ਅੰਮ੍ਰਿਤਸਰ, 15 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੀਫੋਰਨੀਆ ਦੇ ਸਾਨ ਡਿਆਗੋ ਸ਼ਹਿਰ ਵਿੱਚ ਫੁੱਟਬਾਲ ਮੈਚ ਦੇਖਣ ਜਾ ਰਹੇ ਸਿੱਖਾਂ ਨੂੰ ਸੁਰੱਖਿਆ ਅਮਲੇ ਵੱਲੋਂ ਦਸਤਾਰਾਂ ਸਜਾਈਆ ਹੋਣ ਕਾਰਨ ਸਟੇਡੀਅਮ ਵਿੱਚ ਜਾਣ ਤੋਂ ਰੋਕਣ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪੈ੍ਰੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਆਪਣੇ ਅੰਮ੍ਰਿਤਧਾਰੀ ਸਿੱਖਾਂ ਨੂੰ ਰਹਿਤ ਵਜੋਂ ਪੰਜ ਕਕਾਰ ਕਛਹਿਰਾ, ਕੰਘਾ, ਕੜ੍ਹਾ, ਕ੍ਰਿਪਾਨ ਤੇ ਕੇਸਾਂ ਦੇ ਧਾਰਨੀ ਹੋਣ ਲਈ ਕਿਹਾ।ਉਨ੍ਹਾਂ ਕਿਹਾ ਕਿ ਦਸਤਾਰ ਸਿੱਖਾਂ ਦੀ ਸਹੀ ਪਹਿਚਾਣ ਅਤੇ ਮਾਣ ਹੈ।ਉਨ੍ਹਾਂ ਕਿਹਾ ਕਿ ਕੇਸਾਂ ਦੀ ਸੰਭਾਲ ਲਈ ਸਿਰ ਤੇ ਦਸਤਾਰ ਸਜਾਉਣੀ ਬਹੁਤ ਜ਼ਰੂਰੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਅਮਨਪਸੰਦ ਕੌਮ ਹੈ ਤੇ ਇਸ ਦੇ ਧਾਰਮਿਕ ਚਿੰਨ੍ਹਾਂ ਨੂੰ ਅਸ਼ਾਂਤੀ ਤੇ ਅਸੁਰੱਖਿਆ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ।ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਅਮਰੀਕਾ ਵਿੱਚ ਸਿੱਖਾਂ ਦੀ ਦਸਤਾਰ ਕਰਕੇ ਉਨ੍ਹਾਂ ਦੀ ਤੁਲਨਾ ਮੁਸਲਮਾਨਾਂ ਨਾਲ ਕਰਨ ਦੀਆਂ ਘਟਨਾਵਾਂ ਵਿੱਚ ਰੋਜ਼ਾਨਾ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਅਮਰੀਕਾ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਥੋਂ ਦੇ ਰਹਿਣ ਵਾਲੇ ਵਸਨੀਕਾ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਤਾਂ ਕਿ ਆਪਸੀ ਭਾਈਚਾਰਕ ਸਾਂਝ ਵਿੱਚ ਕਿਸੇ ਕਿਸਮ ਦੀ ਫਿਰਕੂ ਭਾਵਨਾ ਭਾਰੂ ਨਾ ਹੋ ਸਕੇ।ਉਨ੍ਹਾਂ ਅਮਰੀਕਾ ਵਿੱਚ ਸਿੱਖਾਂ ਵੱਲੋਂ ਸਥਾਪਿਤ ਕੀਤੀਆਂ ਧਾਰਮਿਕ ਤੇ ਸੋਸ਼ਲ ਸੁਸਾਇਟੀਆਂ ਨੂੰ ਵੀ ਕਿਹਾ ਕਿ ਉਹ ਪ੍ਰਚਾਰ ਤੇ ਪ੍ਰਸਾਰ ਦੇ ਮਾਧਿਅਮ ਰਾਹੀਂ ਅਮਰੀਕਾ ਦੇ ਬਾਸ਼ਿੰਦਿਆਂ ਨੂੰ ਆਪਣੀ ਵੱਖਰੀ ਪਹਿਚਾਣ ਬਾਰੇ ਜਾਗਰੂਕ ਕਰਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …