ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਕਲਾਂ ਦਾ ਨੌਜਵਾਨ ਜੋ ਬੀਤੇ ਦਿਨੀ ਜੰਮੂ-ਕਸ਼ਮੀਰ ਵਿਖੇ ਹੋਏ ਅੱਤਵਾਦੀ ਮੁਕਾਬਲੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਉਸਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੱਜ ਦੁਪਹਿਰ ਕਰੀਬ 3 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੇ ਸ਼ਹੀਦ ਹੋਏ ਨੌਜਵਾਨ ਦੀ ਸਰੀਰ ਨੂੰ ਫੋਜ ਵਲੋਂ ਪੂਰੇ ਸਨਾਮਨ ਉਸਦੇ ਜੱਦੀ ਪਿੰਡ ਲਿਜਾਇਆ ਗਿਆ ਅਤੇ ਕਰੀਬ ਸ਼ਾਮ ਦੇ 5.30 ਵਜੇ ਸ਼ਹੀਦ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਦੁੱਖ ਦੀ ਘੜੀ ਵਿਚ ਹਲਕਾ ਅਟਾਰੀ ਹਲਕੇ ਦੇ ਵਿਧਾਇਕ ਤੇ ਕੈਬਨਿਟ ਵਜ਼ੀਰ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਦੇ ਸਪੁੱਤਰ ਸ੍ਰੀ ਗੁਰਿੰਦਰਪਾਲ ਸਿੰਘ ਰਣੀਕੇ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, 30 ਰਾਸ਼ਟਰੀ ਰਾਈਫਲ ਯੂਨਿਟ ਦੇ ਸੀ.ਓ ਸ੍ਰੀ ਵੀ ਸ਼ਰਮਾ ਸਮੇਤ ਫੌਜ ਦੇ ਅਧਿਕਾਰੀਆਂ ਵਲੋਂ ਜਾਂਬਾਜ ਨੌਜਵਾਨ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫੋਜ ਦੇ ਜਵਾਨਾਂ ਵਲੋਂ ਹਵਾ ਵਿਚ ਫਾਇਰ ਕਰਕੇ ਅਤੇ ਫੌਜੀ ਧੁਨਾਂ ਵਿਚ ਆਪਣੀ ਸਾਥੀ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਪਿੰਡ ਭਕਨਾਂ (ਪੱਤੀ ਕੁਲਾਰ) ਦਾ 27 ਸਾਲਾ ਨੌਜਵਾਨ ਸ. ਗੁਰਸਾਹਿਬ ਸਿੰਘ ਜੋ ਕਰੀਬ 6 ਸਾਲ ਪਹਿਲਾਂ 30 ਰਾਸ਼ਟਰੀ ਰਾਈਫਲ ਵਿਚ ਭਰਤੀ ਹੋਇਆ ਸੀ, ਬੀਤੇ ਕੱਲ੍ਹ ਸ੍ਰੀਨਗਰ ਦੇ ਜ਼ਿਲ੍ਹੇ ਕੁਪਵਾੜਾ ਵਿਖੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦੀ ਜਾਮ ਪੀ ਗਿਆ। ਤਿੰਨ ਸਾਲ ਪਹਿਲੇ ਵਿਆਹੇ ਇਸ ਨੌਜਵਾਨ ਦੇ ਦੋ ਭਰਾ ਤੇ ਤਿੰਨ ਭੈਣਾਂ ਹਨ। ਸ਼ਹੀਦ ਹੋਏ ਨੌਜਵਾਨ ਗੁਰਸਾਹਿਬ ਸਿੰਘ ਦਾ ਪਿਤਾ ਸ. ਕੁਲਵੰਤ ਸਿੰਘ ਅਤੇ ਸਹੁਰਾ ਸ੍ਰੀ ਹਰਭਜਨ ਸਿੰਘ ਵੀ ਫੌਜ਼ ਵਿਚ ਸੇਵਾ ਨਿਭਾ ਚੁੱਕੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਡੀ.ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਨੌਜਵਾਨ ਵਲੋਂ ਦੇਸ਼ ਦੀ ਖਾਤਰ ਦਿੱਤੀ ਗਈ ਸ਼ਹੀਦੀ ਨਾਲ ਇਹ ਵੀ ਉਨਾਂ ਸ਼ਹੀਦਾਂ ਦੀ ਕਤਾਰ ਵਿਚ ਸ਼ਾਮਿਲ ਹੋ ਗਿਆ ਹੈ, ਜਿਨਾਂ ਨੇ ਸਿਰਫ ਤੇ ਸਿਰਫ ਤੇ ਦੇਸ ਦੀ ਸੇਵਾ ਲਈ ਜਾਨਾਂ ਵਾਰੀਆਂ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਹੋਏ ਇਸ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹੈ ਅਤੇ ਹਰ ਵੇਲੇ ਇਨਾਂ ਦੀ ਮਦਦ ਲਈ ਤਿਆਰ ਰਹੇਗਾ।