Wednesday, July 3, 2024

ਬਾਹਰ ਵੱਸਦੇ ਭਾਰਤੀ ਸਿੱਖਾਂ ਵਿਚ ’84 ਸਿੱਖ ਕਤਲੇਆਮ ਯਾਦਗਾਰ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਦਿੱਲੀ ਕਮੇਟੀ ਵਲੋਂ ਕਮੇਟੀ ਦਾ ਗਠਨ

PPN2004201610

ਨਵੀਂ ਦਿੱਲੀ, 20 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਬਣਾਈ ਜਾ ਰਹੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਪ੍ਰਤੀ ਬਾਹਰ ਵੱਸਦੇ ਸਿੱਖਾਂ ਵਿਚਕਾਰ ਜਾਗਰੂਕਤਾ ਫੈਲਾਉਣ ਲਈ ਇੱਕ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਕਾਰਜ ਲਈ ਵਿਦੇਸ਼ੀ ਭਾਰਤੀ ਸਿੱਖਾਂ ਤੇ ਆਧਾਰਿਤ ਇੱਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਕਮੇਟੀ ਦਾ ਕਨਵੀਨਰ ਨਿਊਯਾਰਕ ਨਿਵਾਸੀ ਮੁਖਤਿਆਰ ਸਿੰਘ ਨੂੰ ਅਤੇ ਚੇਅਰਮੈਨ ਹਰਬੰਸ ਸਿੰਘ ਢਿੱਲੋ ਨੂੰ ਬਣਾਉਣ ਦਾ ਐਲਾਨ ਕਰਦੇ ਹੋਏ ਜੀ.ਕੇ. ਨੇ ਨਿਊਜਰਸ਼ੀ ਦੇ ਸਤਨਾਮ ਸਿੰਘ ਵਿਰਕ, ਨਿਊਯਾਰਕ ਦੇ ਰਘੂਬੀਰ ਸਿੰਘ ਸੁਭਾਨਪੁਰ ਅਤੇ ਕੈਲਫੋਰਨੀਆਂ ਦੇ ਭਾਈ ਸਤਪਾਲ ਸਿੰਘ ਖਾਲਸਾ (ਦਾਇਰਾ ਯੂਰੋਪ ਅਤੇ ਬਾਕੀ ਦੇਸ਼) ਨੂੰ ਮੈਂਬਰ ਨਿਯੁਕਤ ਕਰਨ ਦੀ ਵੀ ਜਾਣਕਾਰੀ ਦਿੱਤੀ।
ਉਕਤ ਕਮੇਟੀ ਦੇ ਕਾਰਜਖੇਤਰ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਦਿਲੀ ਦੇ ਸਿੱਖਾਂ ਦੇ ਨਾਲ 1984 ਵਿਚ ਹੋਏ ਜਾਲਿਮ ਮਜ਼ਾਕ ਦੇ ਪ੍ਰਤੀਕ ਦੇ ਵੱਜੋਂ ਕਮੇਟੀ ਵੱਲੋਂ ਬਣਾਈ ਜਾ ਰਹੀ ਇਸ ਯਾਦਗਾਰ ਬਾਰੇ ਵਿਦੇਸ਼ਾਂ ਵਿਚ ਬੈਠੇ ਜਿਆਦਾਤਰ ਸਿੱਖ ਅਨਜਾਣ ਹਨ ਇਸ ਲਈ ਇਹ ਕਮੇਟੀ ਯਾਦਗਾਰ ਦੀ ਉਸਾਰੀ ਦੇ ਪਿੱਛੇ ਦੀ ਸੋਚ ਅਤੇ ਮਜਬੂਰੀ ਦਾ ਵਿਦੇਸ਼ੀ ਸਿੱਖਾਂ ਵਿਚ ਪ੍ਰਚਾਰ ਕਰਨ ਦੇ ਨਾਲ ਹੀ ਉਨ੍ਹਾਂ ਪਾਸੋਂ ਯਾਦਗਾਰ ਲਈ ਜਰੂਰੀ ਸਲਾਹ ਅਤੇ ਦਸਵੰਧ ਨੂੰ ਕਬੂਲ ਕਰਕੇ ਦਿੱਲੀ ਕਮੇਟੀ ਨੂੰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਯਾਦਗਾਰ ਦੀ ਉਸਾਰੀ ਦੇ ਪੂਰਾ ਹੋਣ ਤੇ ਖਦਸਾ ਹੈ ਇਸ ਲਈ ਇਹ ਕਮੇਟੀ ਦੇਸ਼ ਦੇ ਬਾਹਰ ਵੱਸਦੇ ਸਿੱਖਾਂ ਨੂੰ ਯਾਦਗਾਰ ਦੀ ਹਕੀਕਤ ਬਿਆਨੀ ਕਰੇਗੀ। ਜੀ.ਕੇ. ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ ਦੇਸ਼ ਦੇ ਲੋਕਤੰਤਰ ‘ਤੇ ਕਾਲਾ ਦਾਗ ਹੈ ਪਰ ਉਸਤੋਂ ਵੀ ਜਿਆਦਾ ਮੰਦਭਾਗੀ ਗੱਲ ਇਹ ਹੈ ਕਿ 32 ਸਾਲਾਂ ਵਿਚ ਕਿਸੇ ਵੀ ਸਰਕਾਰ ਨੇ ਸਿੱਖਾਂ ਨਾਲ ਹੋਏ ਇਸ ਧੱਕੇ ਲਈ 2 ਗੱਜ ਜਮੀਨ ਦੇਣਾ ਵੀ ਯਾਦਗਾਰੀ ਦੀ ਉਸਾਰੀ ਲਈ ਠੀਕ ਨਹੀਂ ਸਮੱਝਿਆ ਅਤੇ ਜਦੋਂ ਨਵੰਬਰ 2012 ਵਿਚ ਪੰਜਾਬੀ ਬਾਗ ਦੇ ਇੱਕ ਪਾਰਕ ਦਾ ਨਾਂ 1984 ਕਤਲੇਆਮ ਯਾਦਗਾਰੀ ਪਾਰਕ ਰੱਖਣ ਦਾ ਮੱਤਾ ਉਸ ਵੇਲੇ ਦੇ ਨਿਗਮ ਪਾਰਸ਼ਦ ਮਨਜਿੰਦਰ ਸਿੰਘ ਸਿਰਸਾ ਨੇ ਪਾਸ ਕਰਵਾ ਲਿਆ ਤਾਂ ਮੁੱਖਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਪੁਲਿਸ ਨੂੰ ਕਹਿਕੇ ਪ੍ਰੋਗਰਾਮ ਕਰਨ ਦੀ ਮਿਲੀ ਮਨਜੂਰੀ ਤੇ ਰੋਕ ਲਗਵਾ ਦਿੱਤੀ ਸੀ।
ਜੀ.ਕੇ. ਨੇ ਤੱਲਖ ਲਹਿਜੇ ਵਿਚ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨ ਤੇ ਹਮਲਾ ਕਰਨ ਵਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਤੇ ਦਿੱਲੀ ਵਿੱਖੇ 3 ਯਾਦਗਾਰਾਂ ਹੋ ਸਕਦੀਆਂ ਹਨ ਪਰ ਸਿੱਖਾਂ ਨੂੰ ਇੱਕ ਯਾਦਗਾਰ ਬਣਾਉਣ ਦੀ ਵੀ ਕਿਸੇ ਸਰਕਾਰ ਨੇ ਮਨਜੂਰੀ ਨਹੀਂ ਦਿੱਤੀ। ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਯਾਦਗਾਰ ਬਣਾਉਣ ਦੇ ਪਿੱਛੇ ਜੀ.ਕੇ. ਨੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੌਮ ਵੱਲੋਂ ਹੰਡਾਏ ਗਏ ਸੰਤਾਪ ਦੀ ਜਾਣਕਾਰੀ ਦੇਣ ਨੂੰ ਮੁੱਖ ਮਕਸਦ ਦੱਸਿਆ। 12 ਜੂਨ 2013 ਨੂੰ ਇਸ ਯਾਦਗਾਰ ਦਾ ਨੀਂਹ ਪੱਥਰ ਰੱਖੇ ਜਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਤੰਬਰ 2016 ਵਿਚ ਇਸ ਦਾ ਕਾਰਜ ਪੂਰਾ ਹੋਣ ਦਾ ਵੀ ਦਾਅਵਾ ਕੀਤਾ। ਯਾਦਗਾਰ ਦਾ ਉਦਘਾਟਨ ਅਰਦਾਸ ਸਮਾਗਮ ਦੇ ਰੂਪ ਵਿਚ ਪੀੜਿਤ ਪਰਿਵਾਰਾਂ ਦੀ ਮੌਜੂਦਗੀ ਵਿੱਚ ਨਵੰਬਰ 2016 ਵਿਚ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਯਾਦਗਾਰ ਨੂੰ ਮਾਰੇ ਗਏ ਬੇਗੁਨਾਹ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਪ੍ਰਤੀਕ ਸਥਾਨ ਦੱਸਿਆ। ਜਰਮਨੀ ਦੇ ਬਰਲਿਨ ਵਿਖੇ ਯਹੂਦਿਆਂ ਦੇ ਨਾਜ਼ੀਆਂ ਵੱਲੋਂ ਦੂਜੀ ਵਰਲੱਡ ਵਾਰ ਦੌਰਾਨ ਕੀਤੇ ਗਏ ਕਤਲੇਆਮ ਦੇ ਪ੍ਰਤੀਕ ਦੇ ਰੂਪ ਵਿਚ 2006 ਵਿਚ ਬਣਾਏ ਗਏ ਹੋਲੋਕਾੱਸਟ ਮੇਮੋਰੀਅਲ ਦੇ ਨਾਲ ਤੁਲਨਾ ਕਰਦੇ ਹੋਏ ਜੀ.ਕੇ. ਨੇ ਉਕਤ ਯਾਦਗਾਰ ਨੂੰ ਅਨਿਆਇ ਅਤੇ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਪ੍ਰਤੀਕ ਵੀ ਐਲਾਨਿਆ। ਪੱਤਰਕਾਰਾਂ ਨੂੰ ਉਸਾਰੀ ਵਾਲੀ ਥਾਂ ਦਾ ਦੌਰਾ ਕਰਵਾਉਂਦੇ ਹੋਏ ਜੀ.ਕੇ. ਨੇ ਯਾਦਗਾਰ ਦੇ ਨਕਸ਼ੇ ਵਿਚ ਮ੍ਰਿਤਕ ਲੋਕਾਂ ਦੇ ਨਾਂਵਾ ਨੂੰ ਉਕੇਰਨ ਲਈ ਬਣਾਈ ਗਈ ਸੱਚ ਦੀ ਦੀਵਾਰ ਦਾ ਦੀਦਾਰ ਕਰਾਉਂਦੇ ਹੋਏ ਵਿਅੰਗ ਕੀਤਾ ਕਿ ਇਹ ਉਹ ਸੱਚ ਹੈ ਜਿਸਨੂੰ ਭਾਰਤ ਦੇ ਲੋਕਤੰਤਰ ਵਿਚ ਕੌੜਾ ਹੋਣ ਦੇ ਬਾਵਜੂਦ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਜੀ.ਕੇ. ਨੇ ਸੱਚ ਦੀ ਦੀਵਾਰ ਨੂੰ ਸਿੱਖ ਕੌਮ ਵੱਲੋਂ ਦੇਸ਼ ਨਾਲ ਨਿਭਾਈ ਗਈ ਵਫਾਦਾਰੀ ਦੇ ਬੱਦਲੇ ਮਿਲੇ ਸਿੱਟੇ ਵੱਜੋਂ ਵੀ ਪਰਿਭਾਸ਼ਿਤ ਕੀਤਾ।  ਯਾਦਗਾਰ ਦੇ ਕਾਰਜ ਨੂੰ ਸੰਪੂਰਨ ਕਰਨ ਤੋਂ ਬਾਅਦ ਜੀ.ਕੇ. ਨੇ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਤਿਲਕ ਵਿਹਾਰ ਵਿਚ ਰਹਿੰਦੇ ਪੀੜਿਤ ਪਰਿਵਾਰ ਦੀ ਕਾੱਲੋਨੀ ਦੇ ਖੰਡਰ ਹੋਏ ਫਲੈਟਾਂ ਦੀ ਮੁਰੰਮਤ ਵੀ ਕਰਾਉਣ ਦਾ ਐਲਾਨ ਕੀਤਾ। ਦਿੱਲੀ ਸਰਕਾਰ ਨੂੰ ਇਸ ਬਾਰੇ ਬਾਰ-ਬਾਰ ਚਿੱਠੀ ਭੇਜਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਜਵਾਬ ਨਾ ਦੇਣ ਕਰਕੇ ਜੀ.ਕੇ. ਨੇ ਮਜਬੂਰੀ ਵਿਚ ਫਲੈਟਾਂ ਦੀ ਮੁਰੰਮਤ ਕਮੇਟੀ ਵੱਲੋਂ ਕਰਾਉਣ ਦਾ ਜਿਕਰ ਕੀਤਾ।
ਯਾਦਗਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਕਮੇਟੀ ਦੇ ਚੇਅਰਮੈਨ ਤਨਵੰਤ ਸਿੰਘ ਨੇ ਦੱਸਿਆ ਕਿ 2200 ਵਰਗ ਮੀਟਰ ਵਿਚ ਫੈਲੀ ਇਸ ਯਾਦਗਾਰ ਵਿਚ 600 ਵਰਗ ਮੀਟਰ ਦਾਇਰੇ ਵਿਚ ਕਮੇਟੀ ਕੋਲ ਆਏ 4500 ਮ੍ਰਿਤਕਾ ਦੇ ਨਾਂ ਸੱਚ ਦੀ ਦੀਵਾਰ ਤੇ ਉਕੇਰੇ ਜਾਉਣਗੇ। ਇਸ ਦੇ ਨਾਲ ਹੀ 200-250 ਲੋਕਾਂ ਦੀ ਖਮਤਾ ਵਾਲੇ ਖੁਲੀ ਹਵਾ ਵਾਲੇ ਥਇਏਟਰ ਨਾਲ ਹੀ ਭਾਵਪੂਰਨ ਬਨਾਵਟੀ ਪ੍ਰਕ੍ਰਿਤਕ ਨਜਾਰੇ ਵਾਲਾ ਮਹੌਲ ਦੇਖਣ ਵਾਲਿਆਂ ਨੂੰ ਆਪਣੇ ਵੱਲ ਖਿੱਚ ਲਵੇਗਾ। ਬਣਾਈ ਗਈ ਕਮੇਟੀ ਦੇ ਮੈਂਬਰ ਖਾਲਸਾ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਵਿਦੇਸ਼ਾਂ ਵਿਚ ਯਾਦਗਾਰ ਦਾ ਪ੍ਰਚਾਰ-ਪ੍ਰਸਾਰ ਵੱਡੇ ਪੱਧਰ ਤੇ ਕਰਨ ਦਾ ਵੀ ਦਾਅਵਾ ਕੀਤਾ। ਇਸ ਮੌਕੇ ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਗੁਰਮੀਤ ਸਿੰਘ ਮੀਤਾ, ਗੁਰਮੀਤ ਸਿੰਘ ਲੁਬਾਣਾ, ਗੁਰਬਚਨ ਸਿੰਘ ਚੀਮਾ, ਚਮਨ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ ਅਤੇ ਅਕਾਲੀ ਆਗੂ ਭੂਪਿੰਦਰ ਸਿੰਘ ਖਾਲਸਾ ਮੌਜੂਦ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply