Wednesday, July 3, 2024

ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਲਗਾਤਾਰ ਕੀਤਾ ਜਾਵੇਗਾ ਜਾਗਰੂਕ- ਸੁਰਿੰਦਰ ਪਾਲ ਆਂਗਰਾ

PPN1802201613

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਕੈਰੀਅਰ ਚੋਣ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾਵੇਗਾ ਅਤੇ ਭਲਾਈ ਵਿਭਾਗ ਨੇ ਜ਼ਿਲ੍ਹੇ ਦੇ 1800 ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਕੇ ਇਸ ਕੰਮ ਨੂੰ ਬਾਖੂਬੀ ਅੰਜ਼ਾਮ ਦਿੱਤਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ ਨੇ ਅੱਜ ਸਥਾਨਕ ਡਾ. ਅੰਬੇਦਕਰ ਭਵਨ ਵਿਖੇ ਕੈਰੀਅਰ ਕੌਂਸਲਿੰਗ-ਕਮ-ਮੋਟੀਵੇਸ਼ਨਲ ਸੈਂਟਰ ਵਿਚ ਕਿੱਤਾ ਅਗਵਾਈ ਕਲਾਸਾਂ ਦੇ ਆਖ਼ਰੀ ਬੈਚ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਿੰਦਰਬੀਰ ਸਿੰਘ, ਸਹਾਇਕ ਪ੍ਰਾਜੈਕਟ ਅਫ਼ਸਰ ਕੰਵਰ ਸੁਖਜਿੰਦਰ ਸਿੰਘ ਛੱਤਵਾਲ, ਡੀ. ਆਰ. ਡੀ. ਏ ਗੁਰਪ੍ਰੀਤ ਸਿੰਘ, ਆਰ. ਐਸ ਚੱਠਾ, ਮੈਡਮ ਇੰਦਰਜੀਤ ਕੌਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਂਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਵਿਚ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਤਹਿਤ ਬੀਤੇ ਸਾਲ ਨਵੰਬਰ ਮਹੀਨੇ ਵਿਚ ਕੈਰੀਅਰ ਕੌਂਸਲਿੰਗ-ਕਮ-ਮੋਟੀਵੇਸ਼ਨਲ ਸੈਂਟਰ ਖੋਲ੍ਹਿਆ ਗਿਆ ਸੀ, ਜਿਸ ਵਿਚ ਕੇਂਦਰ ਅਤੇ ਰਾਜ ਸਰਕਾਰ/ਨਿੱਜੀ ਖੇਤਰ ਵਿਚ ਵੱਖ-ਵੱਖ ਤਰ੍ਹਾਂ ਦੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਬਾਰੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 1800 ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਕੁੱਲ 60 ਲੈਕਚਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਕੰਮ ‘ਤੇ ਸਰਕਾਰ ਵੱਲੋਂ 2.50 ਲੱਖ ਰੁਪਏ ਦੀ ਰਾਸ਼ੀ ਖ਼ਰਚੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਕਾਰੀ ਸਕੂਲਾਂ ਦੇੇ 30-30 ਵਿਦਿਆਰਥੀਆਂ ਦੇ ਬੈਚ ਬਣਾ ਕੇ ਰੋਜ਼ਾਨਾ ਇਕ ਬੈਚ ਨੂੰ ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਮਾਹਿਰਾਂ ਵੱਲੋਂ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਦੇ ਮੁਫ਼ਤ ਲਿਖਤੀ ਨੋਟਸ ਦੀਆਂ ਫੋਟੋ ਕਾਪੀਆਂ, ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਤੋਂ ਇਲਾਵਾ ਸਕੂਲ ਤੋਂ ਸੈਂਟਰ ਤੱਕ ਆਉਣ-ਜਾਣ ਲਈ ਕਿਰਾਏ ਦੇ ਤੌਰ ‘ਤੇ 40 ਰੁਪਏ ਪ੍ਰਤੀ ਵਿਦਿਆਰਥੀ ਅਦਾ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੱਗੋਂ ਵੀ ਇਸ ਪ੍ਰੋਗਰਾਮ ਨੂੰ ਕੁਝ ਬਿਹਤਰ ਬਦਲਾਅ ਲਿਆ ਕੇ 2016-17 ਵਿਚ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਜਾਣਕਾਰੀ ਨਾਲ ਐਸ. ਸੀ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਆਪਣੇ ਮਿੱਥੇ ਨਿਸ਼ਾਨੇ ਪ੍ਰਾਪਤ ਕਰਨ ਵਿਚ ਜ਼ਰੂਰ ਸਫਲਤਾ ਮਿਲੇਗੀ। ਇਸ ਮੌਕੇ ਸ੍ਰੀ ਆਂਗਰਾ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਮਿੱਥੇ ਟੀਚਿਆਂ ਸਬੰਧੀ ਜਾਣਕਾਰੀ ਵੀ ਲਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਵਿਸ਼ੇ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਦੀ ਚੋਣ ਬਹੁਤ ਸੋਚ-ਸਮਝ ਕੇ ਕੀਤੀ ਗਈ ਸੀ, ਜੋ ਕਿ ਵੱਖ-ਵੱਖ ਅਦਾਰਿਆਂ ਤੋਂ ਆਪਣੀਆਂ ਬਹੁ-ਮੁੱਲੀਆਂ ਉਪਰੰਤ ਸੇਵਾਮੁਕਤ ਹੋਏ ਹਨ ਅਤੇ ਹੁਣ ਉਨ੍ਹਾਂ ਦੇ ਇਨ੍ਹਾਂ ਤਜ਼ਰਬਿਆਂ ਦਾ ਲਾਭ ਇਨ੍ਹਾਂ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਾਰੇ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਆਪਣੇ ਵਿਦਿਆਰਥੀਆਂ ਨੂੰ ਕਲਾਸਾਂ ਲਗਾਉਣ ਹਿੱਤ ਭੇਜਿਆ। ਉਨ੍ਹਾਂ ਪ੍ਰਸ਼ਾਸਨ ਨੂੰ ਵੀ ਭਵਿੱਖ ਵਿਚ ਇਸ ਉੱਤਮ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply