ਅੰਮ੍ਰਿਤਸਰ, 3 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਆਧੁਨਿਕ ਰਸਾਇਣ ਵਿਗਿਆਨ ਅਤੇ ਇਸ ਦੀ ਵਰਤੋਂ ਵਿਸ਼ੇ ‘ਤੇ ਤਿੰਨ ਦਿਨਾਂ ਸਾਇੰਸ ਅਕਾਦਮਿਕ ਵਰਕਸ਼ਾਪ ਦਾ ਆਰੰਭ ਹੋਇਆ। ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਹ ਵਰਕਸ਼ਾਪ 5 ਮਾਰਚ ਨੂੰ ਸੰਪੰਨ ਹੋਵੇਗੀ। ਇੰਡੀਅਨ ਅਕਾਦਮੀ ਆਫ ਸਾਇੰਸਜ਼, ਬੰਗਲੌਰ, ਇੰਡੀਅਨ ਨੈਸ਼ਨਲ ਸਾਇੰਸ਼ ਅਕਾਦਮੀ, ਨਵੀਂ ਦਿੱਲੀ, ਅਤੇ ਦ ਨੈਸ਼ਨਲ ਅਕਾਦਮੀ ਆਫ ਸਾਇੰਸ, ਇਲਾਹਾਬਾਦ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਪ੍ਰੋਫੈਸਰ, ਖੋਜ ਵਿਗਿਆਨੀਆਂ ਤੋ ਇਲਾਵਾ ਵਿਦੇਸ਼ੀ ਬੁੱਧੀਜੀਵੀ ਵੀ ਭਾਗ ਲੈ ਰਹੇ ਹਨ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਰਸਾਇਣ ਵਿਗਿਆਨ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਹਰ ਕਾਰਜ ਅਤੇ ਸਰੀਰਿਕ ਕਿਰਿਆਵਾਂ ਵਿਚ ਰਸਾਇਣ ਹੈ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਨੂੰ ਉਹ ਖੋਜ ਕਰਨੀ ਚਾਹੀਦੀ ਹੈ ਜਿਹੜੀ ਕਿ ਮਨੁੱਖਤਾ ਦੇ ਭਲੇ ਲਈ ਹੋਵੇ ਨਾ ਕਿ ਵਿਨਾਸ਼ ਲਈ। ਉਨ੍ਹਾਂ ਕਿਹਾ ਕਿ ਉਚੇਰੀ ਸਿਖਿਆ ਅਦਾਰਿਆਂ ਨੂੰ ਮਿਆਰੀ ਸਿਖਿਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਸ ਕਾਰਜ ਲਈ ਇਮਰਜ਼ਿੰਗ ਲਾਈਫ ਸਾਂਇੰਸ ਬਲਾਕ ਬਣਾਇਆ ਗਿਆ ਹੈ ਜਿਸ ਵਿਚ ਬਹੁਤ ਸਾਰੇ ਆਹਲਾ ਦਰਜੇ ਦੇ ਵਿਗਿਆਨਕ ਸਾਜ਼ੋ ਸਮਾਨ ਰੱਖੇ ਗਏ ਹਨ ਤਾਂ ਜੋ ਮਿਆਰੀ ਖੋਜ ਨੂੰ ਯਕੀਨੀ ਬਣਾਇਆ ਜਾ ਸਕੇ। ਵਰਕਸ਼ਾਪ ਦੇ ਕਨਵੀਨਰ, ਪ੍ਰੋ. ਪੀ.ਕੇ. ਦਾਸ, ਇੰਡੀਅਨ ਅਕਾਦਮੀ ਆਫ ਸਾਇੰਸਜ਼, ਬੰਗਲੌਰ ਨੇ ਆਪਣੀ ਸੰਸਥਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਰਸਾਇਣ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਆਪਣੀ ਸੰਸਥਾ ਦਾ ਉਦੇਸ਼ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਅਜਿਹੀਆਂ ਵਰਕਸ਼ਾਪ ਵੱਧ ਤੋਂ ਵੱਧ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਖੋਜਾਰਥੀਆਂ ਨੂੰ ਰਸਾਇਣ ਵਿਗਿਆਨ ਵੱਲ ਅਕਾਰਸ਼ਤ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਥਰਮੋਡਾਇਨਾਮਿਕਸ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਵੀ ਦਿੱਤਾ। ਵਿਭਾਗ ਦੇ ਮੁਖੀ, ਪ੍ਰੋ. ਮਨੋਜ ਕੁਮਾਰ ਨੇ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਵਰਕਸ਼ਾਪ ਬਾਰੇ ਜਾਣਕਾਰੀ ਦਿੱਤੀ। ਕਾਨਫਰੰਸ ਦੇ ਕੋਆਰਡੀਨੇਟਰ ਡਾ. ਵੰਦਨਾ ਭੱਲਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਵਾਈਸ-ਚਾਂਸਲਰ ਵੱਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਆਈ.ਆਈ.ਐਸ.ਈ.ਆਰ ਮੋਹਾਲੀ ਤੋਂ ਡਾ. ਸ੍ਰੀਪਦਾ ਰਾਮਾਸ਼ਾਸਤਰੀ, ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਆਰ.ਗੁਪਤਾ, ਆੲ.ਆਈ.ਐਸ.ਸੀ. ਬੰਗਲੌਰ ਤੋਂ ਪ੍ਰੋ. ਉਦੈ ਮੈਤਰਾ ਤੋਂ ਇਲਾਵਾ ਹੋਰਨਾਂ ਵਿਗਿਆਨੀਆਂ ਨੇ ਆਪਣੇ ਖੋਜ ਪਰਚੇ ਅਤੇ ਵਿਚਾਰ ਪੇਸ਼ ਕੀਤੇ। ਇਸ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਅਤੇ ਬੁਲਾਰਿਆਂ ਵਿਚ ਭਰਵੀਂ ਬਹਿਸ ਹੋਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …