Saturday, June 29, 2024

ਭੋ ਪਰਖ ਆਧਾਰ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ – ਚਾਹਲ

PPN2703201613

ਪਠਾਨਕੋਟ, 27 ਮਾਰਚ (ਪ.ਪ) – ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ, ਇਸ ਲਈ ਖਾਦਾਂ ਦੀ ਵਰਤੋ ਭੋ ਪਰਖ ਰਿਪੋਰਟ ਦੇ ਆਧਾਰ ‘ਤੇ ਕਰਨਾ ਉੱਚਿਤ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਭੋ ਪਰਖ ਆਧਾਰ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਕਲਰਾਠੀਆਂ ਜਮੀਨ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਮਿੱਟੀ ਪਰਖ ਕਰਵਾਉਣ ਨਾਲ ਫਸਲਾਂ ਦੀ ਸਹੀ ਚੋਣ ਕਰਨ ਵਿੱਚ ਮਦਦ ਵੀ ਮਿਲਦੀ ਹੈ। ਉਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਭੌਂ ਪਰਖ ਰਿਪੋਰਟ ਦੇ ਆਧਾਰ ‘ਤੇ ਫਸਲਾਂ ਨੂੰ ਖਾਦਾਂ ਪਾਉਣ ਨੂੰ ਉਤਸ਼ਾਹਿਤ ਕਰਨ ਲਈ ਸਾਲ 2015-16 ਦੌਰਾਨ 5000 ਸੈਂਪਲ ਪਰਖ ਕਰਨ ਦਾ ਟੀਚਾ ਮਿਥਿਆ ਗਿਆ ਸੀ ਅਤੇ ਹੁਣ ਤੱਕ ਭੌਂ ਪਰਖ ਪ੍ਰਯੋਗਸ਼ਾਲਾ ਪਠਾਨਕੋਟ ਵਿੱਚ 4865 ਸੈਂਪਲ ਪਰਖ ਕੀਤੇ ਜਾ ਚੁੱਕੇ ਹਨ, ਬਾਕੀ ਦਾ ਟੀਚਾ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭੌਂ ਪਰਖ ਰਿਪੋਰਟ ਆਧਾਰ ‘ਤੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਜਾਰੀ ਕਰ ਦਿੱਤੇ ਗਏ ਹਨ।
ਇਸ ਮੌਕੇ ਭੌਂ ਪਰਖ ਅਫਸਰ ਡਾ ਅਮਰੀਕ ਸਿੰਘ ਨੇ ਕਿਹਾ ਕਿ ਮਿੱਟੀ ਦਾ ਨਮੂਨਾ ਲੈਣ ਲਈ ਜਮੀਨ ਦੀ ਉਪਰਲੀ ਤਹਿ ਤੋ ਹੱਲ ਦੀ ਡੂੰਘਾਈ 6 ਇੰਚ ਤੱਕ ਜਮੀਨ ਦੇ ਅੰਦਰੋ ਮਿੱਟੀ ਦਾ ਨਮੂਨਾ ਖੁਰਪੇ ਜਾਂ ਕਹੀ ਨਾਲ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇੱਕ ਏਕੜ ਵਿੱਚੋਂ 4-5 ਜਗ੍ਹਾ ਤੇ ਅੰਗ੍ਰੇਜੀ ਅੱਖਰ ‘ਵੀ’ ਸ਼ਕਲ ਦਾ ਕੱਟ ਲਗਾ ਕੇ ਦੋਵੇ ਪਾਸਿਆਂ ਤੋ ਖੁਰਪੇ ਜਾਂ ਕਹੀ ਨਾਲ ਇਕਸਾਰ ਮਿੱਟੀ ਦੀ ਪਰਤ ਲੈ ਕੇ ਸਾਫ ਕੱਪੜੇ ਦੀ ਥੈਲੀ ਜਾਂ ਪੋਲੀਥੀਨ ਲਿਫਾਫੇ ਵਿੱਚ ਪਾ ਲਵੋ।ਉਨਾਂ ਕਿਹਾ ਕਿ ਜੇਕਰ ਖੜੀ ਫਸਲ ਵਾਲੇ ਖੇਤ ਦੀ ਮਿੱਟੀ ਦਾ ਨਮੂਨਾਂ ਲੈਣਾ ਹੋਵੇ ਤਾਂ ਪੌਦਿਆਂ ਦੀਆਂ ਕਤਾਰ੍ਹਾਂ ਵਿਚਲੀ ਥਾਂ ਤੋ ਮਿੱਟੀ ਦਾ ਨਮੂਨਾ ਲੈਣਾ ਚਾਹੀਦਾ। ਉਨਾਂ ਕਿਹਾ ਕਿ ਜਿੱਥੇ ਖਾਦ ਖਿਲਾਰੀ ਗਈ ਹੋਵੇ ਜਾਂ ਹੋਰ ਕਿਸੇ ਥਾਂ ਤੇ ਜਿੱਥੇ ਪੁਰਾਣੀ ਵਾੜ ਵਾਲੀ ਜਗ੍ਹਾ ਜਾਂ ਰਸਤੇ ਵਾਲੀ ਥਾਂ ਜਾਂ ਰੂੜੀ ਦਾ ਢੇਰ ਲਾਇਆ ਗਿਆ ਹੋਵੇ, ਉੱਥੋਂ ਮਿੱਟੀ ਦਾ ਨਮੂਨਾ ਨਹੀ ਲੈਣਾ ਚਾਹੀਦਾ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੰਪਰਕ ਕਰਕੇ ਕਣਕ ਦੀ ਫਸਲ ਦੀ ਕਟਾਈ ਤੋ ਬਾਅਦ ਮਿੱਟੀ ਦੇ ਨਮੂਨੇ ਲੈ ਕੇ ਆਪਣੇ ਇਲਾਕੇ ਦੀ ਭੋ ਪਰਖ ਪ੍ਰਯੋਗਸ਼ਾਲਾ ਤੋ ਪਰਖ ਕਰਵਾ ਕੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੀਮਾ ਸ਼ਰਮਾ ਮਿੱਟੀ ਵਿਗਿਆਨੀ ਖੇਤਰੀ ਕੇਂਦਰ ਗੁਰਦਾਸਪੁਰ, ਡਾ ਲਵ ਕੁਮਾਰ ਸ਼ਰਮਾ, ਰਣਜੀਤ ਸਿੰਘ, ਅਰੁਨ ਕੁਮਾਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply