Saturday, June 29, 2024

’ਘਰੇਲੂ ਹਿੰਸਾ ਕਾਨੂੰਨ’ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਸਬੰਧੀ ਸੈਮੀਨਾਰ ਤੇ ਵਿਸ਼ਾਲ ਰੈਲੀ

PPN2803201603

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਅੰਮ੍ਰਿਤਸਰ ਅਰਬਨ-3 ਨੇ ਘਰੇਲੂ ਹਿੰਸਾ ਕਾਨੂੰਨ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਪ੍ਰਤੀ ਜਾਗਰੂਕਤਾ ਲਈ ਬਲਾਕ ਪੱਧਰੀ ਕੈਂਪ ਕ੍ਰਿਸ਼ਨਾ ਰਿਜ਼ੋਰਟ, ਢਪੱਈ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਗਿਰੀਸ਼ ਬਾਂਸਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਪ੍ਰਗਤੀਸ਼ੀਲ ਨਾਟ ਪਾਰਟੀ ਵੱਲੋਂ ਨਾਟਕ ‘ਬਸ ਹੁਣ ਹੋਰ ਨਹੀਂ’ ਖੇਡਿਆ ਗਿਆ ਅਤੇ ਪੜ੍ਹਾਈ ਵਿਚੋਂ ਅੱਵਲ ਰਹੀਆਂ ਲੜਕੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲੜਕੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਕ੍ਰਿਸ਼ਨਾ ਰਿਜ਼ੋਰਟ ਤੋਂ ਲੈ ਕੇ ਢਪੱਈ ਰੋਡ ਤੱਕ ਇਕ ਵਿਸ਼ਾਲ ਜਾਗਰੂਕਤਾ ਰੈਲੀ ਵੀ ਕੱਢੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੈਡਮ ਗਿਰੀਸ਼ ਬਾਂਸਲ ਨੇ ਘਰੇਲੂ ਹਿੰਸਾ ਐਕਟ, 2005 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਇਹ ਕਾਨੂੰਨ ਬੇਹੱਦ ਕਾਰਗਰ ਹੈ। ਇਸ ਮੌਕੇ ਉਨ੍ਹਾਂ ਔਰਤਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਹੱਲ ਵੀ ਦੱਸੇ। ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਦੀ ਮਦਦ ਸਿੱਧੇ ਤੌਰ ‘ਤੇ ਮੈਜਿਸਟ੍ਰੇਟ, ਸੁਰੱਖਿਆ ਅਫ਼ਸਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਅਫ਼ਸਰ ਦੀ ਸਹਾਇਤਾ ਲੈ ਕੇ ਅਦਾਲਤ ਵਿਚ ਐਕਟ ਅਧੀਨ ਮੁਹੱਈਆ ਹੋਣ ਵਾਲੀਆਂ ਰਾਹਤਾਂ, ਜਿਵੇਂ ਕਿ ਮੁਆਵਜ਼ਾ ਦੇਣ ਦੇ ਹੁਕਮ ਅਤੇ ਹੋਰ ਹੁਕਮ ਵੀ ਲਏ ਜਾ ਸਕਦੇ ਹਨ।
ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਮੈਡਮ ਮੀਨਾ ਦੇਵੀ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਰਚਨਾਤਮਕ ਸੁਝਾਅ ਦੇਣ ਤੋਂ ਇਲਾਵਾ ਪੰਘੂੜਾ ਸਕੀਮ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਬੇਬੇ ਨਾਨਕੀ ਲਾਡਲੀ ਬੇਟੀ ਸਕੀਮ, ਸੁਕੰਨਿਆ ਸਮ੍ਰਿਧੀ ਯੋਜਨਾ, ਇੰਦਰਾ ਗਾਂਧੀ ਮਾਤਰਿਕ ਸਹਿਯੋਗ ਯੋਜਨਾ ਅਤੇ ਪੈਨਸ਼ਨ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸ੍ਰੀਮਤੀ ਨਿਰਮਲ ਕਾਂਤਾ, ਮੈਡਮ ਸੁਨੀਤਾ ਅਤੇ ਨਵਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਰਮਿੰਦਰ ਕੌਰ, ਜਗਦੀਪ ਕੌਰ, ਕਸ਼ਮੀਰ ਕੌਰ, ਸੁਖਜਿੰਦਰ ਕੌਰ, ਅੰਜੂ ਬਾਲਾ, ਸੁਰਜੀਤ ਕੌਰ, ਨਿਰਮਲ ਕਾਂਤਾ, ਅਨੂ ਮਹਾਜਨ, ਮਹਿੰਦਰ ਕੁਮਾਰ, ਵੀਨਾ ਕੁਮਾਰੀ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply