Monday, July 8, 2024

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਅਤੇ ਐਨ.ਆਈ.ਟੀ ਦਿੱਲੀ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਫੈਕਲਟੀ ਦੇ ਗਿਆਨ ਨੂੰ ਉਚਾ ਚੁੱਕਣ ਅਤੇ ਉਨ੍ਹਾਂ ਨੂੰ ਨਵੀਨਤਮ ਅਧਿਆਪਨ ਹੁਨਰਾਂ ਤੋਂ ਜਾਣੂ ਕਰਵਾਉਣ ਲਈ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦੇ ਹੋਏ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ) ਦਿੱਲੀ ਨਾਲ ਆਪਸੀ ਸਮਝੌਤਾ ਕੀਤਾ ਹੈ।ਇਸ ਸਮਝੌਤੇ ’ਤੇ ਐਨ.ਆਈ.ਟੀ ਦਿੱਲੀ ਦੇ ਡਾਇਰੈਕਟਰ ਡਾ. ਅਜੈ ਕੁਮਾਰ ਸ਼ਰਮਾ ਅਤੇ ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਨੇ ਦਸਤਖਤ ਕੀਤੇ।
ਸਮਾਰੋਹ ਦੌਰਾਨ ਡਾ. ਅਜੈ ਨੇ ਫੈਕਲਟੀਜ਼ ਨੂੰ ਸਿੱਖਲਾਈ ਅਤੇ ਉਤਸ਼ਾਹਿਤ ਕਰਨ ਲਈ ਕਾਨਫ਼ਰੰਸਾਂ ਅਤੇ ਫੈਕਲਟੀ ਵਿਕਾਸ ਪ੍ਰੋਗਰਾਮਾਂ ਦੇ ਆਯੋਜਨ ਸਬੰਧੀ ਭਰੋਸਾ ਦਿੱਤਾ।ਉਨ੍ਹਾਂ ਕਿਹਾ ਕਿ ਇਸ ਸਹਿਮਤੀ ਪੱਤਰ ਤਹਿਤ ਵੱਖ-ਵੱਖ ਗਤੀਵਿਧੀਆਂ ਰਾਹੀਂ ਨਾ ਸਿਰਫ਼ ਸਿੱਖਿਆ ਸ਼ਾਸਤਰ ਅਤੇ ਫੈਕਲਟੀ ਦੇ ਹੁਨਰ ’ਚ ਵਾਧਾ ਹੋਵੇਗਾ, ਸਗੋਂ ਕਾਲਜ ਦੇ ਵਿਦਿਆਰਥੀਆਂ ਨੂੰ ਐਨ.ਆਈ.ਟੀ ਦੇ ਫੈਕਲਟੀ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।
ਡਾ. ਮੰਜੂ ਬਾਲਾ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਐਨ.ਆਈ.ਟੀ ਦੇ ਫੈਕਲਟੀ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ।ਇਸ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਤੋਂ ਬਾਅਦ ਕਾਲਜ ਪੰਜਾਬ ਦੀ ਪਹਿਲੀ ਸੰਸਥਾ ਬਣ ਗਈ ਹੈ, ਜਿਥੇ ਐਨ.ਆਈ.ਟੀ ਦੇ ਫੈਕਲਟੀ ਪੜ੍ਹਾ ਰਹੇ ਹਨ।
ਰਜਿਸਟਰਾਰ ਰਵਿੰਦਰ ਕੁਮਾਰ, ਪ੍ਰੋਫ਼ੈਸਰ ਅਤੇ ਐਚ.ਓ.ਡੀ ਡਾ. ਗੀਤਾ ਸਿੱਕਾ, ਪ੍ਰੋਫੈਸਰ ਅਤੇ ਐਚ.ਓ.ਡੀ.ਈ.ਸੀ.ਈ ਪ੍ਰੋ. ਡਾ: ਮਨਿਜ਼ ਕੁਮਾਰ, ਵਿਦਿਆਰਥੀ ਭਲਾਈ ਡੀਨ ਡਾ. ਜੋਤਿਸ਼ ਮਲਹੋਤਰਾ, ਡੀਨ ਅਕਾਦਮਿਕ ਡਾ. ਹਰੀਸ਼ ਕੁਮਾਰ, ਡੀਨ ਰਿਸਰਚ ਐਂਡ ਕੰਸਲਟੈਂਸੀ ਡਾ. ਅਨੁਰਾਗ ਸਿੰਘ, ਸਿਖਲਾਈ ਅਤੇ ਪਲੇਸਮੈਂਟ ਮੁਖੀ ਡਾ. ਕਪਿਲ ਸ਼ਰਮਾ (ਸਾਰੇ ਐਨ.ਆਈ.ਟੀ ਦਿੱਲੀ), ਇੰਜ਼ੀਨੀਅਰਿੰਗ ਕਾਲਜ ਤੋਂ ਐਸੋਸੀਏਟ ਪ੍ਰੋਫੈਸਰ ਡਾ: ਰਿਪਿਨ ਕੋਹਲੀ ਡੀਨ ਅਕਾਦਮਿਕ ਡਾ: ਜੁਗਰਾਜ ਸਿੰਘ ਹਾਜ਼ਰ ਸਨ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਹ ਸਮਝੌਤਾ ਨਾ ਸਿਰਫ ਫੈਕਲਟੀ ਦੇ ਅਧਿਆਪਨ ਹੁਨਰ ਨੂੰ ਅਪਗ੍ਰੇਡ ਕਰੇਗਾ, ਬਲਕਿ ਫੈਕਲਟੀ ਅਤੇ ਵਿਦਿਆਰਥੀਆਂ ਦੋਵਾਂ ਲਈ ਖੋਜ਼ ਦੇ ਨਵੇਂ ਰਾਹ ਵੀ ਖੋਲ੍ਹੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …