Saturday, July 27, 2024

ਡੀ.ਟੀ.ਐਫ ਦੀ 33ਵੀਂ ਵਜ਼ੀਫਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਵਲੋਂ ਕਰਵਾਈ ਗਈ 33ਵੀਂ ਵਜੀਫਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ ਹੋਈ।ਪ੍ਰੀਖਿਆ ਕੇਂਦਰ ਆਦਰਸ਼ ਸਕੂਲ ਸੰਗਰੂਰ ਦੇ ਪ੍ਰਬੰਧਕ ਮਾਸਟਰ ਪਰਮ ਵੇਦ ਤੇ ਜਗਦੇਵ ਵਰਮਾ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ 33ਵੀਂ ਡੀ.ਟੀ.ਐਫ ਦੀ ਵਜ਼ੀਫਾ ਪ੍ਰੀਖਿਆ ਸਵਿਤਰੀ ਬਾਈ ਫੂਲੇ ਤੇ ਫਾਤਿਮਾ ਸ਼ੇਖ ਨੂੰ ਸਮਰਪਿਤ ਸੀ।ਇਹ ਪ੍ਰੀਖਿਆ ਜਿਲ੍ਹਾ ਸੰਗਰੂਰ ਦੇ 13 ਪ੍ਰੀਖਿਆ ਕੇਂਦਰਾਂ ਵਿੱਚ ਸਵੇਰੇ 10.00 ਵਜੇ ਤੋਂ 11.50 ਵਜੇ ਤੱਕ ਹੋਈ।ਸੰਗਰੂਰ ਸ਼ਹਿਰ ਦਾ ਪ੍ਰੀਖਿਆ ਕੇਂਦਰ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੀ।ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਨਕਲ ਦੀ ਭਾਵਨਾ ਖ਼ਤਮ ਕਰਨਾ, ਪ੍ਰਤਿੱਭਾ ਦੀ ਸਹੀ ਪਰਖ਼ ਕਰਨਾ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ।ਸਥਾਨਕ ਪ੍ਰੀਖਿਆ ਕੇਂਦਰ ਵਿੱਚ ਸਰਕਾਰੀ ਤੇ ਪ੍ਰਾਈਵੇਟ ਕੈਟਾਗਰੀਆਂ ਆਧਾਰਤ ਪੰਜਵੀਂ ਦੇ 133, ਅੱਠਵੀਂ ਦੇ 81 ਦਸਵੀਂ ਦੇ 56, ਬਾਰਵੀਂ 4 ਸਮੇਤ ਕੁੱਲ 269 ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਵਿੱਚ ਸ਼ਮੂਲੀਅਤ ਕੀਤੀ।ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਵੱਖ ਵੱਖ ਮੈਰਿਟ ਬਣਾ ਕੇ ਹਰ ਕੈਟਾਗਰੀ ਤੇ ਹਰ ਪੱਧਰ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਤੇ ਅਗਲੇ 10 ਸਥਾਨਾਂ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਵਧਾਊ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਪ੍ਰੀਖਿਆ ਦਾ ਨਤੀਜਾ 23 ਮਾਰਚ ਨੂੰ ਘੋਸ਼ਿਤ ਕੀਤਾ ਜਾਵੇਗਾ।ਪ੍ਰੀਖਿਆ ਸੁਪਰਡੈਂਟ ਸੇਵਾ ਮੁਕਤ ਲੈਕਚਰਾਰ ਜਸਦੇਵ ਸਿੰਘ ਸਨ ਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਵਿੱਚ ਲੈਕਚਰਾਰ ਸੁਖਦੇਵ ਸਿੰਘ ਕਿਸ਼ਨਗੜ੍ਹ, ਮਹਿੰਦਰ ਕੁਮਾਰ ਲੈਕਚਰਾਰ, ਮਾਸਟਰ ਰਾਮਪਾਲ ਸ਼ਰਮਾ, ਰਾਕੇਸ਼ ਕੁਮਾਰ, ਰਣਬੀਰ ਸਿੰਘ, ਸੁਰਿੰਦਰ ਸਿੰਘ, ਸੰਜੀਵ ਕੁਮਾਰ, ਜੁਗਰਾਜ ਸਿੰਘ, ਹੇਮੰਤ ਸਿੰਘ, ਜਸਵਿੰਦਰ ਸਿੰਘ, ਵਿਮਲਪ੍ਰੀਤ ਕੌਰ, ਮਨੀਸ਼ਾ, ਆਂਚਲ, ਸਰੋਜ ਰਾਣੀ, ਹਰਪ੍ਰੀਤ ਕੌਰ ਨੇ ਸ਼ਮੂਲੀਅਤ ਕੀਤੀ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …