Wednesday, June 26, 2024

ਸੂਬਾ ਸਰਕਾਰ ਰਾਜ ਦੇ ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਦੇਣ ਲਈ ਵਚਨਬੱਧ – ਚੇਅਰਮੈਨ ਕਾਹਲੋਂ

ਬਟਾਲਾ, 26 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਡੂੰਘੇ ਟਿਊਬਵੈੱਲ ਅਤੇ ਨਹਿਰੀ ਖਾਲ ਪੱਕੇ ਕਰਵਾਏ ਗਏ ਹਨ ਤੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 110 ਨਵੇਂ ਡੂੰਘੇ ਟਿਊਬਵੈੱਲ ਲਗਾਉਣ ਦੀ ਤਜਵੀਜ਼ ਬਣਾਈ ਹੈ, ਜਿਸ ਉੱਪਰ ਅਨੁਮਾਨਤ 52.25 ਕਰੋੜ ਰੁਪਏ ਦੀ ਲਾਗਤ ਆਵੇਗੀ ਜਦਕਿ 5500 ਹੈਕਟੇਅਰ ਰਕਬਾ ਸਿੰਚਾਈ ਹੇਠ ਲਿਆਂਦਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਰਾਜ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਦੀਆਂ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਇਸ ਦੀਆਂ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ 73.30 ਕਰੋੜ ਰੁਪਏ ਵੱਖ-ਵੱਖ ਸਕੀਮਾਂ ਤਹਿਤ ਟਿਊਬਵੈੱਲ ਦੇ ਵੱਖ-ਵੱਖ ਕੰਮਾਂ ‘ਤੇ ਖਰਚ ਕੀਤੇ ਹਨ, ਜਿਸ ਨਾਲ 3050 ਹੈਕਟੇਅਰ ਬਰਾਨੀ ਜ਼ਮੀਨ ਸਿੰਚਾਈ ਅਧੀਨ ਲਿਆਂਦੀ ਗਈ ਹੈ। ਉਨਾਂ ਦੱਸਿਆ ਕਿ ਨਹਿਰੀ ਖਾਲ ਬਣਾਉਣ /ਪੱਕੇ ਕਰਨ ਅਤੇ ਡੂੰਘੇ ਟਿਊਬਵੈੱਲ ਲਗਾਉਣ ਨਾਲ ਸੂਬੇ ਦੇ ਕਿਾਸਨਾਂ ਨੂੰ ਦਿੱਤੀਆਂ ਜਾ ਰਹੀਆਂ ਸਿੰਚਾਈ ਸਹੂਲਤਾਂ ਵਿਚ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਵਿਕਾਸ ਸੰਭਵ ਹੋਇਆ ਹੈ।
ਸ. ਕਾਹਲੋਂ ਨੇ ਅੱਗੇ ਦੱਸਿਆ ਕਿ ਰਾਜ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 328.28 ਕਰੋੜ ਰੁਪਏ ਦੀ ਲਾਗਤ ਨਾਲ 2215 ਕਿਲੋਮੀਟਰ ਦੀ ਲੰਬਾਈ ਦੇ ਖਾਲੇ ਪੱਕੇ ਕੀਤੇ ਹਨ, ਜਿਸ ਨਾਲ 130992 ਹੈਕਟੇਅਰ ਰਕਬਾ ਸਿੰਚਾਈ ਅਧੀਨ ਲਿਆਂਦਾ ਗਿਆ ਹੈ ਜਦਕਿ ਸਾਲ 2015 ਦੌਰਾਨ 78.56 ਕਰੋੜ ਰੁਪਏ ਖਰਚ ਕਰਕੇ 790 ਕਿਲੋਮੀਟਰ ਲੰਬਾਈ ਦੇ ਖਾਲੇ ਪੱਕੇ ਕੀਤੇ , ਜਿਸ ਨਾਲ 34946 ਹੈਕਟੇਅਰ ਰਕਬੇ ਵਿਚ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਪਿਛਲੇ ਕੇਵਲ ਦੋ ਸਾਲਾਂ ਦੌਰਾਨ ਹੀ 1372.64 ਕਰੋੜ ਰੁਪਏ ਖਰਚ ਕਰਕੇ ਵੱਖ-ਵੱਖ ਸਕੀਮਾਂ ਤਹਿਤ 11117 ਕਿਲੋਮੀਟਰ ਲੰਬੇ ਨਹਿਰੀ ਖਾਲੇ ਪੱਕੇ ਕੀਤੇ ਹਨ ਜਦ ਕਿ 413 ਡੂੰਘੇ ਟਿਊਬਵੈੱਲ ਲਗਾਏ, ਜਿਸ ਨਾਲ 544989 ਹੈਕਟੇਅਰ ਰਕਬੇ ਵਿਚ ਸਿੰਚਾਈ ਵਿਵਸਥਾ ਵਿਚ ਵਾਧਾ ਹੋਇਆ ਹੈ ਅਤੇ ਇਸ ਨਾਲ 189429 ਕਿਸਾਨਾਂ ਨੂੰ ਲਾਭ ਮਿਲਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ 261.05 ਕਰੋੜ ਰੁਪਏ ਦੀ ਲਾਗਤ ਨਾਲ ਕੰਡੀ ਨਹਿਰ ਸਟੇਜ-2 ਦੇ 59 ਕਿਲੋਮੀਟਰ ਲੰਬੀ ਨਹਿਰ ਦਾ ਕਾਰਜ ਮੁਕੰਮਲ ਕਰਵਾਇਆ ਹੈ, ਜਿਸ ਨਾਲ 12061 ਹੈਕਟੇਅਰ ਰਕਬਾ ਸਿੰਚਾਈ ਲਈ ਲਿਆਂਦਾ ਗਿਆ ਹੈ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply