ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ ਦੀਪ ਦਵਿੰਦਰ) – ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜੋਨ ਵਲੋਂ ਤਰਕਸ਼ੀਲ ਲਹਿਰ ਦੇ ਵਿਛੜੇ ਦੂਰ ਅੰਦੇਸ਼ ਆਗੂ, ਲੇਖਕ, ਚਿੰਤਕ ਤੇ ਸਰੀਰਦਾਨੀ ਮੁਖਵਿੰਦਰ ਸਿੰਘ ਚੋਹਲਾ ਦੀ ਯਾਦ ਨੂੰ ਸਮਰਪਿਤ ਸਤਿਕਾਰ ਸਮਾਗਮ ਵਿਰਸਾ ਵਿਹਾਰ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿਚ ਮਾਝਾ ਜੋਨ ਦੀਆਂ ਵੱਖ ਵੱਖ ਇਕਾਈਆਂ ਤੇ ਤਰਕਸ਼ੀਲਾਂ ਤੋਂ ਇਲਾਵਾ ਵੱਖ ਵੱਖ ਸਮਾਜਿਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।ਇਸ ਸਤਿਕਾਰ ਸਮਾਗਮ ਦੀ ਪ੍ਰਧਾਨਗੀ ਜੋਨ ਆਗੂ ਸੰਦੀਪ ਧਾਰੀਵਾਲ ਭੋਜਾ, ਜਸਬੀਰ ਖਿਲਚੀਆਂ, ਰਣਜੀਤ ਕੌਰ ਗੱਗੋਮਾਹਲ, ਜਗੀਰ ਕੌਰ ਅੰਮ੍ਰਿਤਸਰ, ਪਰਮਜੀਤ ਕੌਰ ਧਰਮ ਪਤਨੀ ਮੁਖਵਿੰਦਰ ਚੋਹਲਾ ਨੇ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਤਰਕਸ਼ੀਲ ਲਹਿਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ, ਵਹਿਮਾਂ ਭਰਮਾਂ ਤੇ ਸਮਾਜਿਕ ਬੁਰਾਈਆਂ ਵਿਰੁੱਧ ਪਿਛਲੇ 30 ਸਾਲਾਂ ਤੋਂ ਸੈਂਕੜੇ ਸੈਮੀਨਾਰ, ਪ੍ਰੋਗਰਾਮ ਕਰਨ ਵਾਲੇ ਮੁਖਵਿੰਦਰ ਚੋਹਲਾ ਇਕ ਚਲਦੀ ਫਿਰਦੀ ਗਿਆਨ ਦੀ ਲੋਅ ਵੰਡਦੀ ਲਾਇਬਰੇਰੀ ਸੀ, ਜਿਸ ਨੇ ਜਿਉਦੇ ਜੀਅ ਵਿਗਿਆਨਕ ਚੇਤਨਾ ਦੇ ਪ੍ਰਸਾਰ ਦਾ ਕੰਮ ਕੀਤਾ ਤੇ ਮੌਤ ਉਪਰੰਤ ਆਪਣੀ ਮਿ੍ਰਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਭੇਂਟ ਕਰਕੇ ਆਪਣੇ ਆਪ ਨੂੰ ਮਾਨਵਤਾ ਦੇ ਲੇਖੇ ਲਾ ਗਿਆ।ਉਨ੍ਹਾਂ ਸਿਹਤ ਵਿਭਾਗ ਵਿਚ ਬਤੌਰ ਮਾਸ ਮੀਡੀਆ ਅਫਸਰ ਹੁੰਦਿਆਂ ਅਤੇ ਤਰਕਸ਼ੀਲ ਲਹਿਰ ਵਿਚ ਕੰਮ ਕਰਦਿਆਂ ਨਿਵੇਕਲੀਆ ਪੈੜਾ ਹੀ ਨਹੀਂ ਪਾਈਆਂ, ਸਗੋਂ 13 ਸਾਲ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਲੜਦਿਆਂ ਇਕ ਜਾਂਬਾਜ਼ ਜ਼ਿੰਦਗੀ ਦੀ ਉਦਾਹਰਨ ਪੇਸ਼ ਕੀਤੀ।
ਜੋਨ ਆਗੂ ਮੁਖਤਾਰ ਗੋਪਾਲਪੁਰਾ, ਸੰਦੀਪ ਧਾਰੀਵਾਲ ਭੋਜਾ, ਸੁਮੀਤ ਸਿੰਘ, ਨਰਿੰਦਰ ਸੇਖਚੱਕ, ਸੁਖਵਿੰਦਰ ਖਾਰਾ, ਜਗੀਰ ਕੌਰ, ਮਨਜੀਤ ਬਾਸਰਕਸ, ਤਰਲੋਚਨ ਸਿੰਘ ਗੁਰਦਾਸਪੁਰ, ਮਹਿਲ ਸਿਘ ਚੋਹਲਾ, ਮਾ; ਤਸਵੀਰ ਸਿੰਘ, ਗੁਰਨਾਮ ਸਿੰਘ ਨਿੱਜਰ, ਅਵਤਾਰ ਸਿੰਘ ਚੋਹਲਾ, ਸੁਖਵੰਤ ਚੇਤਨਪੁਰੀ, ਸਿਹਤ ਵਿਭਾਗ ਤੋਂ ਰਛਪਾਲ ਸਿੰਘ, ਹਰਜੀਤ ਸਿੰਘ ਪਹੁੰਵਿੰਡ, ਇੰਦਰਜੀਤ ਮਰਹਾਣਾ, ਕਾਮਰੇਡ ਬਲਕਾਰ ਦੁਧਾਲਾ, ਮਾ. ਮੇਜਰ ਸਿੰਘ, ਪੱਤਰਕਾਰ ਧਰਵਿੰਦਰ ਔਲਖ, ਕਸ਼ਮੀਰ ਸਿੰਘ ਚੋਹਲਾ, ਮਾ. ਦਲਬੀਰ ਚੰਬਾ, ਸੇਵਾ ਸਿੰਘ, ਕਰਮਜੀਤ ਸਿੰਘ ਆਦਿ ਬੁਲਾਰਿਆਂ ਨੇ ਸਮਾਜ ਨੂੰ ਬੇਹਤਰ ਬਣਾਉਣ ਲਈ ਜਿਥੇ ਮੁਖਵਿੰਦਰ ਚੋਹਲਾ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ, ਉਥੇ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਪ੍ਰਣ ਲਿਆ। ਉਪਰੰਤ ਸੋਸ਼ਲ ਮੀਡੀਆ ਤੇ ਅੱਜ ਦਾ ਵਿਚਾਰ ਜੋ ਕਾਲਮ ਚਲ ਰਿਹਾ ਸੀ, ਉਸ ਕਾਲਮ ਨੂੰ ਚਲਦੇ ਰੱਖਣ ਦੀ ਜ਼ਿੰਮੇਵਾਰੀ ਤਰਕਸ਼ੀਲ ਆਗੂ ਜਸਪਾਲ ਬਾਸਰਕੇ ਦੀ ਲਾਈ ਗਈ।
ਸਮਾਗਮ ਦੌਰਾਨ ਮੁਖਵਿੰਦਰ ਚੋਹਲਾ ਦੇ ਪਰਿਵਾਰ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿਚ ਜੋਨ ਮੁਖੀ ਰਜਵੰਤ ਬਾਗੜੀਆ ਨੇ ਸਮੂਹ ਤਰਕਸ਼ੀਲਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …