Thursday, November 21, 2024

ਆਇਆ ਸਾਵਣ ਮਨ ਪ੍ਰਚਾਵਣ

            ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਇਕ ਪਾਸਿਓਂ ਆਉਂਦੀਆਂ ਮੀਂਹ ਦੀਆਂ ਫੁਹਾਰਾਂ ਪਾ ਔਹ ਗਈਆਂ, ਔਹ ਗਈਆਂ।ਕੁੜੀਆਂ ਚਿੜੀਆਂ ਦੇ ਪਾਏ ਵੰਨ ਸੁਵੰਨੇ ਕੱਪੜੇ ਗਿੱਲੇ ਕਰ ਜਾਂਦੀਆਂ ਹਨ।ਚੀਚ ਵਹੁਟੀਆਂ ਬਣੀਆਂ ਵਾਲਾਂ ਨੂੰ ਮਾੜਾ ਜਿਹਾ ਛੰਡ ਫਿਰ ਗੁਟਕਣ ਲੱਗ ਪੈਂਦੀਆਂ ਹਨ।ਕਦਰਤ ਰਾਣੀ ਦਾ ਕ੍ਰਿਸ਼ਮਾ ਹੀ ਹੈ ਕਿ ਰੁੰਡ ਮਰੁੰਡ ਰੁੱਖ, ਘਾਹ ਪੱਠਾ ਸਭ ਹਰਿਆ ਹੋ ਜਾਂਦਾ ਹੈ।ਸਾਰੀ ਧਰਤੀ ਹਰਿਆਵਲ ਨਾਲ ਹਰੀ ਭਰੀ ਹੋ ਜਾਂਦੀ ਹੈ।ਸਭ ਨੂੰ ਇੱਕ ਨਵਾਂ ਉਤਸ਼ਾਹ ਮਿਲਦਾ ਹੈ।ਮੋਰਾਂ ਦੀਆਂ ਪੈਲਾਂ, ਕੋਇਲ ਦੀ ਸੁਰੀਲੀ ਕੂ-ਕੂ, ਕੂੰਜਾਂ ਦੀਆਂ ਡਾਰਾਂ, ਡੱਡੂਆਂ ਦੀ ਗੜੈਂ ਗੜੈਂ, ਬਗਲਿਆਂ ਦੇ ਝੁੰਡ, ਠੰਡ ਤੇ ਸੁਗੰਧਤ ਹਵਾਵਾਂ ਵਾਤਾਵਰਨ ਨੂੰ ਮਨਮੋਹਕ ਬਣਾ ਦਿੰਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਨੇ ਸਾਵਣ ਨੂੰ ਬਿੰਬ ਦੇ ਤੌਰ ‘ਤੇ ਵਰਤਿਆ ਹੈ:-

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
( ਬਾਰਹ ਮਾਹਾ ਤੁਖਾਰੀ)
ਮੋਰੀ ਰੁਣ ਝੁਣ ਲਾਇਆ॥ਭੈਣੇ ਸਾਵਣ ਆਇਆ॥ (ਗੁਰੂ ਨਾਨਕ ਦੇਵ ਜੀ)

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ॥ (ਗੁਰੂ ਅਰਜਨ ਦੇਵ ਜੀ, ਬਾਰਹ ਮਹਾ)

ਸਾਵਣ ਵਿੱਚ 4-5 ਐਤਵਾਰ ਆਉਂਦੇ ਹਨ।ਕੁੜੀਆਂ ਇੱਕ ਜਗ੍ਹਾ ਨਿਸਚਿਤ ਕਰ ਲੈਂਦੀਆਂ ਹਨ ਤੇ ਉਸ ਜਗ੍ਹਾ ਨਹੁੰਆਂ ਧੀਆਂ, ਚਾਚੀਆਂ ਤਾਈਆਂ ਸੰਗ ਪਹੁੰਚ ਜਾਂਦੀਆਂ ਹਨ।ਜੇ ਕਿਤੇ ਰੁੱਖ ਨਾਲ ਪੀਂਘ ਵੀ ਪਾਈ ਹੋਵੇ ਤਾਂ ਚਾਰ ਚੰਨ ਲੱਗ ਜਾਂਦੇ ਹਨ ਤੇ ਪੱਟਾਂ ਦੇ ਜ਼ੋਰ, ਰੁੱਖ ਦਾ ਪੱਤਾ ਮੂੰਹ ਨਾਲ ਤੋੜਣਾ ਮਾਣਵਾਲੀ ਗੱਲ ਹੁੰਦੀ ਹੈ।ਪਰ ਹੁਣ ਰੁੱਖ ਹੀ ਨਹੀਂ ਰਹੈ।ਮੇਰੇ ਰੰਗਲੇ ਪੰਜਾਬ ਦੀਆਂ ਕੁੜੀਆਂ ਨੂੰ ਤੀਆਂ ਦੇ ਗੀਤ, ਹੁਸ਼ਨ ਇਸ਼ਕ ਦੀ ਰੰਗੀਨ ਦੁਨੀਆਂ ਵਿੱਚ ਲੈ ਜਾਂਦੇ ਹਨ। ਉਹ ਦਿਲਾਂ ਦੇ ਗੁੱਝੇ ਭੇਦ ਉਗਲਦੀਆਂ ਹਨ।ਇੱਕ ਦੂਜੀ ਨੂੰ ਟਕੋਰਾਂ ਕਰਦੀਆਂ ਹਨ।ਦਿਲਾਂ ਦੀਆਂ ਕੁਆਰੀਆਂ ਸੱਧਰਾਂ ਅੰਗੜਾਈਆਂ ਲੈਂਦੀਆਂ ਹਨ।ਯਾਦਾਂ ਗੁੱਸੇ-ਗਿਲੇ, ਹਾਸੇ; ਸ਼ਰਮਾਂ ਦੇ ਘੁੰਢ ਲਾਹ, ਬਾਹਰ ਆਉਂਦੇ ਹਨ।ਗਿੱਧੇ ਦੇ ਪਿੜ ਵਿੱਚ ਲੁੱਕ-ਲੁੱਕ ਲਾਈਆਂ ਪ੍ਰਗਟ ਹੁੰਦੀਆਂ ਹਨ।ਕਈਆਂ ਨੂੰ ਵੀਰ ਲੈਣ ਨਹੀਂ ਆਉਂਦੇ ਤਾਂ ਤਾਹਨੇ ਮਿਹਣੇ ਸੁਨਣੇ ਪੈੇਂਦੇ ਹਨ।ਕਿਸੇ ਨੂੰ ਹਾਣ ਦਾ ਵਰ ਨਹੀਂ ਲੱਭਦਾ, ਕਿਸੇ ਨੂੰ ਮੱਛਰ ਤੋੜ-ਤੋੜ ਖਾਂਦਾ ਹੈ। ਗੱਲ ਕੀ, ਸਭ ਆਪੋ ਆਪਣੇ ਦੁੱਖ ਸੁੱਖ ਫੋਲਦੀਆਂ ਹਨ।ਉਸ ਵਕਤ ਸਭ ਕੁੱਝ ਭੁੱਲ-ਭੁਲਾ ਕੇ ਦੁਨੀਆਂ ਦੇ ਕੰਮ ਛੱਡ ਕੇ ਸੁਰਗ ਜਿਹਾ ਬਣਾ ਲੈਂਦੀਆਂ ਹਨ। ਆਓ! ਤੁਹਾਨੂੰ ਵੀ ਉਹਨਾਂ ਦੀ ਦੁਨੀਆਂ ਵਿੱਚ ਲੈ ਚੱਲੀਏ:-
ਸਾਵਣ ਦਾ ਮਹੀਨਾ ਗਿੱਧੇ ਦਾ ਮਹੀਨਾ ਹੈ। ਕੁੜੀਆਂ ਗਾਉਂਦੀਆਂ ਹਨ :-

ਗਿੱਧਿਆ ਪਿੰਡ ਵੜ ਵੇ, ਲਾਂਬ-ਲਾਂਬ ਨਾ ਜਾਈਂ।

ਇਕ ਮੁਟਿਆਰ ਗਿੱਧੇ ਦੇ ਪਿੜ ਅੰਦਰ ਆਉਂਦੀ ਹੈ ਤੇ ਬੋਲੀ ਪਾਉਂਦੀ ਹੈ:-

ਕਿੱਕਲੀ-ਕਿੱਲਕੀ-ਕਿੱਕਲੀ, ਸੁਲਫੇ ਦੀ ਲਾਟ ਵਰਗੀ, ਰੰਨ ਗਿੱਧੇ ਦੇ ਪਿੜ ਵਿੱਚ ਨਿਕਲੀ।

ਪਰ ਮਟਿਆਰ ਨੇ ਘੁੰਡ ਕੱਢਿਆ ਹੋਇਆ ਹੈ, ਜੋ ਕੁੜੀਆਂ ਨੂੰ ਚੰਗਾ ਨਹੀਂ ਲੱਗਦਾ।ਇੱਕ ਕੁੜੀ ਬੋਲੀ ਪਾਉਂਦੀ ਹੋਈ ਘੁੰਡ ਨੂੰ ਚੁੱਕਣ ਵਾਸਤੇ ਕਹਿੰਦੀ ਹੈ:-

ਘੁੰਡ ਦਾ ਭਾਬੀਏ ਕੰਮ ਕੀ ਗਿੱਧੇ ਵਿੱਚ, ਸਭ ਤੇਰੀਆਂ ਦਿਲ ਜਾਨੀ,
ਜਾਂ ਘੁੰਡ ਕੱੱਢਦੀ ਬਹੁਤੇ ਰੂਪ ਵਾਲੀ, ਜਾਂ ਕੱਢਦੀ ਅੰਨੀ ਕਾਣੀ,
ਤੂੰ ਤਾਂ ਮੈਨੂੰ ਦਿਸੇ ਸ਼ੁਕੀਨਣ, ਮੈਂ ਘੁੰਡ ਵਿੱਚ ਅੱਖ ਪਛਾਣੀ,
ਖੁੱਲ ਕੇ ਨੱਚ ਲੈ ਨੀ ਬਿਸ਼ਨ ਕੌਰੇ, ਬਣ ਜਾ ਗਿੱਧੇ ਦੀ ਰਾਣੀ।

ਘੁੰਡ ਕੱਢਣ ਵਾਲੀ ਭਾਬੀ ਆਪਣੇ ਘੁੰਡ ਕੱਢਣ ਦਾ ਕਾਰਨ ਦੱਸਦੀ ਹੈ ਤੇ ਇਸ ਤੋਂ ਡਾਢੀ ਦੁੱਖੀ ਜਾਪਦੀ ਹੈ :-

ਪਰਨਾ-ਪਰਨਾ-ਪਰਨਾ ਸੋਹਰਿਆਂ ਦੇ ਦੋ-ਦੋ ਪਿੱਟਣੇ ਘੁੰਡ ਕੱਢਣਾ ਤੇ ਮੜਕ ਨਾਲ ਤੁਰਨਾ।

ਇੱਕ ਹੋਰ ਮਸ਼ਕਰੀ ਵਹੁਟੀ ਨੂੰ ਘੁੰਡ ਚੰਗਾ ਲਗਦਾ ਹੈ।ਉਹ ਆਪਣੇ ਦਿਲ ਦੀ ਦਸਦੀ ਹੈ:

ਵੱਟਣਾ-ਵੱਟਣਾ-ਵੱਟਣਾ, ਛੜਿਆਂ ਦੀ ਹਿੱਕ ਲੂਹਣ ਨੂੰ, ਘੁੰਡ ਕੱਢ ਕੇ ਤਵੀਤ ਨੰਗਾ ਰੱਖਣਾ।

ਕਿਸੇ ਕੁੜੀ ਦੇ ਮਨ ਵਿੱਚ ਕੁਤਕੁਤਰੀਆਂ ਨਿਕਲਣ ਲੱਗ ਪਈਆਂ ਉਹ ਵੀ ਗਿੱਧੇ ਦੇ ਪਿੜ ਵਿੱਚ ਨਿੱਤਰ ਪਈ:-

ਜਿਹੜੇ ਪੱਤਣ ਪਾਣੀ ਲੰਘ ਜਾਣਾ ਫਿਰ ਨਾ ਲੰਘਣਾ ਭਲਕੇ ,
ਬੇੜੀ ਦਾ ਪੂਰ ਤੀਆਂ ਦੀਆਂ ਕੁੜੀਆਂ ਫਿਰ ਨਾ ਨੱਚਣਾ ਰਲਕੇ,
ਨੱਚਕੇ ਵਿਖਾ ਮੇਲਣੇ ਜਾਈ ਨਾ ਗਿੱਧੇ ‘ਚੋਂ ਹਰਕੇ ।

ਇਕ ਵਹੁਟੀ ਚੁੱਪ-ਚਾਪ ਖੜ੍ਹੀ ਵੇਖ ਕੇ ਕੁੜੀਆਂ ਧੂਹ ਕੇ ਗਿੱਧੇ ਵਿੱਚ ਲੈ ਜਾਂਦੀਆਂ ਹਨ, ਉਹ ਆਪਣਾ ਦੁੱਖ ਫੋਲਦੀ ਹੈ:-
ਮਾਪਿਆਂ ਨੇ ਰੱਖੀ ਲਾਡਲੀ, ਸਹੁਰਿਆਂ ਨੇ ਲਾ ਲਈ ਕੰਮ ਨੀ,
ਮੇਰਾ ਉਡਿਆ ਸਹੇਲੀਓ ਸੋਨੇ ਵਰਗਾ ਰੰਗ ਨੀ ।

ਇਕ ਝੂਰਦੀ ਮੁਟਿਆਰ ਨੂੰ ਦੇਖ ਕੇ ਕੁੜੀ ਬੋਲੀ ਪਾਉਂਦੀ ਹੈ:-

ਪੁੱਤਰ ਬਾਝੋਂ ਮਾਂ ਝੁਰੇਂਦੀ, ਵੀਰੇ ਬਾਝੋਂ ਭੈਣ, ਕੰਤ ਬਾਝੋਂ ਨਾਰ ਝੁਰੇਂਦੀ, ਸੇਜ਼ਲ ਹੋ ਗਏ ਨੈਣ।

ਕੋਈ ਮੁਟਿਆਰ ਪਤੀ ਦੇ ਵਿਛੋੜੇ ਵਿੱਚ ਬੋਲੀ ਪਾਉਂਦੀ ਹੈ:-

ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਕੀ ਲਿਆਂਦਾ?
ਕਟੋਰਾ ਕਾਂਸੀ ਦਾ, ਤੇਰੀ ਵੇ ਜੁਦਾਈ ਬਾਲਮਾਂ, ਜਿਵੇਂ ਝੂਟਾ ਫਾਂਸੀ ਦਾ ।

ਇਕ ਨਟਖਟ ਕੁੜੀ ਗਿੱਧੇ ਨੂੰ ਗਰਮ ਕਰਨ ਲਈ ਬੋਲੀ ਪਾਉਂਦੀ ਹੈ:-

ਟਾਂਡਾ ਟਾਂਡਾ ਟਾਂਡਾ, ਬੰਤੋਂ ਦੇ ਮਿਤਰਾਂ ਨੇ ਬੋਤਾ ਬੀਕਾਨੇਰ ਤੋਂ ਲਿਆਂਦਾ,
ਬੋਤੇ ਉਤੇ ਚੜ੍ਹੀ ਬੰਤੋ, ਬੋਤਾ ਰੇਲ ਦੇ ਬਰਾਬਰ ਜਾਂਦਾ।

ਬੰਤੋ ਨੂੰ ਗੁੱਸਾ ਲੱਗਾ ਉਸ ਨੇ ਉਹਦੇ ਗੁੱਝੇ ਭੇਦ ਨੂੰ ਬੋਲੀ ਪਾ ਕੇ ਜ਼ਾਹਰ ਕਰ ਦਿੱਤਾ:-

ਆਰੀ ਆਰੀ ਆਰੀ, ਘੜਾ ਨਾ ਚੁਕਾਇਓ ਕੁੜੀਓ, ਇਹਦੀ ਲੰਬੜਾ ਦੇ ਮੁੰਡੇ ਨਾਲ ਯਾਰੀ।

ਅਧਖੜ ਉਮਰ ਦੀ ਜਨਾਨੀ ਦੇ ਦਿਲ ਨੂੰ ਵੀ ਹੁਲਾਰਾ ਜਿਹਾ ਆਉਂਦਾ ਹੈ ਤੇ ਉਹ ਵੀ ਗਿੱਧੇ ਵਿੱਚ ਆ ਧਮਕਦੀ ਹੈ:-

ਚਾਂਦੀ-ਚਾਂਦੀ ਚਾਂਦੀ ਕੁੜੀਓ ਪਸੰਦ ਕਰ ਲਓ ਗੱਡੀ ਭਰ ਮੁੰਡਿਆਂ ਦੀ ਆਂਦੀ ।

ਕੁੜੀਆਂ ਜਦ ਪੂਰੀਆਂ ਮਸ਼ਰੀਆਂ ਹੋਣ ਤਾਂ ਮੋੜਵਾਂ ਉਤਰ ਦੇਂਦੀਆਂ ਹਨ:-
ਡੋਈ ਡੋਈ ਡੋਈ, ਭਰੀ ਗੱਡੀ ਮੋੜ ਦਿਓ, ਸਾਡੇ ਹਾਣ ਦਾ ਮੁੰਡਾ ਨਾ ਕੋਈ।

ਇੱਕ ਕੁੜੀ ਅੱਖਾਂ ਪੂੰਝ ਰਹੀ ਸੀ ਤੇ ਡੁਸਕੇ ਵੀ ਲਾ ਰਹੀ ਸੀ।ਦੂਸਰੀ ਨੇ ਉਸ ਨੂੰ ਬੋਲੀ ਪਾ ਕੇ ਛੇੜਿਆ:-

ਸੁਰਮਾ ਨੌਂ ਰੱਤੀਆਂ ਪਉਂਦੀ ‘ਤੇ ਆ ਗਿਆ ਤਾਇਆ, ਨੀ ਰੋ ਰੋ ਕੱਢ ਸੁਟਿਆ ਖੌਰੇ ਕਿਹੜੇ ਸ਼ੌਕ ਨਾਲ ਪਾਇਆ।

ਇੱਕ ਸਿਆਣੀ ਜਨਾਨੀ ਬੋਲੀ ਪਾ ਕੇ ਸਮਝਾਉਂਦੀ ਹੈ-

ਨਾਹੀਏ-ਨਾਹੀਏ-ਨਾਹੀਏ, ਕੁੜੀਏ ਘਰ ਪੇਕਿਆਂ ਦੇ ਧਾਰੀ ਬੰਨ ਸੁਰਮਾ ਨਾ ਪਾਈਏ।

ਕਿਸੇ ਨੂੰ ਗੁੱਸਾ ਆ ਗਿਆ ਉਸ ਨੇ ਟਕੋਰ ਲਈ :-

ਧਾਈਆਂ ਧਾਈਆਂ ਧਾਈਆਂ, ਆਪਣੇ ਤੂੰ ਦਿਨ ਭੁੱਲ ਗਈ, ਸਾਨੂੰ ਕਰੇਂ ਤਕੜਾਈਆਂ ।

ਰੰਨਾਂ ਦੇ ਸ਼ੌਕੀਨ ਮੁੰਡੇ ਸਹਿਜੇ ਸਹਿਜੇ ਗਿੱਧੇ ਦੇ ਨੇੜੇ ਪਹੁੰਚ ਗਏ।ਕੁੜੀਆਂ ਨੇ ਬੋਲੀ ਪਾ ਦਿੱਤੀ:-

ਤੀਰ ਤੀਰ ਤੀਰ, ਭੈਣਾਂ ਖੇਡਦੀਆਂ ਸ਼ਰਮਿੰਦੇ ਵੇਖਣ ਵੀਰ।

ਉਹਨਾਂ ਗਭਰੂਆਂ ਵਿੱਚ ਕਿਸੇ ਦਾ ਪ੍ਰੇਮੀ ਵੀ ਹੁੰਦਾ ਹੈ, ਕੁੜੀ ਨੇ ਗਿਲਾ ਜਾਹਰ ਕੀਤਾ:-

ਮਣਕੇ ਮਣਕੇ ਮਣਕੇ, ਪਾਣੀ ਨਾਲੋਂ ਹੋਗੇ ਪਤਲੇ ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ ।

ਕਾਲੀਆਂ ਘਟਾਂ ਵੱਲ ਦੇਖ ਇਕ ਕੁੜੀ ਬੋਲੀ ਪਾਉਂਦੀ ਹੈ:-

ਧਾਈਆਂ ਧਾਈਆਂ ਧਾਈਆਂ, ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ।

ਇੱਕ ਹੋਰ ਕੁੜੀ ਬੋਲੀ ਪਾਉਂਦੀ ਹੈ:-

ਹਾਲੀ ਹਾਲੀ ਹਾਲੀ, ਮੱਛਰਦਾਨੀ ਲੈ ਦੇ ਵੇ, ਰੰਨ ਮੱਛਰ ਨੇ ਤੋੜ ਕੇ ਖਾ ਲੀ ।

ਕਿਸੇ ਮੁਟਿਆਰ ਦਾ ਸੁਹੱਪਣ ਦੇਖ ਕੇ ਦੂਸਰੀ ਮੁਟਿਆਰ ਬੋਲੀ ਪਾਉਂਦੀ ਹੈ:-

ਪਾਵੇ ਪਾਵੇ ਪਾਵੇ, ਨਾਭੇ ਦੀਏ ਬੰਦ ਬੋਤਲੇ ਤੈਨੂੰ ਦੇਖਿਆਂ ਨਸ਼ਾ ਚੜ੍ਹ ਜਾਵੇ ।

ਇੱਕ ਨਵੀਂ ਅੱਡ ਹੋਈ ਗੁਆਂਢਣ ਬੋਲੀ ਪਾਉਂਦੀ ਹੈ:-

ਆਲਾ ਆਲਾ ਆਲਾ, ਚੰਦਰਾਂ ਗੁਆਂਢ ਨਾ ਹੋਵੇ ਤੇ ਲਾਈ-ਲੱਗ ਨਾ ਹੋਵੇ ਘਰ ਵਾਲਾ।

ਕੁੜੀਆਂ ਪੁੱਛਦੀਆਂ ਹਨ ਕਿ ਕੀ ਗੱਲ ਹੋ ਗਈ, ਗੁਆਂਢੀਆਂ ਤੇ ਬੋਲੀ ਪਾਈ ਊ।ਉਹ ਕਹਿੰਦੀ:-

ਕਾਸੇ ਕਾਸੇ ਕਾਸੇ ਗੁਆਂਢਣ ਦੇ ਢਹੇ ਚੜ੍ਹ ਕੇ ਮਾਰ ਛਮਕਾਂ ਸੇਕ ਤੇ ਪਾਸੇ।

ਸਾਵਣ ਵਿੱਚ ਬਾਰਸ਼ ਬਹੁਤ ਚੰਗੀ ਲੱਗਦੀ ਹੈ ਇਕ ਮੁਟਿਆਰ ਬੋਲੀ ਪਾਉਂਦੀ ਹੈ:-

ਕੇਰੀ ਕੇਰੀ ਕੇਰੀ ਬੱਦਲਾ ਸਾਵਣ ਦਿਆ ਮੁੜ ਕੇ ਹੋ ਜਾ ਢੇਰੀ।

ਕੋਈ ਤੰਗ ਦਿਲ ਨਨਾਣ ਭਰਜਾਈ ਨੂੰ ਤਾਹਨਾ ਦਿੰਦੀ ਹੈ:-
ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਲੈਣ ਕੋਈ ਨਾ ਆਇਆ।

ਦੁਖੀ ਭਰਾਜਾਈ ਨੂੰ ਵੀਰ ਦੇ ਭੁਲੇਖੇ ਪੈਂਦੇ ਹਨ:-

ਪਾਵੇ ਪਾਵੇ ਪਾਵੇ ਉੱਡਦੀ ਧੂੜ ਦਿਸੇ ਬੋਤਾ ਵੀਰ ਦਾ ਨਜ਼ਰ ਨਾ ਆਵੇ।

ਬੋਤਾ ਨਜ਼ਰ ਪੈ ਗਿਆ ਤਾਂ ਉਹ ਖੁਸ਼ ਹੋ ਗਈ:-
ਸੋਟਾ ਸੋਟਾ ਸੋਟਾ, ਮੱਲ ਵਾਂਗ ਪੈਰ ਧਰਦੀ ਜਦੋਂ ਵੇਖ ਲਿਆ ਵੀਰ ਦਾ ਬੋਤਾ।

ਭੈਣ ਆਪਣੇ ਵੀਰ ਨੂੰ ਦੁੱਖ ਦੱਸਦੀ ਹੈ :-

ਹਾੜੇ ਹਾੜੇ ਹਾੜੇ ਕਿੱਥੇ ਬੰਨਾਂ ਬੋਤਾ ਵੀਰਨਾਂ ਮੈਂ ਤਾਂ ਝੁੱਗੀ ਵਿੱਚ ਕੱਟਦੀ ਦਿਹਾੜੇ।
ਥਾਲੀ ਥਾਲੀ ਥਾਲੀ ਵੀਰਾ ਵੇ ਮੁਰੱਬੇ ਵਾਲਿਆ ਮੇਰਾ ਆਰਸੀ ਬਿਨ੍ਹਾਂ ਹੱਥ ਖਾਲੀ।

ਇੱਕ ਕੁੜੀ ਨੂੰ ਬਾਪੂ ਦਾ ਪਸੰਦ ਕੀਤਾ ਮੁੰਡਾ ਪਸੰਦ ਨਹੀਂ।ਉਸ ਨੇ ਵੀ ਬੋਲੀ ਪਾਈ:-

ਮਾਲਾ ਮਾਲਾ ਮਾਲਾ, ਬਾਪੂ ਦੇ ਪਸੰਦ ਆ ਗਿਆ ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ।

ਇੱਕ ਸਿਆਣੀ ਉਮਰ ਦੀ ਜਨਾਨੀ ਮੱਤ ਦਿੰਦੀ ਬੋਲੀ ਪਾਉਂਦੀ ਹੈ:-

ਵੇਖੀਂ ਧੀਏ ਨਿੰਦ ਨਾ ਦੇਈ, ਪੁੱਤ ਸੁਣੀਦੇ ਬਖਤਾਵਰਾਂ ਦੇ ਕਾਲੇ।ਆਰੇ ਆਰੇ ਆਰੇ ਜੋਬਨ ਸਾਂਭ ਰੱਖੀਏ ਸ਼ੋਖ ਚੰਚਲੇ ਨਾਰੇ।

ਮੁਟਿਆਰਾਂ ਕਿਥੋਂ ਮੰਨਦੀਆਂ ਹਨ:-

ਗੁਥੀਆਂ-ਗੁਥੀਆਂ-ਗੁਥੀਆਂ ਗੋਰੇ ਰੰਗ ਨੇ ਸਦਾ ਨੀਂ ਰਹਿਣਾ ਮੈਂ ਭਰ ਭਰ ਵੰਡਾਂ ਮੁੱਠੀਆਂ।

ਦੂਸਰੀ ਬੋਲੀ ਪਾਉਂਦੀ ਹੈ:-

ਗੋਲੇ ਗੋਲੇ ਹੱਡੀਆਂ ਦੀ ਰਾਖ ਬਣੂ, ਚਿੱਟੇ ਦੰਦਾ ਦੇ ਬਨਣਗੇ ਕੋਲੇ।

ਕਿਸੇ ਮੁਟਿਆਰ ਦਾ ਪ੍ਰੇਮੀ ਦੂਰ ਖੜ੍ਹਾ ਨਜ਼ਰ ਪੈਂਦਾ ਹੈ ਉਹ ਇਸ਼ਾਰੇ ਕਰਦੀ ਹੋਈ ਬੋਲੀ ਪਾਉਂਦੀ ਹੈ:-

ਤੁੱਕੇ ਤੁੱਕੇ ਤੁੱਕੇ, ਨੀ ਰਾਂਝਾ ਦੂਰ ਖੜਾ, ਦੂਰ ਖੜਾ ਦੁੱਖ ਪੁੱਛੇ।

ਦੂਸਰੀ ਉਸ ਤੋਂ ਵੀ ਜ਼ਿਆਦਾ ਦੁਖੀ ਹੈ, ਉਸ ਦਾ ਪ੍ਰੇਮੀ ਜਾਂਦਾ ਹੋਇਆ ਦੱਸ ਕੇ ਵੀ ਨਹੀਂ ਗਿਆ:-

ਝਾਂਵਾ ਝਾਂਵਾ ਝਾਵਾ ਜਾਂਦਾ ਹੋਇਆ ਦੱਸ ਨਾ ਗਿਆ ਮੈਂ ਚਿੱਠੀਆਂ ਕਿੱਧਰ ਨੂੰ ਪਾਵਾ।

ਅਖਰਿ ਵਿੱਚ ਸਾਵਣ ਮਹੀਨੇ ਨੂੰ ਵੀਰ ਦੀ ਤਰ੍ਹਾਂ ਵਡਿਆਉਂਦੀਆਂ ਹਨ ਭਾਦੋਂ ਨੂੰ ਚੰਦਰਾ ਕਹਿੰਦੀਆਂ ਹਨ:-

ਸੌਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰਾ ਵਿਛੋੜੇ ਪਾਵੇ।

ਹੱਸਣਾ ਖੇਡਣਾ ਮਨ ਦਾ ਚਾਓ ਹੈ।ਵੱਡੇ ਰੁੱਖ ਪਿੰਡਾਂ ਵਿੱਚ ਰਹੇ ਹੀ ਨਹੀਂ, ਜਿੰਨਾਂ ਨਾਲ ਪੀਂਘਾ ਪੈਂਦੀਆਂ ਸਨ।ਕੁੜੀਆਂ ਪੀਘਾਂ ਝੂਟਦੀਆਂ ਸਨ।ਉਹ ਖੇਡ ਮੱਲ ਕੇ ਘਰਾਂ ਨੂੰ ਆਉਂਦੀਆਂ ਹਨ।ਹੁਣ ਨਾ ਤਾਂ ਕੋਈ ਘੁੰਡ ਕੱਢਦੀ ਹੈ, ਨਾ ਹੀ ਬੋਤੇ ਤੇ ਵੀਰ ਆਉਂਦੇ ਹਨ, ਕਾਰਾਂ, ਮੋਟਰਸਾਈਕਲ ਪ੍ਰਧਾਨ ਹਨ।ਤੀਆਂ ਵੀ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ।ਕਦੇ ਮਾਵਾਂ ਨੇ ਖੀਰ ਪੂੜੇ ਪਕਾਏ ਹੁੰਦੇ ਸਨ, ਰੱਜ ਰੱਜ ਖਾਂਦੀਆਂ ਸਨ।ਵੈਸੇ ਅੱਜਕਲ ਤਾਂ ਹਲਵਾਈ ਮਾਲ੍ਹ ਪੂੜੇ ਬਣਾਉਂਦੇ ਹਨ, ਖੀਰ ਵੀ ਬਣੀ ਬਣਾਈ ਮਿਲ ਜਾਂਦੀ ਹੈ।ਕੌਲੀਆਂ ਪਲੇਟਾਂ ਵਿੱਚ ਸਜਾਓ ਤੇ ਖਾਓ।09082021

ਮਨਜੀਤ ਸਿੰਘ ਸੌਂਦ,
ਟਾਂਗਰਾ (ਅੰਮ੍ਰਿਤਸਰ)
ਮੋ – 98037 61451

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …