Monday, July 8, 2024

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ

ਸੰਗਰੂਰ, 3 ਜਨਵਰੀ (ਜਗਸੀਰ ਲੌਂਗੋਵਾਲ) – ਨੇੜ੍ਹਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਮੰਜ਼ੀ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ਼ ਪਿਆਰਿਆਂ ਦੀ ਅਗਵਾਈ ‘ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੂਟਾ ਸਿੰਘ ਨੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਨ ਦੀ ਸੇਵਾ ਨਿਭਾਈ।ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਬਾਬਾ ਭਾਈ ਬਹਿਲੋ ਗੁਰਦੁਆਰਾ ਸਾਹਿਬ, ਬਾਬਾ ਮਨੋਹਰ ਗਿਰ ਜੀ ਸਿੱਧ ਸਮਾਧਾਂ ਤੇ ਹੋਰ ਸਥਾਨਾਂ ‘ਤੇ ਚਾਹ, ਬਦਾਨਾ ਤੇ ਪਕੋੜਿਆਂ ਦਾ ਲੰਗਰ ਅਤੁੱਟ ਵਰਤਿਆ ਅਤੇ ਪਿੰਡ ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਨਗਰ ਕੀਰਤਨ ਦਾ ਰਸਤਿਆਂ ‘ਚ ਖੂਬਸੂਰਤ ਲੜੀਆਂ ਲਗਾਈਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ‘ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ।
ਨਗਰ ਕੀਰਤਨ ਦੋਰਾਨ ਵੱਖ-ਵੱਖ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਸਿੱਖ ਧਰਮ ਨਾਲ ਸਬੰਧਤ ਵਾਰਾਂ ਸੁਣਾਈਆਂ ਤੇ ਭਾਈ ਅਮਨਿੰਦਰ ਸਿੰਘ ਹਜ਼ੂਰੀ ਰਾਗੀ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਟੇਜ਼ ਸਕੱਤਰ ਦੀ ਸੇਵਾ ਗੁਰਚਰਨ ਸਿੰਘ ਨੇ ਨਿਭਾਈ।
ਬੀਬੀਆਂ ਦੇ ਜਥੇ ਨੇ ਝਾੜੂ ਦੀ ਸੇਵਾ ਨਿਭਾਈ ਤੇ ਗੁਰੂ ਘਰ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ‘ਚ ਜਥਿਆਂ ਦੇ ਰੂਪ ਚ ਪਿੰਡ ਦੇ ਸੇਵਾਦਾਰਾਂ ਵਲੋਂ ਨਗਰ ਕੀਰਤਨ ਸਮੇਂ ਸਵੇਰੇ ਤੋਂ ਸ਼ਾਮ ਤੱਕ ਸੇਵਾ ਸ਼ਰਧਾ ਤੇ ਸਤਿਕਾਰ ਨਾਲ ਨਿਭਾਈ।
ਨਗਰ ਕੀਰਤਨ ਦੌਰਾਨ ਮੇਜਰ ਸਿੰਘ, ਕਰਮਜੀਤ ਸਿੰਘ, ਜਰਨੈਲ ਸਿੰਘ, ਸੁਖਪਾਲ ਸਿੰਘ ਭੋਲਾ, ਰਾਜ ਸਿੰਘ ਨੇ ਪੰਜ਼ ਪਿਆਰਿਆਂ ਵਜੋਂ ਸੇਵਾ ਨਿਭਾਈ।ਵਾਰਡ ਨੰਬਰ ਚਾਰ ਵਿਖੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਦਾ ਉਪਰਾਲਾ ਕਰਨ ਵਾਲੇ ਗੁਰੂ ਘਰ ਦੇ ਮੁੁੱਖ ਗ੍ਰੰਥੀ ਬਾਬਾ ਬੂਟਾ ਸਿੰਘ ਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਅਮਨਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਸਮਾਜ ਸੇਵੀ ਮੱਖਣ ਸਿੰਘ (ਸਾਬਕਾ ਪੰਚ) ਵਲੋਂ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …