੇੜੇ ਆ ਕੇ ਰੁਕ ਗਿਆ। ਸੂਏ ਦੇ ਸਾਹਮਣੇ ਟਿੱਬਿਆਂ ਦੀ ਰੇਤ ਉੱਡ ਉੱਡ ਨੀਵੇਂ ਪਲਾਟ ਭਰਦੀ ਰਹੀ। ਰੇਤ ਦੇ ਟਿੱਬੇ ਮੁੱਕ ਗਏ, ਸੂਏ ਦੇ ਪਾਣੀ ਸੁੱਕ ਗਏ। ਬੰਦ ਸੀਵਰੇਜ ਦੇ ਗੰਦੇ ਪਾਣੀ ਖੜੇ ਰਹੇ। ਵਧਦੇ ਰਹੇ।
ਵਗਦੇ ਸੂਏ ਦੇ ਕਿਨਾਰੇ ਮੈਂ ਘਰ ਬਣਾਇਆ ਸੀ। ਕਵਿਤਾ ਭਵਨ ਖੁਲਾ ਸੀ। ਭਾਂਤ ਭਾਂਤ ਦੇ ਫੁਲਦਾਰ, ਫਲਦਾਰ, ਛਾਂਦਾਰ ਰੁੱਖ ਲਗਾਏ ਸਨ। ਸੋਚਿਆਂ ਸੀੀ ਪਾਣੀ ਵਗਦਾ ਰਹੇਗਾ। ਸ਼ੁਧ ਠੰਡੀ ਹਵਾ ਆਵੇਗੀ। ਬਿਰਖ ਵੱਡੇ ਹੋਣਗੇ। ਪੰਛੀ ਆਉਂਣਗੇ। ਬੈਠਣਗੇ। ਗਾੳਂੁਣਗੇ। ਆਹਲਣੇ ਬਨਾਉਂਣਗੇ। ਫੁੱਲ ਖੁਸ਼ਬੂ ਫੈਲਾਉਣਗੇ। ਕਵਿਤਾ ਭਵਨ ਦੇ ਬਾਸ਼ਿੰਦੇ ਛਾਵੇਂ ਬੈਠਣਗੇ। ਹੱਸਣਗੇ। ਰੁਸਣਗੇ। ਇਹ ਸਭ ਕੁਝ ਹੋਇਆ। ਪਰ ਲੰਮਾ ਸਮਾਂ ਨਾਲ ਤੁਰ ਨਾ ਸਕਿਆ। ਮੈਂ ਇਕੱਲਾ ਰਹਿ ਗਿਆ।
ਆਲਮੀ ਤਪਸ਼ ਵਧਦੀ ਗਈ। ਮੌਨਸੂਨ ਰੁੱਸ ਗਈ। ਬਾਰਸ਼ ਘੱਟ ਗਈ। ਨਹਿਰਾਂ ਵਿਚ ਪਾਣੀ ਘੱਟ ਗਿਆ। ਸੂਏ, ਕੱਸੀਆਂ, ਡਰੇਨਾਂ, ਰੋਹੀਆਂ, ਬਰਸਾਤੀ ਚੋਅ, ਸੁੱਕ ਗਏ। ਮੰਤਰੀਆਂ, ਅਫ਼ਸਰਾਂ ਨੇ ਵਗਦੇ ਪਾਣੀ ਵਾਲੀਆਂ ਥਾਵਾਂ ਮੱਲ ਲਈਆਂ। ਹਵਾ, ਪਾਣੀ ਦੇ ਕੁਦਰਤੀ ਵਹਾ ਸਾਹਮਣੇ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ- ਵਗਦਾ ਰੁਕ ਗਿਆ। ਫਾਰਮ ਹਾਊਸ ਉਸਾਰ ਲਏ ਗਏ। ਮੇਰੇ ਘਰ ਦੇ ਸਾਹਮਣੇ ਵਗਦਾ ਸੂਆ ਘਾਹ, ਬੂਟੀ, ਕਾਹੀ, ਸਰਕੜੇ ਨਾਲ ਭਰ ਗਿਆ। ਪਾਣੀ ਸੁੱਕ ਗਿਆ। ਸੂਆ ਮੇਰੇ ਨਾਲ ਰੁੱਸ ਗਿਆ।
ਮੇਰੇ ਨੇੜੇ ਦੇ ਸੂਏ ਵਿਚ ਪਾਣੀ ਕਿਥੋਂ ਆਵੇ। ਧਰਤੀ ਹੇਠਲੇ ਪਾਣੀ ਘਟਦੇ ਜਾ ਰਹੇ ਹਨ। ਜਿਨਾਂ ਪਾਣੀ ਧਰਤੀ ਵਿਚ ਜੀਰਨਾਂ ਚਾਹੀਦਾ ਹੈ, ਧਰਤੀ ਅੰਦਰ ਜਾਣਾ ਚਾਹੀਦਾ ਹੈ, ਉਸ ਤੋਂ ਦੁਗਣਾ ਪਾਣੀ ਤਾਂ ਟਿਊਵੈਲਾਂ ਪਾਣੀਆਂ ਦੀਆਂ ਮੋਟਰਾਂ ਰਾਹੀਂ, ਬਾਹਰ ਕੱਢਿਆ ਜਾ ਰਿਹਾ ਹੈ।
ਪੰਜਾਬ ਕਣਕ ਤੋਂ ਬਾਅਦ ਪਾਣੀ ਪੀਣ ਵਾਲੀ ਮੁੱਖ ਫਸਲ ਝੋਨਾ ਹੈ- ਪੰਜਾਬ ਵਿਚ 13 ਲੱਖ ਟਿਊਵੈਲ ਧਰਤੀ ਹੇਠਲਾ ਪਾਣੀ ਬਾਹਰ ਖਿੱਚ ਰਹੇ ਹਨ। ਦਰਿਆਵਾਂ ਦੇ ਪਾਣੀਆਂ ਵਿਚ ਸ਼ਹਿਰਾਂ ਦਾ ਕਚਰਾ, ਸੀਵੇਰਜ ਤੇ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਪੈ ਰਿਹਾ ਹੈ। ਵਗਦੇ ਪਾਣੀ ਪ੍ਰਦੂਸ਼ਤ ਹੋ ਰਹੇ ਹਨ।
33 ਕਰੋੜ ਦੇਵਤੇੇ, ਇਸ ਤੋਂ ਚਾਰ ਗੁਣਾ ਵੱਧ ਮੂਰਤੀਆਂ ਹੋਣਗੀਆਂ। ਪੱਥਰ ਦੀਆਂ ਕਰੋੜਾਂ ਮੂਰਤੀਆਂ ਨੂੰ ਰੋਜ਼ ਪਾਣੀ ਨਾਲ ਨੁਹਾਇਆ ਜਾਂਦਾ ਹੈ। ਪਲਾਸਟਿਕ ਦੇ ਫੁੱਲ ਪਾਣੀ ਨਾਲ ਰੋਜ਼ ਧੋਤੇ ਜਾਂਦੇ ਹਨ। ਪਾਣੀ ਬਰਬਾਦ ਹੋ ਰਿਹਾ ਹੈ- ਪਾਣੀ ਦਾ ਸਰਫਾ ਨਹੀਂ ਕੀਤਾ ਜਾ ਰਿਹਾ ਹੈ।
ਮੇਰੇ ਘਰ ਦੇ ਸਾਹਮਣੇ ਜਦੋਂ ਸੂਆ ਵਗਦਾ ਸੀ। ਪਾਣੀ ਵਿਚ ਨਿੱਕੀਆ ਨਿੱਕੀਆਂ ਲਹਿਰਾਂ ਪੈਦਾ ਹੁੰਦੀਆ ਸਨ। ਸੂਏ ਦੀ ਪਟੜੀ ਹਰੀ ਭਰੀ ਹੋਇਆ ਕਰਦੀ ਸੀ। ਸ਼ਾਮੀ ਪਟੜੀ ਦੇ ਹਰੇ ਘਾਹ ਉੱਤੇ ਮੈਂ ਪਲ ਬੈਠ ਜਾਇਆ ਕਰਦਾ ਸਾਂ। ਹੁਣ ਸੂਆ ਗੰਦਗੀ ਦਾ ਭਰਿਆ ਪਿਆ ਹੈ। ਸੂਏ ਦੀ ਪਟੜੀ ਉੱਤੇ ਘਾਹ ਦੀ ਕੋਈ ਤਿੜ ਨਹੀਂ- ਸੁਕੀਆਂ ਕੰਡਿਆਂਲੀਆਂ ਬੂਟੀਆਂ ਹਨ। ਸੂਏ ਦੇ ਪੁਲ ਉੱਤੇ ਅਵਾਰਾ ਨਸ਼ੇੜੀ ਮੁੰਡੇ ਬੈਠਦੇ ਹਨ। ਖਾਲੀ ਬੋਤਲਾਂ, ਕੈਪਸੂਲਾਂ ਹੀਣੇ ਪੈਕਟ, ਸੂਏ ਵਿਚ ਸੁੱਟਦੇ ਹਨ।
ਸੂਏ ਦੇ ਕਿਨਾਰੇ ਉੱਤੇ ਭਲੇ ਵੇਲਿਆਂ ਦੇ ਲਗਾਏ ਸਫੈਦੇ, ਜਵਾਨੀ ਤੋਂ ਬਾਅਦ ਬੁੱਢੇ ਹੋ ਗਏ ਹਨ। ਇਹਨਾਂ ਸਫੈਦਿਆਂ ਦੀਆਂ ਟਹਿਣੀਆਂ ਉੱਤੇ ਗਿਰਝਾਂ ਬੈਠਿਆ ਕਰਦੀਆ ਸਨ- ਹੁਣ ਕੋਈ ਗਿਰਝ ਕਿੱਧਰੇ ਨਹੀਂ ਦਿਸਦੀ। ਸ਼ਾਮ ਢਲਦਿਆਂ ਹੀ ਕਾਵਾਂ ਦੇ ਕਾਫਲੇ ਸਫੈਦਿਆਂ ਦੀਆਂ ਸੰਘਣੀਆਂ ਟਾਹਣੀਆਂ ਵਿਚ ਆਪਣੇ ਰੈਣ ਬਸੇਰੇ ਲਈ, ਥਾਂ ਲੱਭਦੇ ਸਨ। ਹੁਣ ਕਾਵਾਂ ਦੇ ਕਾਫਲੇ ਨਹੀਂ ਰਹੇ। ਇਕਾ ਦੁਕਾ ਕਾਂ ਹੀ ਕਿਤੇ ਦਿਸਦਾ ਹੈ। ਕਵਿਤਾ ਭਵਨ ਦੇ ਵਿਹੜੇ ਵਿਚ ਲੱਗੇ ਰੁੱਖਾਂ ਨਾਲ ਮੈਂ ਪੰਛੀਆਂ ਦੇ ਘਰ ਬਣਾਉਦਾ ਸਾਂ। ਆਹਲਣੇ ਟੰਗਦਾ ਸਾਂ। ਇਹਨਾਂ ਆਲਣਿਆਂ ਵਿਚ ਪੰਛੀ ਆ ਕੇ ਨਹੀਂ ਬੈਠਦੇ ਸਨ। ਵਿਹੜੇ ਦੇ ਰੁੱਖਾਂ ਹੇਠਾਂ ਮੈਂ ਪਾਣੀ ਦੇ ਭਰਕੇ ਪੱਕੀ ਮਿੱਟੀ ਦੇ ਬੱਠਲ ਰੱਖਦਾ ਸਾਂ। ਦੁਪਿਹਰਾਂ ਨੂੰ ਪੰਛੀ ਛਾਵੇਂ ਬੈਠਦੇ ਸਨ। ਪਾਣੀ ਪੀਂਦੇ ਸਨ। ਹੁਣ ਪੰਛੀ ਇਹਨਾਂ ਬੱਠਲਾਂ ਵਿਚੋਂ ਪਾਣੀ ਪੀਣ ਨਹੀਂ ਆਉਂਦੇ। ਪੰਛੀ ਹੁਣ ਰਹੇ ਹੀ ਨਹੀਂ। ਚਿੜੀਆਂ ਦੀ ਚੀਂ ਚੀਂ ਹੁਣ ਨਹੀਂ ਸੁਣਦੀ। ਕਦੀ ਕਦੀ ਕੋਈ ਘੁੱਗੀ ਆ ਜਾਂਦੀ ਹੈ। ਕਦੀ ਕਦੀ ਕੋਈ ਗੁਟਾਰ ਫੇਰ ਪਾ ਜਾਂਦੀ ਹੈ। ਕਦੀ ਕਦੀ ਕਾਟੋ ਫਲ ਟੁਕ ਜਾਂਦੀ ਹੈ। ਪੰਛੀਆਂ ਦੀਆਂ ਡਾਰਾਂ ਹੁਣ ਨਹੀਂ ਰਹੀਆਂ। ਕੱਲਾ ਕਾਰਾ ਪੰਛੀ ਡਾਰ ਬਣਦਾ। ਇਕੱਲਾ ਮਨੁੱਖ ਕਾਫਲਾ ਨਹੀਂ ਅਖਵਾਉਦਾ। ਆਸਮਾਨ ਵਿਚ ਕਿਧਰੇ ਕੋਈ ਬਦਲੀ ਨਜ਼ਰ ਨਹੀਂ ਆਉਦੀ। ਨਾ ਕੋਈ ਅਬਾਬੀਲ, ਨਾ ਕੋਈ ਕੂੰਜ, ਮੰਡਲਾਉਂਦੀ ਹੈ।
ਰੁੱਤ ਆਉਂਣ ਉੱਤੇ ਪਿਛਲੇ ਸਾਲ ਕਵਿਤਾ ਭਵਨ ਅੰਦਰ ਮੁਸੱਮੀਆਂ ਦੇ ਬਿਰਖਾਂ ਨਾਲ ਲੱਗੀਆਂ ਸੈਕੜੇ ਮੁੱਸਮੀਆਂ ਵਿਚੋਂ ਥੋੜੀਆਂ ਕੁ ਪੱਕ ਕੇ ਮੇਰੇ ਹਿੱਸੇ ਆਈਆਂ ਸਨ। ਆੜੂਆਂ ਦੇ ਬਿਰਖਾਂ ਨਾਲ ਹਜ਼ਾਰਾਂ ਫਿੱਕੇ ਫਿੱਕੇ ਨੀਲੇ ਫੁੱਲ ਲੱਗੇ ਸਨ। ਸਾਰੇ ਝੜ ਗਏ। ਕੁਝ ਫੁੱਲ ਝੜਨੋ ਬਚ ਗਏ ਸਨ। ਪੱਕ ਕੇ ਮੇਰੇ ਹਿੱਸੇ ਕੁਝ ਆੜੂ ਆ ਗਏ ਸਨ। ਇਸ ਵਾਰ ਤਾਂ ਮਸੱਮੀਆਂ, ਆੜੂਆਂ ਦੇ ਬਿਰਖਾਂ ਨੂੰ ਸੈਕੜੇ ਫੁੱਲ ਲੱਗੇ। ਪਰ ਇਕ ਵੀ ਮੁਸੱਮੀ, ਇਕ ਵੀ ਆੜੂ ਪੂਰਾ ਵਧ ਕੇ, ਰਸ ਕੇ, ਨਹੀਂ ਪੱਕਿਆਂ। ਸਾਰੇ ਹੀ ਫੁੱਲ ਸਾਰੀਆਂ ਡੋਡੀਆਂ ਕੱਚੀਆਂ ਹੇਠਾਂ ਡਿੱਗ ਪਈਆਂ। ਬਿਰਖਾਂ ਦੀਆਂ ਜੜਾਂ ਵਿਚ ਨਮੀ ਨਹੀਂ ਰਹੀ। ਬਿਰਖਾਂ ਦੇ ਪੱਤਿਆਂ ਨੂੰ ਬਾਰਸ਼ ਦਾ ਇਸ਼ਨਾਨ ਨਹੀਂ ਮਿਲਿਆ। ਰੁੱਖਾਂ ਦੇ ਪੱਤੇ, ਗਰਮੀਆਂ ਵਿਚ, ਕੁਦਰਤ ਦੀਆਂ ਪੱਖੀਆਂ ਹਨ। ਇਨਾਂ ਪੱਤ ਪੱਖੀਆਂ ਨੂੰ ਹਵਾ ਹਿਲਾਉਂਦੀ ਹੈ। ਪਵਨ ਝੱਲ ਮਾਰਦੀ ਹੈ। ਸਾਨੂੰ ਹਵਾ ਮਿਲਦੀ ਹੈ। ਹੌਲੀ ਹੌਲੀ ਵਗਦੀ ਹਵਾ ਵਿਚ ਬਿਰਖਾਂ ਦੇ ਪੱਤੇ ਹਿਲਦੇ ਹਨ- ਇਕ ਦੂਜੇ ਦੇ ਗਲੇ ਮਿਲਦੇ ਹਨ। ਸੰਗੀਤ ਪੈਦਾ ਹੁੰਦਾ ਹੈ। ਸਾਡਾ ਰੂਹ ਨਸ਼ਿਆਉਂਦਾ ਹੈ। ਪੀਲੇ ਹੋ ਕੇ ਪੱਤੇ ਹੇਠਾਂ ਧਰਤੀ ਉੱਤੇ ਡਿਗਦੇ ਹਨ। ਪੀਲੀ ਦਰੀ ਵਿਛ ਜਾਂਦੀ ਹੈ। ਦਰੀ ਉੱਤੇ ਕੁੜੀਆਂ ਬੈਠਦੀਆ ਹਨ। ਮਿਲ ਗੀਤ ਗਾਉਂਦੀਆਂ ਹਨ। ਪਰ ਜੇ ਪੱਤੇ ਬੁਢੇਪੇ ਤੋਂ ਪਹਿਲਾਂ ਹੀ ਸੁੱਕ ਕੇ ਧਰਤੀ ਉੱਤੇ ਡਿਗ ਪੈਣ। ਤਾਂ ਧਰਤੀ ਵੈਣ ਪਾਉਦੀ ਹੈ। ਸੁੱਕੀ ਧਰਤੀ -ਸੁੱਕੇ ਪੱਤੇ। ਕਿਉਂ ਸ਼ਰਮਾਂ ਕੇ ਹੋਰ ਹੇਠਾਂ ਚਲੇ ਗਏ ਧਰਤੀ ਹੇਠਲੇ ਪਾਣੀ।
ਮੇਰੇ ਘਰ ਦੇ ਸਾਹਮਣੇ ਲੰਘਦਾ ਸੂਆ ਜਦੋਂ ਵਗਦਾ ਸੀ- ਲਗਦਾ ਸੀ, ਇਹ ਮੇਰੀ ਹੋਂਦ ਦਾ ਪਰਛਾਵਾਂ ਲੈ ਕੇ ਦੂਰ ਖੇਤਾਂ ਵਿਚ ਜਾਵੇਗਾ। ਫਸਲ ਉਗਾਵੇਗਾ। ਇਸ ਪਾਣੀ ਦੇ ਕੁਝ ਕਤਰੇ ਉੱਡ ਕੇ। ਹਵਾ ਦੇ ਖੰਭਾਂ ਉੱਤੇ ਸਵਾਰ ਹੋ ਕੇ, ਸ਼ਾਇਦ ਭਰ-ਸਰਵਰ ਤੱਕ ਪਹੁੰਚ ਜਾਣ। ਮੇਰੀ ਹੋਂਦ ਬ੍ਰਹਿਮੰਡੀ ਹੋ ਜਾਵੇ। ਇਹ ਸੂਆ ਸ਼ਾਇਦ ਡੈਮ ਤੋਂ ਨਹਿਰ ਰਾਹੀਂ ਹੋ ਕੇ, ਸੂਏ ਦਾ ਰੂਪ ਧਾਰ ਕੇ, ਦਰਿਆ ਸਤਲੁਜ ਦਾ ਅਕਸ ਲੈ ਕੇ ਆਉਂਦਾ ਹੈ। ਏਸੇ ਦਰਿਆ ਕੰਢੇ ਤਾਂ ਅਕਤੂਬਰ 1831 ਵਿਚ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਗਵਰਨਰ ਜਨਰਲ ਵਿਲੀਅਮ ਬੈਟਿਕ ਵਿਚਾਲੇ ਸਤਲੁਜ ਸਰਹੱਦ ਸੰਧੀ ਹੋਈ ਸੀ।
ਜਦੋਂ ਮੈਂ ਸੂਏ ਦੇ ਕੰਢੇ ਉੱਤੇ ਆਪਣਾ ਘਰ ਬਣਾ ਰਿਹਾ ਸਾਂ। ਮੈਂ ਸੋਚਦਾ ਸਾਂ, ਮੇਰੇ ਘਰ ਆਉਂਣ ਵਾਲਾ ਹਰ ਵਿਅਕਤੀ ਘਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਵਗਦੇ ਪਾਣੀ ਦੇ ਦਰਸ਼ਨ ਕਰੇਗਾ- ਤਰਿਪਤ ਹੋ ਜਾਵੇਗਾ। ਮੇਰੇ ਉੱਤੇ ਗੁੱਸਾ ਕੱਢਣ ਆਇਆ ਵਿਅਕਤੀ ਵੀ ਸ਼ਾਂਤ ਹੋ ਜਾਵੇਗਾ। ਮੈਨੂੰ ਘੁੱਟ ਕੇ ਗਲਵੱਕੜੀ ਪਾਵੇਗਾ।
ਮਿਸਰ ਦੇ ਚੰਗੇ ਭਾਗ ਦਰਿਆ ਨੀਲੇ ਦੇ ਕੰਢੇ ਉੱਤੇ ਸੰਸਾਰ ਦਾ ਪਹਿਲਾ ਅਜੂਬਾ ਪੈਰਾਮਿਡਜ਼ (ਮੱਮੀਆਂ, ਮਹਾਂ ਪੁਰਖਾਂ ਦੀਆਂ ਦੇਹਾਂ) ਉਸਰੇ ਹੋਏ ਹਾਂ। ਮੇਰੇ ਸੂਹੇ ਵਿਚ ਭਾਵੇਂ ਨੀਲ ਨਦੀ ਦਾ ਪਾਣੀ ਤਾਂ ਨਹੀਂ ਸੀ ਹੋ ਸਕਦਾ, ਪਰ ਮੈਨੂੰ ਲਗਦਾ ਸੀ ਕਿ ਕੋਈ ਸਹਿਰਾਈ ਪਰਵਾਸੀ ਪੰਛੀ ਦਰਿਆ ਨੀਲ ਵਿਚ ਨਹਾ ਕੇ ਸ਼ਾਇਦ ਮੇਰੇ ਸੂਏ ਦੇ ਪਾਣੀ ਵਿਚ ਚੁੱਭੀ ਲਾ ਹਵੇ। ਕਵਿਤਾ ਭਵਨ ਦੇ ਗੇਟ ਉੱਤੇ ਪੈਰਾਮਿਡ ਦਾ ਪਰਛਾਵਾਂ ਪਾ ਜਾਵੇ। ਸੰਸਾਰ ਦਾ ਸਭ ਤੋਂ ਲੰਮਾ ਦਰਿਆ ਨੀਲ ਸ਼ਾਇਦ ਮੇਰੇ ਸੂਏ ਦੇ ਲਾਗੋਂ ਦੀ ਲੰਘ ਜਾਵੇ।
ਸਾਡੀ ਧਰਤੀ ਉੱਤੇ ਪਾਣੀ ਹੀ ਪਾਣੀ ਹੈ- 75% ਤੋਂ ਧਰਤੀ ਪਾਣੀ ਹੇਠ ਹੈ- ਪਰ ਪੀਣ ਵਾਲਾ ਪਾਣੀ ਸਿਰਫ .007 ਹੈ। ਮੈਨੂੰ ਲੱਗਦਾ ਸੀ ਇਸ .007 ਪਾਣੀ ਵਿਚ ਮੇਰੇ ਸੂਏ ਦਾ ਪਾਣੀ ਵੀ ਸ਼ਾਮਲ ਹੈ।
ਜਾਰਡਨ, ਕਾਂਗੋ, ਕੁਲੰਬੀਆ ਦਰਿਆਵਾਂ ਦੇ ਨਾਪ ਉੱਤੇ ਹੀ ਦੇਸ਼ਾ ਦੇ ਨਾਮ ਹਲ। ਦਰਿਆਵਾਂ ਦੇ ਕਿਨਾਰਿਆਂ ਉੱਤੇ ਗਿਆਨ ਤੇ ਸੱਭਿਅਤਾ ਵਿਕਸਤ ਹੋਈ। ਸ਼ਹਿਰ ਉਸਰੇ। ਰੂਸ ਦੇ ਦਰਿਆ ਵੋਲਗਾ ਕੰਢੇ ਸਟਾਲਨਗਰਾਡ (ਵੋਲੋਗਰਾਡ), ਇਰਾਕ ਦੇ ਦਰਿਆ ਦਜਲਾ ਕੰਢੇ ਬਗਦਾਦ ਬਸਰਾ, ਭਾਰਤ ਦੇ ਦਰਿਆ ਗੰਗਾ, ਸਤਲੁਜ ਦੇ ਕਿਨਾਰੇ ਉਸਾਰੇ ਕਈ ਸ਼ਹਿਰ।ਚੀਨ ਦੀ ਸੱਭਿਅਤਾ ਦਾ ਕੇਂਦਰ ਰਿਹਾ ਦਰਿਆ ਯਾਂਗਸੇ। ਮੈਂ ਸੋਚਿਆ ਸੀ ਮੇਰੇ ਘਰ ਸਾਹਮਣੇ ਵਸਦਾ ਸੂਆ ਵੀ ਮੇਰੀ ਪਛਾਣ ਸਥਾਪਤੀ ਵਿੱਚ ਕੁਝ ਯੋਗਦਾਨ ਪਾਵੇ। ਭਾਰਤ ਵਿੱਚ ਸਿੰਧੂ ਘਾਟੀ ਦੀ ਸੱਭਿਅਤਾ ਪ੍ਰਸਿੱਧ ਹੈ। 1929 ਵਿੱਚ ਕਾਂਗਰਸ ਦਾ ਸਲਾਨਾ ਸੰਮੇਲਨ ਸਮਾਰੋਹ ਦਰਿਆ ਰਾਵੀ ਦੇ ਕੰਢੇ ਹੋਇਆ। ਭਾਰਤ ਨੂੰ ਪੂਰੀ ਆਜ਼ਾਦੀ ਦਾ ਐਲਾਨ ਕੀਤਾ ਗਿਆ।
ਸੰਸਾਰ ਭਰ ਵਿੱਚ ਕਰੀਬ ਸਾਰੇ ਪਰਾਚੀਨ ਮਹਾਨ ਗ੍ਰੰਥ, ਰਿਸ਼ੀਆਂ ਮੁਨੀਆਂ, ਪੈਗੰਬਰਾਂ, ਗੁਰੂਆਂ, ਕਵੀਆਂ, ਸਾਹਿਤਕਾਰਾਂ ਨੇ ਵਗਦੇ ਦਰਿਆਵਾਂ ਕਿਨਾਰੇ, ਕੁਦਰਤ ਦੀ ਗੋਦੀ ਵਿੱਚ ਬੈਠ ਕੇ, ਲਿਖੇ। ਮੈਂ ਇੱਕ ਕਵੀ ਹਾਂ। ਮੈਂ ਸੋਚਿਆ, ਮੈਂ ਵਸਦੇ ਪਾਣੀ ਦੇ ਕਿਨਾਰੇ ਬੈਠਕੇ ਕਵਿਤਾ ਲਿਖਾਂਗਾ। ਸ਼ਾਇਦ ਮੇਰੀ ਵੀ ਕੋਈ ਰਚਨਾ ਅਮਰਤਾ ਦਾ ਦਰਜਾ ਪ੍ਰਾਪਤ ਕਰ ਜਾਵੇ। ਮੈਂ ਕਵਿਤਾ ਲਿਖਦਾ ਹਾਂ। ਮੈਂ ਆਪਣੇ ਘਰ ਦੇ ਨਾਮ ਰੱਖਿਆ ਕਵਿਤਾ ਭਵਨ, ਮੇਰੀ ਬੇਟੀ ਦਾ ਨਾਮ ਹੈ ਨਵਕਵਿਤਾ। ਉਹ ਵੀ ਕਦੀ ਕਦੀ ਕਵਿਤਾ ਲਿਖਦੀ ਹੈ।
ਹੁਣ ਗੁਰੂ, ਪੈਗੰਬਰ, ਫਿਲਾਸਫਰ, ਕਵੀ ਦਰਿਆਵਾਂ ਦੇ ਕਿਨਾਰੇ ਬੈਠ ਕੇ ਸਾਹਿਤ ਨਹੀਂ ਰਚਦੇ। ਕਵਿਤਾ ਨਹੀਂ ਲਿਖਦੇ। ਦਰਿਆ ਪ੍ਰਦੂਸ਼ਤ ਹੋ ਗਏ ਹਨ। ਕਿਨਾਰੇ ਦੇ ਸ਼ਹਿਰਾਂ, ਕਸਬਿਆਂ, ਕਾਰਖਾਨਿਆਂ ਦਾ ਗੰਦਾ ਜ਼ਹਿਰੀਲਾ ਪਾਣੀ ਇਨਾਂ ਦਰਿਆਵਾਂ ਵਿੱਚ ਪੈਂਦਾ ਹੈ। ਦਰਿਆਵਾਂ ਕਿਨਾਰੇ ਸਥਿਤ ਧਾਰਮਿਕ ਸਥਾਨਾਂ ਲਾਊਡਸਪੀਕਰ ਸ਼ੋਰ ਪ੍ਰਦੂਸ਼ਣ ਵੀ ਸੰਵੇਦਨਸ਼ੀਲ ਕਵੀਆਂ ਲੇਖਕਾਂ ਨੂੰ ਪਰੇਸ਼ਾਨ ਕਰਦਾ ਹੈ। ਮੇਰਾ ਸੂਆ ਵੀ ਪ੍ਰਦੂਸ਼ਣ ਦੀ ਮਾਰ ਤੋਂ ਬਚ ਨਹੀਂ ਸਕਿਆ। ਸੂਆ ਗੰਦ ਮੰਦ, ਕੂੜੇ ਕਬਾੜ, ਨਾਲ ਭਰਿਆ ਖੜਾ ਹੈ। ਵੱਗਦਾ ਨਹੀਂ। ਜਲ, ਜੰਗਲ, ਜ਼ਮੀਨ, ਜਨਮ, ਸਭ ਪ੍ਰਦੂਸ਼ਤ ਹੋ ਚੁੱਕੇ ਹਨ। ਸੂਏ ਦੀ ਪੱਟੜੀ ਹੁਣ ਸੈਰ ਕਰਨ ਯੋਗ ਨਹੀਂ ਰਹੀ। ਪੱਟੜੀ ਉੱਤੇ ਮਨੀ, ਮਜ਼ਲ ਮੋਬਾਇਲ, ਮੋਟਰਸਾਈਕਲ ਵਾਲੇ, ਅੱਧਾ ਸਿਰ ਕੱਟੇ, ਨੱਤੀਆਂ ਵਾਲੇ, ਰਿਸ਼ਵਤਖੋਰ ਅਫ਼ਸਰਾਂ, ਭ੍ਰਿਸ਼ਟ ਸਿਆਸਤਦਾਨਾਂ ਦੇ ਵਿਹਲੜ ਕਾਕੇ ਅਵਾਰਾਗਰਦੀ ਕਰਦੇ ਹਨ।
ਮਨੁੱਖੀ ਸਰੀਰ ਵਿਚ 70% ਪਾਣੀ ਹੈ। ਸਾਰੇ ਪਾਣੀ ਪ੍ਰਦੂਸ਼ਤ ਹੋ ਚੁੱਕੇ ਹਨ। ਏਸੇ ਕਰਕੇ ਮਨੁੱਖੀ ਸਰੀਰ ਅਨੇਕਾਂ ਬੀਮਾਰੀਆਂ ਦੇ ਦਾਬੇ ਹੇਠ ਹੈ। ਬੋਤਲ ਪਾਣੀ ਦੀ ਕੋਈ ਗਰੰਟੀ ਨਹੀਂ- ਕਿ ਕਿਟਾਣੂ ਰਹਿਤ ਹੋਵੇਗਾ।
ਲੱਖਾਂ ਪੇਂਡੂ ਘਰਾਂ ਵਿਚ ਨਾ ਪਾਣੀ ਹੈ, ਨਾ ਪਖਾਨਾ। 65% ਘਰਾਂ ਵਿਚ ਲੈਟਰੀਨਾਂ ਨਹੀਂ ਹਨ। ਹਨੇਰੇ ਹੋਏ ਕੁੜੀਆਂ ਹਾਜਤ ਕਰਨ ਖੇਤਾਂ ਵਿਚ ਜਾਂਦੀਆ ਹਨ ਤਾਂ ਬਦਾਯੂੰ ਵਰਗੀ ਅਤਿ ਵਹਿਸ਼ੀਆਨਾ ਘਟਨਾ ਵਾਪਰਦੀ ਹੈ। ਕੁੜੀਆਂ ਦੀਆਂ ਲਾਸ਼ਾਂ ਅੰਬ ਦੇ ਰੁੱਖ ਨਾਲ ਲਟਕਦੀਆਂ ਮਿਲਦੀਆਂ ਹਨ। ਅਣਕਮਾਈ ਹੋਈ ਮਣਾਮੂੰਹੀਂ ਦੌਲਤ ਵਾਲੇ, ਆਪਣੀਆਂ ਕਾਰਾਂ, ਆਪਣੇ ਕੁੱਤੇ ਅਤੇ ਲਾਅਨ ਦਾ ਘਾਹ ਤੇ ਪੌਦੇ ਰੋਜ਼ ਪਾਣੀ ਨਾਲ ਧੋਂਦੇ ਹਨ। ਲੱਖਾਂ ਕਿਰਤੀ ਘਰਾਂ ਵਿਚ ਪਾਣੀ ਦੀ ਇਕ ਬੂੰਦ ਨਹੀਂ। ਨਲਕੇ ਬੰਦ ਹੋ ਗਏ ਹਲ। ਘਰਤੀ ਹੇਠਲੇ ਪਾਣੀ ਹੋਰ ਹੇਠਾਂ ਚੱਲੇ ਗਏ ਹਨ।
ਬਨਾਰਸ ਗੰਗਾ ਕੰਢੇ ਅਤੇ ਮਥੂਰਾ ਵਰਿੰਦਾਵਣ ਜਮਨਾ ਕੰਢੇ, ਸੈਂਕੜੇ ਵਿਧਵਾਵਾਂ, ਕਈ ਸਾਲਾਂ ਤੋਂ ਰਾਮ ਰਾਮ ਦਾ ਰਟਣ ਕਰਨ ਵਾਲੀਆਂ ਸਹਿਕਦੀਆਂ ਮਸ਼ੀਨਾਂ ਹਨ- ਰੋਜ਼ ਮੌਤ ਦਾ ਇੰਤਜ਼ਾਰ ਕਰਦੀਆਂ ਹਨ। ਦਰਿਆ ਵਿਚ ਰੁੜੇ ਜਾਂਦੇ ਪੂਜਾ ਦੇ ਨਾਰੀਅਲ ਨੂੰ ਫੜਨ ਲੱਗੀਆਂ, ਡੁੱਬ ਮਰਦੀਆਂ ਹਨ।
ਨਾਨਕ ਇਹ ਜਗਤ ਸਭ ਜਲ ਹੈ
ਜਲ ਹੀ ਤੇ ਸਭ ਕੋਇ। – ਅੰਗ 1283
ਪਾਣੀ ਪਿਤਾ ਹੈ। ਪਾਣੀ ਹੀ ਜੀਵਨ ਆਧਾਰ ਹੈ। ਪਾਣੀ ਹੀ ਜ਼ਿੰਦਗੀ ਹੈ- ਪ੍ਰਾਣ ਹੈ। ਪਰ ਸ਼ੁਧ ਪਾਣ ਮਿਲੇ ਕਿਥੋਂ? ਬਾਰਸ਼ ਦਾ ਪਾਣੀ ਸ਼ੁਧ ਹੁੰਦਾ ਹੈ। ਖੂਬ ਬਾਰਸ਼ ਬਰਸੇ। ਨਦੀਆਂ, ਰੋਹੀਆਂ, ਕੱਸੀਆਂ ਭਰ ਵੱਗਣ। ਮੇਰੇ ਸੂਏ ਵਿਚ ਵੀ ਪਾਣੀ ਵੀ ਆ ਜਾਵੇ। ਬੇਸ਼ੱਕ ਵਰੀ ਦੇ ਲੀੜੇ ਭਿੱਜ ਜਾਣ ਪਰ ਮੇਘਲੇ ਜ਼ਰੂਰ ਗਰਜਣ, ਬਰਸਣ।
ਮੇਰੇ ਭਿੱਜ ਗਏ ਵਰੀ ਦੇ ਲੀੜੇ। ਪੱਛੋਂ ਦੀਆਂ ਪੈਣ ਕਣੀਆਂ।

ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ- 141114

Check Also

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ …

Leave a Reply