Sunday, October 6, 2024

ਬਠਿੰਡਾ ਪ੍ਰੈਸ ਕਲੱਬ ਵਲੋਂ ਸੁਪਰੀਮ ਕੋਰਟ ਤੇ ਪ੍ਰਧਾਨ ਮੰਤਰੀ ਦੇ ਨਾਂ ਡੀ.ਸੀ ਬਠਿੰਡਾ ਨੂੰ ਮੰਗ ਪੱਤਰ

PPN0212201505

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਪ੍ਰੈਸ ਦੀ ਆਜਾਦੀ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸੁਪਰੀਮ ਕੋਰਟ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਅੱਜ ਇੱਕ ਮੰਗ ਪੱਤਰ ਦੇਕੇ ਤੁਰੰਤ ਦਖਲਅੰਦਾਜੀ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਰਾਜਸੀ ਬਦਲਾਖੋਰੀ ਦੇ ਚਲਦਿਆਂ ਪਿਛਲੇ ਦਿਨੀਂ ਪਟਿਆਲਾ ਪੁਲਿਸ ਨੇ ਪਹਿਲਾਂ ਵਿਸ਼ਵ ਪ੍ਰਸਿੱਧ ਪੱਤਰਕਾਰ ਸ਼੍ਰੀ ਬਲਤੇਜ ਪੰਨੂੰ ਨੂੰ ਹਿਰਾਸਤ ਵਿੱਚ ਲਿਆ ਤੇ ਫਿਰ ਇੱਕ ਔਰਤ ਤੋਂ ਲਈ ਸ਼ਿਕਾਇਤ ਦੇ ਆਧਾਰ ‘ਤੇ ਉਸ ਵਿਰੁੱਧ ਬਲਾਤਕਾਰ ਦਾ ਝੂਠਾ ਮੁਕੱਦਮਾਂ ਦਰਜ ਕਰਕੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਹੈ।ਇੱਥੇ ਹੀ ਬਸ ਨਹੀਂ ਬਲਕਿ ਸ਼੍ਰੀ ਪੰਨੂੰ ਨੂੰ ਜਲੀਲ ਕਰਾਉਣ ਵਾਸਤੇ ਹਾਕਮ ਧਿਰ ਦੇ ਇੱਕ ਆਗੂ ਨੇ ਨਾਭਾ ਤੋਂ ਕੁੱਝ ਅਜਿਹੀਆਂ ਔਰਤਾਂ ਨੂੰ ਬੁਲਵਾ ਕੇ ਇਸ ਪ੍ਰਸਿੱਧ ਪੱਤਰਕਾਰ ਤੇ ਗੰਦੇ ਟਮਾਟਰਾਂ ਅਤੇ ਆਂਡਿਆਂ ਨਾਲ ਹਮਲਾ ਕਰਵਾਉਣ ਦਾ ਵੀ ਯਤਨ ਕੀਤਾ ਸੀ ਜੋ ਸ਼੍ਰੀ ਪੰਨੂੰ ਨੂੰ ਜਾਣਦੀਆਂ ਵੀ ਨਹੀਂ ਸਨ।
ਇਸ ਘਟਨਾਕ੍ਰਮ ਨੇ ਪਹਿਲਾਂ ਤੋਂ ਹੀ ਸਰਕਾਰੀ ਅਤਾਬ ਦਾ ਸ਼ਿਕਾਰ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਦਾ ਗਮ ਅਤੇ ਗੁੱਸਾ ਪੈਦਾ ਕਰ ਦਿੱਤਾ। ਸੂਬਾ ਪੱਧਰ ਦੇ ਕੁੱਝ ਸੀਨੀਅਰ ਪੱਤਰਕਾਰਾਂ ਵੱਲੋਂ ਲਏ ਫੈਸਲੇ ਦੇ ਆਧਾਰ ਤੇ ਅੱਜ ਸਮੁੱਚੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਨੂੰ ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਮੁੱਖ ਮੰਤਰੀ ਦੇ ਨਾਂ ਮੈਮੋਰੰਡਮ ਭੇਜੇ ਗਏ। ਇਸੇ ਲੜੀ ਤਹਿਤ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸ਼੍ਰੀ ਬਲਤੇਜ ਪੰਨੂੰ ਬਠਿੰਡਾ ਸਮੇਤ ਪੰਜਾਬ ਦੇ ਹੋਰ ਪੱਤਰਕਾਰਾਂ ਨੂੰ ਮਿਲ ਰਹੀਆਂ ਸਰਕਾਰੀ ਤੇ ਗੈਰ ਸਰਕਾਰੀ ਧਮਕੀਆਂ ਦੀ ਸਖਤ ਨਿਖੇਧੀ ਕਰਦਿਆਂ ਜੋ ਮੰਗ ਪੱਤਰ ਦਿੱਤਾ ਗਿਆ ਉਸ ਰਾਹੀਂ ਇਹ ਅਪੀਲ ਕੀਤੀ ਗਈ ਹੈ ਕਿ ਮੀਡੀਆ ਦੀ ਆਜਾਦੀ ਤੇ ਹੋ ਰਹੇ ਹਮਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾਇਆ ਜਾਵੇ। ਇਸ ਵਫਦ ਵਿੱਚ ਕੌਮੀ ਅਤੇ ਭਾਸ਼ਾਈ ਅਖਬਾਰਾਂ ਤੋਂ ਇਲਾਵਾ ਇਲੈਕਟ੍ਰੋਨਿਕ ਅਤੇ ਵੈਬ ਰੇਡੀਓ ਮੀਡੀਆ ਦੇ ਪ੍ਰਤੀਨਿੱਧ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂਆਂ ਨੇ ਬਲਤੇਜ ਪੰਨੂ ਅਤੇ ਪੱਤਰਕਾਰ ਸੁਰਿੰਦਰ ਸਿੰਘ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕਰਨ ਖਿਲਾਫ ਵਧੀਕ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੂੰ ਗਵਰਨਰ ਦੇ ਨਾਮ ਵਾਲਾ ਮੰਗ ਪੱਤਰ ਸੌਂਪਿਆ।
ਪਾਰਟੀ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਊਂਕਿ ਦੇਸ਼ ਵਿਦੇਸ਼ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਸਖਤ ਰੋਸ ਪਾਇਆ ਜਾ ਰਿਹਾ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਅਤੇ ਜਿਲ੍ਹਾ ਪ੍ਰਧਾਨ ਹਰਦੇਵ ਸਿੰਘ ਬਾਹੋਯਾਤਰੀ ਨੇ ਕਿਹਾ ਪੰਜਾਬ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਲੋਕ ਅਵਾਜ ਨੂੰ ਡੰਡੇ ਨਾਲ ਦਬਾਉਣ ਦੇ ਯਤਨ ਕਰ ਰਹੀ ਹੈ ਪਰ ਹੁਣ ਤਾਂ ਉਸ ਸਮੇਂ ਹੱਦ ਹੋ ਗਈ ਜਦੋਂ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਪੁਲਸ ਨੇ ਪੱਤਰਕਾਰਾਂ ਦੀ ਅਵਾਜ ਨੂੰ ਬੰਦ ਕਰਨ ਲਈ ਝੂਠੇ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਨੇ ਜਿਸ ਤਰ੍ਹਾਂ ਇਸ ਮਾਮਲੇ ਵਿੱਚ ਜਲਦਬਾਜੀ ਕੀਤੀ ਹੈ ਉਸ ਤੋਂ ਪੁਲਸ ਦੀ ਸਮੁੱਚੀ ਕਾਰਵਾਈ ਸ਼ੱਕੀ ਬਣੀ ਹੋਈ ਹੈ। ਪਾਰਟੀ ਆਗੂਆਂ ਨੇ ਅੱਗੇ ਕਿਹਾ ਕਿ ਪੰਨੂੰ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕਰਨ ਪਿੱਛੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਦਾ ਹੱਥ ਹੈ ਜਿਸਨੇ ਕੁੱਝ ਦਿਨ ਪਹਿਲਾਂ ਪੰਨੂੰ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਨੂੰ ਸੋਸ਼ਲ ਮੀਡੀਆ ਰਾਹੀ ਪੰਜਾਬ ਸਰਕਾਰ ਦੀਆ ਨਲਾਇਕੀਆਂ ਅਤੇ ਗਲਤ ਕਾਰਵਾਈਆਂ ਨੂੰ ਉਜਾਗਰ ਕਰਦਾ ਆ ਰਿਹਾ ਸੀ, ਜਿਸ ਕਾਰਨ ਹੀ ਪੁਲਸ ਨੇ ਉਸ ਖਿਲਾਫ ਬਲਾਤਕਾਰ ਜਿਹਾ ਗੰਭੀਰ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਜਿਸ ਨੂੰ ਅਕਾਲੀ ਭਾਜਪਾ ਸਰਕਾਰ ਖੋਹ ਰਹੀ ਹੈ। ਆਗੂਆਂ ਨੇ ਕਿਹਾ ਕਿ ਪੱਤਰਕਾਰ ਸੁਰਿੰਦਰ ਸਿੰਘ ਨੂੰ 27 ਸਾਲ ਪੁਰਾਣੇ ਕੇਸ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜਾਦੀ ‘ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਤਰੁੰਤ ਰੋਕੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਜਗਜੀਤ ਸਿੰਘ ਸਿੱਧੂ ਜਨਰਲ ਸਕੱਤਰ, ਸੁਖਪਾਲ ਸਿੰਘ ਭੁੱਲਰ ਜਨਰਲ ਸਕੱਤਰ, ਜਤਿੰਦਰ ਸਰਮਾ ਸਫਂਟਰਲ ਕਮੇਟੀ ਮੈਂਬਰ, ਦਵਿੰਦਰ ਸਿੰਘ ਦੀਪੀ ਸ਼ਹਿਰੀ ਪ੍ਰਧਾਨ ਬਠਿੰਡਾ, ਲਾਭ ਸਿੰਘ ਘੁੰਮਣ, ਬਲਵੀਰ ਸਿੰਘ ਕਮਾਲੂ, ਸੁਖਰਾਜ ਸਿੰਘ ਔਲਖ, ਸੋਹਣ ਸਿੰਘ ਗੋਬਿੰਦਪੁਰਾ, ਮਾਸਟਰ ਸੁਖਮੰਦਰ ਸਿੰਘ, ਮਾਸਟਰ ਪਰਮਜੀਤ ਸਿੰਘ ਦਾਨਸਿੰਘਵਾਲਾ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply