Wednesday, June 26, 2024

ਜਗਮੀਤ ਸਿੰਘ ਬਰਾੜ ਨੂੰ ਬਾਹਰ ਦਾ ਰਸਤਾ ਦਿਖਾਵੇ ਹਾਈਕਮਾਨ- ਕਾਂਗਰਸ ਦਿਹਾਤੀ ਆਗੂ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) – ਕਾਂਗਰਸੀ ਆਗੂ ਸ੍ਰ: ਜਗਮੀਤ ਸਿੰਘ ਬਰਾੜ ਵਲੋਂ ਪਾਰਟੀ ਲੀਡਰਸ਼ਿਪ ਤੇ ਨੀਤੀਆਂ ਖਿਲਾਫ ਜਨਤਕ ਤੌਰ ਤੇ ਟਿਪਣੀਆਂ ਕਰਨ ਨੂੰ ਲੈ ਕੇ ਜਿਲ੍ਹਾ ਕਾਂਗਰਸ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਨੇ ਪਾਰਟੀ ਹਾਈਕਮਾਨ ਪਾਸੋਂ ਮੰਗ ਕੀਤੀ ਹੈ ਕਿ ਅਜੇਹੇ ਸ਼ਖਸ਼ ਨੂੰ ਪਾਰਟੀ ਵਿੱਚੋਂ ਤੁਰੰਤ ਬਾਹਰ ਦਾ ਰਸਤਾ ਵਿਖਾਇਆ ਜਾਵੇ।ਪਾਰਟੀ ਆਗੂਆਂ ਸ੍ਰ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸਰਦੂਲ ਸਿੰਘ ਬੰਡਾਲਾ, ਹਰਪ੍ਰਤਾਪ ਸਿੰਘ ਅਜਨਾਲਾ, ਸਵਿੰਦਰ ਸਿੰਘ ਕਥੂਨੰਗਲ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਗੁਰਜੀਤ ਸਿੰਘ ਔਜਲਾ, ਤਰਸੇਮ ਸਿੰਘ ਡੀ.ਸੀ, ਜਸਵਿੰਦਰ ਸਿੰਘ ਰਮਦਾਸ, ਮੈਡਮ ਸਵਿੰਦਰ ਕੌਰ ਬੋਪਾਰਾਏ, ਰਜਿੰਦਰ ਸਿੰਘ ਟਪਿਆਲਾ, ਰੁਪਿੰਦਰ ਸਿੰਘ ਮਾਹਲ, ਸੰਤੋਖ ਸਿੰਘ ਭਲਾਈਪੁਰ ਨੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸ੍ਰ: ਜਗਮੀਤ ਸਿੰਘ ਬਰਾੜ ਵੈਸੇ ਤਾਂ ਖੁਦ ਨੂੰ ਲੋੜ ਤੋਂ ੱਵਧ ਸਿਆਣਾ ਸਮਝਦੇ ਹਨ ਲੇਕਿਨ ਉਨ੍ਹਾਂ ਦੀ ਇਹ ਸਿਆਣਪ ਉਤਨਾ ਚਿਰ ਹੀ ਦਿੱਸਦੀ ਹੈ ਜਦੋਂ ਤੀਕ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਨਹੀ ਸੁੱਟਿਆ ਜਾਂਦਾ।ਪਾਰਟੀ ਤੋਂ ਦੂਰ ਹੁੰਦਿਆਂ ਹੀ ਸ੍ਰ: ਬਰਾੜ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ।ਆਗੂਆਂ ਨੇ ਕਿਹਾ ਹੈ ਕਿ ਜਿਸ ਤਰਾਂ ਇਸ ਵਾਰ ਸ੍ਰ ਬਰਾੜ ਨੇ ਕਾਂਗਰਸ ਵਿੱਚ ਵਾਪਸੀ ਕੀਤੀ ਸੀ ਉਹ ਕਿਸੇ ਤੋਂ ਲੁਕੀ ਛਿਪੀ ਨਹੀ ਹੈ ਲੇਕਿਨ ਬਰਾੜ ਮੁੜ ਭੁੱਲ ਚੁੱਕੇ ਹਨ ਕਿ ਪਾਰਟੀ ਇੱਕ ਪ੍ਰੀਵਾਰ ਵਾਂਗ ਹੁੰਦੀ ਹੈ ਜਿਸਦੇ ਸਮੁੱਚੇ ਫੈਸਲਿਆਂ ਦੀ ਜਿੰਮੇਵਾਰੀ ਪ੍ਰੀਵਾਰ ਦੇ ਮੁਖੀ ਦੀ ਹੁੰਦੀ ਹੈ ।ਆਗੂਆਂ ਨੇ ਕਿਹਾ ਕਿ ਅਗਰ ਪ੍ਰੀਵਾਰ ਵਿੱਚ ਕਿਧਰੇ ਵਿਚਾਰਾਂ ਦਾ ਵਖਰੇਵਾਂ ਵੀ ਹੋ ਜਾਏ ਤਾਂ ਪ੍ਰੀਵਾਰ ਦੇ ਜੀਆਂ ਨੂੰ ਛੱਜ ‘ਚ ਪਾਕੇ ਛੱਟਿਆ ਨਹੀ ਜਾਂਦਾ।ਆਗੂਆਂ ਨੇ ਕਿਹਾ ਹੈ ਕਿ ਕੁਝ ਸਮਾ ਪਹਿਲਾਂ ਵੀ ਪਾਰਟੀ ਜਗਮੀਤ ਸਿੰਘ ਬਰਾੜ ਲਈ ਕੁੱਝ ਵੀ ਨਹੀ ਸੀ ਲੇਕਿਨ ਜਿਉਂ ਹੀ ਉਨ੍ਹਾਂ ਨੂੰ ਬਾਹਰ ਦਾ ਰਾਹ ਵਿਖਾਇਆ ਗਿਆ ਤਾਂ ਉਨ੍ਹਾਂ ਦੀ ਸਾਰੀ ਸਿਆਣਪ ਤੇ ਨੇਕ ਸਲਾਹਾਂ ਧਰੀਆਂ ਧਰਾਈਆਂ ਰਹਿ ਗਈਆਂ ।ਕਾਂਗਰਸੀ ਆਗੂਆਂ ਨੇ ਕਿਹਾ ਕਿ ਸ੍ਰ ਬਰਾੜ ਦੀ ਭਾਸ਼ਾ ਤਾਂ ਇਹੀ ਦੱਸਦੀ ਹੈ ਕਿ ਉਹ ਕਾਂਗਰਸ ਤੇ ਸੂਬਾ ਵਾਸੀਆਂ ਦੀ ਕੱਟੜ ਵਿਰੋਧੀ ਅਕਾਲੀ ਪਾਰਟੀ ਦੇ ਹੀ ਨੁਮਇੰਦੇ ਹੋਣ ਜਾਂ ਵਿਰੋਧੀਆਂ ਨੇ ਉਨ੍ਹਾਂ ਦੀ ਥਾਲੀ ਵਿੱਚ ਕੁਝ ਸੁੱਟ ਦਿੱਤਾ ਹੈ ਤੇ ਜੇਕਰ ਅਜੇਹਾ ਹੋ ਗਿਆ ਹੈ ਤਾਂ ਬਰਾੜ ਆਪ ਹੀ ‘ਨਵੇਂ ਤੇ ਸਿਆਣੇ ਲੋਕਾਂ’ਪਾਸ ਚਲੇ ਜਾਣ,ਕਾਂਗਰਸ ਪਾਰਟੀ ਨੂੰ ਅਜੇਹੇ ਘੁਣ ਵਾਂਗ ਚਿੰਬੜੇ ਲੋਕਾਂ ਦੀ ਜਰੂਰਤ ਨਹੀ ਹੈ ।ਪਾਰਟੀ ਆਗੂਆਂ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਬਰਾੜ ਨੂੰ ਤੁਰੰਤ ਘਰ ਦਾ ਰਾਹ ਵਿਖਾ ਦੇਵੇ ਤਾਂ ਜੋ ਬਰਾੜ ਉਥੇ ਚਲੇ ਜਾਣ ਜਿਥੇ ਉਨ੍ਹਾਂ ਦੀਆਂ ‘ਸਲਾਹਾਂ ਤੇ ਸਿਫਤਾਂ’ ਦਾ ਜਿਆਦਾ ਮੁੱਲ ਪੈ ਰਿਹਾ ਹੈ ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply