ਲੋਹੜੀ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ਲਤ ਹੋਣ ‘ਤੇ ਮਨਾਇਆ ਜਾਂਦਾ ਹੈ।ਇਹ ਤਿਉਹਾਰ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਕਿ ਮੁੰਡੇ ਦਾ ਵਿਆਹ ਹੋਇਆ ਹੋਵੇ, ਢੋਲ ਢਮਕਿਆਂ, ਸਗਨਾਂ ਨਾਲ ਮਨਾਇਆ ਜਾਂਦਾ ਹੈ । ਹੁਣ ਲੋਕਾਂ ਦੇ ਜਾਗਰੂਕ ਹੋਣ ਨਾਲ ਲੜਕੀ ਜੰਮਣ ‘ਤੇ ਵੀ ਹੁਣ ਪੰਜਾਬ ਵਾਸੀਆਂ ਵਲੋਂ ਲੜਕੀ ਦੀ ਲੋਹੜੀ ਮਨਾਈ ਜਾਂਦੀ ਹੈ । ਲੋਹੜੀ ਸ਼ਬਦ ਅਸਲ ‘ਚ ਦੋ ਸਬਦਾਂ ਤਿਲ ਅਤੇ ਰਿਉੜੀਆਂ ਦੇ ਸ਼ਬਦਾਂ ਸੁਮੇਲ ਹੈ। ਇਸ ਮੌਕੇ ਲੋਕਾਂ ਵਲੋਂ ਰਲ ਮਿਲ ਕੇ ਲੱਕੜਾਂ ਅਤੇ ਪਾਥੀਆਂ ਨੂੰ ਇੱਕਠਾ ਕਰਕੇ ਅਗਨੀ ਦਾ ਧੂਣਾ ਲਗਾਇਆ ਜਾਂਦਾ ਹੈ, ਫਿਰ ਲੋਕ ਧੂਣੇ ਦੁਆਲੇ ਇਕੱਤਰ ਹੋ ਕੇ ਅੱਗ ਵਿਚ ਤਿੱਲ ਸੁੱਟ ਕੇ ‘ਇਸ਼ਰ ਆ ਦਲਿਦਰ ਜਾ, ਦੁਲਿਦਰ ਦੀ ਜੜ ਚੁੱਲੇ ਪਾ।’ ਦੀ ਰਸਮ ਅਦਾ ਕਰਦੇ ਹਨ।
ਪਹਿਲੇਹ ਸਮਿਆਂ ‘ਚ ਭਾਵੇਂ ਸਾਂਝੀ ਥਾਂ ‘ਤੇ ਲੋਹੜੀ ਬਾਲੀ ਜਾਂਦੀ ਸੀ, ਲੇਕਿਨ ਸਮੇਂ ਦੀ ਕੜੱਤਣ ਸਮਝੋਂ ਜਾਂ ਆਪਸ ਵਿਚ ਭਾਈਚਾਰਕ ਦੀ ਸਾਂਝ ਘਟਣ, ਅਮੀਰ ਗਰੀਬ, ਜਾਤ ਪਾਤ ਤੇ ਵੱਧ ਰਹੇ ਫ਼ਿਰਕੂ ਪਾੜੇ ਕਾਰਨ ਲੋਹੜੀ ਦੀ ਵੰਡ ਪੈ ਗਈ ਅਤੇ ਲੋਕ ਆਪਣੇ ਆਪਣੇ ਅੱਗ ਦੇ ਢੇਰ ਲਗਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ।ਸਰੋਂ ਦਾ ਸਾਗ ਲੋਹੜੀ ਉਪਰੋਂ ਵਾਰ ਕੇ ਖਾਣ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਹੈ।
ਇਸ ਤੋਂ ਇਲਾਵਾ ਲੋਹੜੀ ਦੁਆਲੇ ਇਕੱਤਰ ਹੋਏ ਸਾਰੇ ਲੋਕ ਇਕ ਦੂਜੇ ਨੂੰ ਮੂੰਗਫਲੀਆਂ, ਗੱਚਕ, ਰਿਉੜੀਆਂ ਆਦਿ ਵੰਡ ਕੇ ਖਾਂਦੇ ਹਨ।ਜਿਥੇ ਪਹਿਲਾਂ ਰਿਸ਼ਤੇਦਾਰ, ਭੈਣ ਭਰਾ ਦੋਸਤ ਰਲ ਮਿਲ ਕੇ ਪਿਆਰ ਭਰੇ ਗੀਤ ਅਤੇ ਬੋਲੀਆਂ ਪਾ ਕੇ ਭਰਪੂਰ ਅਨੰਦ ਮਾਣਦੇ ਸਨ, ਉਥੇ ਹੁਣ ਲੋਕ ਡੀ.ਜੇ ਲਗਾ ਕੇ ਕੰਨੀ ਪਾੜਵੀਆਂ ਆਵਾਜ਼ਾਂ ਨਾਲ ਪ੍ਰਦੂਸ਼ਣ ਪੈਦਾ ਕਰਦੇ ਹਨ। ਲੋਹੜੀ ਦੇ ਤਿਉਹਾਰ ਦੀਆਂ ਅਨੇਕਾਂ ਹੀ ਕਹਾਣੀਆਂ ਪ੍ਰਚੱਲਤ ਹਨ। ਦੱਸਿਆ ਜਾਂਦਾ ਹੈ ਕਿ ਮੁਗਲ ਕਾਲ ਦੇ ਸਮੇਂ ਦੁੱਲਾ ਭੱਟੀ ਬਹਾਦਰ ਡਾਕੂ ਜੋ ਕਿ ਅਮੀਰਾਂ ਦਾ ਦੁਸ਼ਮਣ ਅਤੇ ਗਰੀਬਾਂ ਲਈ ਮਸ਼ੀਹਾ ਸੀ, ਸੁੰਦਰੀ ਮੁੰਦਰੀ ਦੋ ਭੈਣਾਂ ਜੋ ਕਿ ਇਕ ਗਰੀਬ ਪੰਡਤ ਦੀਆਂ ਧੀਆਂ ‘ਤੇ ਮੁਗਲ ਸ਼ਾਸਨ ਅਧਿਕਾਰੀ ਦੀ ਨਜ਼ਰ ਪੈ ਗਈ।ਉਸ ਨੇ ਪੰਡਤ ਨੂੰ ਕਿਹਾ ਕਿ ਉਹ ਉਨਾਂ ਦਾ ਵਿਆਹ ਉਸ ਨਾਲ ਕਰ ਦੇਵੇਂ ਪੰਡਤ ਦੇ ਕਹਿਣ ਮੁਤਾਬਿਕ ਕਿ ਉਹ ਤਾਂ ਪਹਿਲਾਂ ਹੀ ਮੰਗੀਆਂ ਹੋਈਆਂ ਹਨ, ਪ੍ਰੰਤੂ ਮੁਗਲ ਨੇ ਉਸ ਦੇ ਸੁਹਰਿਆਂ ਨੂੰ ਡਰ ਧਮਕਾ ਕੇ ਲੜਕੀਆਂ ਦੀ ਸ਼ਾਦੀ ਤੁੜਵਾ ਦਿੱਤੀ, ਪੰਡਤ ਨੇ ਦੁੱਲਾ ਭੱਟੀ ਨਾਲ ਪਹੁੰਚ ਕੀਤੀ ਤਾਂ ਦੁੱਲਾ ਭੱਟੀ ਨੇ ਲੜਕੀ ਦੇ ਸੁਹਰਿਆਂ ਨਾਲ ਮਿਲ ਕੇ ਜੰਗਲ ਵਿਚ ਹੀ ਅੱਗ ਬਾਲ ਕੇ ਲੜਕੀਆਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ।ਇਸ ਮੌਕੇ ਦੂਲੇ ਕੋਲ ਸਿਰਫ਼ ਸ਼ੱਕਰ ਹੀ ਸੀ, ਉਸ ਨੇ ਸ਼ੱਕਰ ਹੀ ਸਗਨ ਵਜੋਂ ਦੇ ਕੇ ਸੁੰਦਰੀ ਮੁੰਦਰੀ ਨੂੰ ਵਿਦਾ ਕੀਤਾ, ਅਜਿਹੀ ਕਿੱਸਾ ਕਹਾਣੀ ਕਾਰਨ ਹੀ ਦੁੱਲਾ ਭੱਟੀ ਨੂੰ ਯਾਦ ਕਰਦਿਆਂ :-
ਲੋਹੜੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਬੱਚਿਆਂ ਦੀਆਂ ਮੁਹੱਲਿਆਂ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ, ‘ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ, ਦੇ ਮਾਈ ਗੁੜ ਮਿੱਠਾ, ਦੇ ਰੁਪਈਆ ਚਿੱਟਾ।’ਸੁੰਦਰੀ ਮੁੰਦਰੀ ਹੋ ਤੇਰਾ ਕੋਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਨੇ ਧੀ ਵਿਆਹੀ ਹੋ, ਸ਼ੇਰ ਸ਼ੱਕਰ ਪਾਈ ਹੋ, ਕੁੜੀ ਦਾ ਲਾਲ ਦੁਪੱਟਾ, ਕੁੜੀ ਦਾ ਸਾਲੂ ਪਾਟਾ, ਸਾਲੂ ਕੋਣ ਸਮੇਟੇ, ਚਾਚਾ ਗਾਲਾਂ ਦੱਸੇ।ਚਾਚੇ ਚੂਰੀ ਕੁੱਟੀ, ਜਿੰਮੀਦਾਰਾਂ ਲੁੱਟੀ, ਜਿੰਮੀਦਾਰ ਸਧਾਏ, ਗਿਣ ਗਿਣ ਪੌਲੇ ਲਾਏ, ਇਕ ਪੌਲਾ ਰਹਿ ਗਿਆ, ਸਿਪਾਹੀ ਫੜਖ਼ ਕੇ ਲੈ ਗਿਆ।”
ਅੱਜਕਲ ਸ਼ਹਿਰ ਵਿਚ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਵੀ ਲੋਹੜੀ ਦੇ ਤਿਉਹਾਰ ਮਨਾਉਣ ਦੀ ਰੀਤ ਚੱਲ ਨਿਕਲ ਪਈ ਹੈ, ਜਿਸ ਨੂੰ ਲੜਕੀਆਂ ਦੀ ਲੋਹੜੀ ਦਾ ਨਾਮ ਦਿੱਤਾ ਜਾਂਦਾ ਹੈ ।ਦੇਖਿਆ ਜਾਵੇ ਤਾਂ ਲੜਕੀਆਂ ਕਿਸੇ ਵੀ ਖੇਤਰ ਵਿਚੋਂ ਲੜਕਿਆਂ ਤੋਂ ਘੱਟ ਨਹੀ ਸਗੋਂ ਹਰ ਇਕ ਖੇਤਰ ਵਿਚ ਚਾਹੇ ਖੇਡ ਦਾ ਮੈਦਾਨ ਹੋਵੇ, ਵਿਗਿਆਨ, ਗਿਆਨ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ‘ਚ ਨੌਕਰੀ, ਫਿਲਮ ਸੰਸਾਰ ਆਦਿ ਵਿਚ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਸੋ ਆਓ ਇਹ ਤਹੱਈਆ ਕਰੀਏ ਕਿ ਅਸੀਂ ਆਪਣੀਆਂ ਧੀਆਂ ਨੂੰ ਪੁੱਤਰਾਂ ਵਾਂਗੂ ਪਾਲਕੇ ਸਤਿਕਾਰ ਦੇਈਏ ਉਨਾਂ ਦੀ ਲੋਹੜੀ ਮਨਾਈਏ ‘ਤੇ ਖੁਸ਼ੀਆਂ ‘ਤੇ ਚਾਵਾਂ ਦੇ ਤੋਹਫੇ ਦੇਈਏ ।
ਅਵਤਾਰ ਸਿੰਘ ਕੈਂਥ ਬਠਿੰਡਾ
ਮੋ –