ਸੰਗਰੂਰ/ ਲੌਂਗੋਵਾਲ, 24 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਕੁਲੈਕਟਰ ਸੰਗਰੂਰ ਘਨਸ਼ਿਆਮ ਥੋਰੀ ਨੇ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼ ਅਤੇ ਘੱਗਰ ਦਰਿਆ ਵਿੱਚ ਪਾੜ ਪੈ ਜਾਣ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਹੀ ਅਨੁਮਾਨ ਲਗਾਉਣ ਲਈ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰ੍ਹਾ 9.1 (ਬੀ) ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਫ਼ਸਲ ਖਰੀਫ਼ 2019 ਨੂੰ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਟਵਾਰੀ ਹਰ ਰੋਜ਼ ਸਪੈਸ਼ਲ ਗਿਰਦਾਵਰੀ ਖੇਤ ਮਾਲਕਾਨ, ਕਾਸ਼ਤਕਾਰਾਨ, ਸਰਪੰਚ, ਨੰਬਰਦਾਰ ਦੀ ਹਾਜ਼ਰੀ ਵਿੱਚ ਕਰੇਗਾ ਅਤੇ ਪੂਰਾ ਵੇਰਵਾ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ ਕਰੇਗਾ। ਖਰਾਬੇ ਸਬੰਧੀ ਫੀਲਡ ਕਾਨੂੰਗੋ ਅਤੇ ਹਲਕਾ ਮਾਲ ਅਫ਼ਸਰ 100 ਪ੍ਰਤੀਸ਼ਤ ਅਤੇ ਉਪ ਮੰਡਲ ਮੈਜਿਸਟਰੇਟ 50 ਪ੍ਰਤੀਸ਼ਤ ਪੜਤਾਲ ਕਰਨ ਦੇ ਜ਼ਿੰਮੇਵਾਰ ਹੋਣਗੇ। ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਇਸ ਦਫ਼ਤਰ ਵੱਲੋਂ ਵੀ ਰੈਂਡਮ ਜਾਂਚ ਕੀਤੀ ਜਾਵੇਗੀ। ਸਪੈਸ਼ਲ ਗਿਰਦਾਵਰੀ ਪਾਣੀ ਉਤਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਗਿਰਦਾਵਰੀ ਖ਼ਤਮ ਹੋਣ ਉਪਰੰਤ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਦਫ਼ਤਰ ਦੀ ਡੀ.ਆਰ.ਏ (ਟੀ) ਸ਼ਾਖਾ ਨੂੰ ਭੇਜੀ ਜਾਵੇ।