ਕੈਪਟਨ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣਾ ਮੰਦਭਾਗਾ
ਅੰਮ੍ਰਿਤਸਰ, 23 ਅਪ੍ਰੈਲ (ਜਸਬੀਰ ਸਿੰਘ ਸੱਗੂ) – ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਨਸ਼ਨ (ਆਈ.ਐਸ.ਓ) ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ ਪੰਜਾਬ ਸ੍ਰ. ਕੰਵਰਬੀਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਨਵੰਬਰ 1984 ‘ਚ ਸਿੱਖ ਕਤਲੇਆਮ ਵਿੱਚ ਕਾਂਗਰਸ ਤੇ ਦਿੱਲੀ ਪੁਲਿਸ ਦਾ ਸਿੱਧੇ ਤੌਰ ਤੇ ਹੱਥ ਹੋਣ ਦੇ ਹੋਏ ਖੁਲਾਸੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕੋਬਰਾ ਪੋਸਟ ਨੇ ਸਟਿੰਗ ਆਪਰੇਸ਼ਨ ਰਾਹੀ ਤਾਂ ਅੱਜ ਇਹਨਾਂ ਦੇ ਸਿੱਖ ਕਤਲੇਆਮ ‘ਚ ਹੱਥ ਹੋਣ ਦਾ ਖੁਲਾਸਾ ਕੀਤਾ ਹੈ ਪਰ ਸਿੱਖ ਕੌਮ ਤਾਂ ਪਿਛਲੇ 30 ਸਾਲਾਂ ਤੋਂ ਦੋਸ਼ੀਆਂ ਖਿਲਾਫ ਲਗਾਤਾਰ ਆਪਣੀ ਲੜ੍ਹਾਈ ਲੜਦੀ ਆ ਰਹੀ ਹੈ। ਜਿਸ ਵਿੱਚ ਅਨੇਕਾ ਸਬੂਤਾਂ ਤੇ ਗਵਾਹੀਆਂ ਦੇ ਅਧਾਰ ਤੇ ਦੋਸ਼ੀਆਂ ਦੀਆਂ ਸ਼ਨਾਂਖਤਾਂ ਵੀ ਹੋ ਚੁੱਕੀਆਂ ਹਨ ਪਰ ਕਾਂਗਰਸ ਨੇ ਪੂਰੀ ਅੱਡੀ ਚੋਟੀ ਦਾ ਜੋਰ ਲਗਾ ਕੇ ਇਹਨਾਂ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ। ਕੰਵਰਬੀਰ ਸਿੰਘ ਨੇ ਕਿਹਾ ਕਿ ਨਵੰਬਰ 84 ਵਿੱਚ ਕਾਂਗਰਸ ਦੇ ਵੱਡੇ ਆਗੂਆਂ ਨੇ ਦਿੱਲੀ ਪੁਲਿਸ ਨੂੰ ਖੁੱਲ੍ਹੇ ਅਖਤਿਆਰ ਦਿੱਤੇ ਸਨ ਕਿ ਸਿੱਖਾਂ ਦੇ ਕਤਲੇਆਮ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਅਤੇ ਪ੍ਰਦਸ਼ਨਕਾਰੀ ਗੁੰਡਾ ਅਨਸਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜਿਸ ਦੇ ਫਲਸਰੂਪ ਹੀ ਸਿੱਖਾਂ ਦੀ ਬੁਰੀ ਤਰਾਂ ਨਸ਼ਲਕੁਸ਼ੀ ਕੀਤੀ ਗਈ, ਜਿਸ ਨੂੰ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ। ਅੱਜ ਬਜਾਏ ਇਹਨਾਂ ਦੋਸ਼ੀਆਂ ਨੂੰ ਸਜਾਵਾਂ ਦੇਣ ਦੇ, ਸਿੱਖਾਂ ਨੂੰ ਕਾਂਗਰਸ 84 ਦੇ ਕਤਲੇਆਮ ਨੂੰ ਭੁੱਲ ਜਾਣ ਦੀ ਗੱਲ ਆਖ ਰਹੀ ਹੈ। ਜੋ ਸਿੱਖਾਂ ਨਾਲ ਕੌਝੇ ਮਜ਼ਾਕ ਤੋਂ ਵੱਧ ਕੁੱਝ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣਾ ਬਹੁਤ ਹੀ ਮੰਦਭਾਗਾ ਹੈ, ਜਿਸ ਨਾਲ ਸਿੱਖ ਕੌਮ ਦੇ ਦਿਲ ਨੂੰ ਬੂਰੀ ਤਰਾਂ ਸੱਟ ਵੱਜੀ ਹੈ। ਇਸ ਮੌਕੇ ਉਹਨਾਂ ਨਾਲ ਗੁਰਮਨਜੀਤ ਸਿੰਘ ਗਿੱਲ ਵੀ ਹਾਜ਼ਰ ਸਨ।