Wednesday, July 3, 2024

ਸੁਵਿਧਾ ਸੈਂਟਰ ਵਿੱਚ ਬਜੁੱਰਗ, ਅਨਪੜ੍ਹ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਫਾਰਮ ਭਰਨ ਵਿੱਚ ਮਦਦ ਲਈ ਵਿਸ਼ੇਸ਼ ਕਾਊਂਟਰ

PPN2804201609ਫਾਜ਼ਿਲਕਾ, 28 ਅਪ੍ਰੈਲ (ਵਨੀਤ ਅਰੋੜਾ)- ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਸੁਵਿਧਾ ਕੇਂਦਰ ਵਿਖੇ ਵੱਖ-ਵੱਖ ਸੇਵਾਵਾਂ ਲੈਣ ਲਈ ਆਉਣ ਵਾਲੇ ਨਾਗਰਿਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲਕਦਮੀ ਕੀਤੀ ਹੈ। ਜਿਸ ਤਹਿਤ ਬਜ਼ੁਰਗ , ਅਨਪੜ੍ਹ ਅਤੇ ਘੱਟ-ਪੜ੍ਹੇ ਲਿਖੇ ਲੋਕਾਂ ਦੀ ਅਰਜੀ ਫਾਰਮ ਭਰਨ ਵਿਚ ਸਹਾਇਤਾ ਲਈ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਫਾਰਮ ਭਰਵਾਉਣ ਲਈ ਕਿਸੇ ਏਜੰਟ ਕੋਲ ਨਹੀਂ ਜਾਣਾ ਪਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ.ਨੇ ਅੱਜ ਇੱਥੇ ਦਿੱਤੀ।
ਸੁਵਿਧਾ ਕੇਂਦਰ ਜ਼ਿਲ੍ਹੇ ਦੇ ਲੋਕਾਂ ਲਈ ਸੱਚਮੁੱਚ ਸੁਵਿਧਾ ਸਾਬਤ ਹੋਵੇ ਇਸੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਉਪਰਾਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਕਸਰ ਦੇਖਿਆ ਗਿਆ ਸੀ ਕਿ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਆਪਣੇ ਅਰਜੀ ਫਾਰਮ ਭਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਇਸ ਸਹਾਇਤਾ ਕਾਊਂਟਰ ਤੋਂ ਅਜਿਹੇ ਲੋਕ ਆਪਣੇ ਫਾਰਮ ਮੁਫ਼ਤ ਭਰਵਾ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੁਵਿਧਾ ਕੇਂਦਰ ਤੋਂ ਅਰਜੀ ਫਾਇਲਾਂ ਵੀ ਸੇਵਾਵਾਂ ਲੈਣ ਆਏ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਮੇਂ 7 ਸੁਵਿਧਾ ਕੇਂਦਰ ਚੱਲ ਰਹੇ ਹਨ। ਜਿੰਨ੍ਹਾਂ ਵੱਲੋਂ 1 ਅਪ੍ਰੈਲ 2015 ਤੋਂ ਹੁਣ ਤੱਕ ਜ਼ਿਲ੍ਹੇ ਦੇ 1 ਲੱਖ 57 ਹਜ਼ਾਰ 216 ਨਾਗਰਿਕਾਂ ਨੇ ਵੱਖ-ਵੱਖ ਸਰਕਾਰੀ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੁਵਿਧਾ ਕੇਂਦਰ ਤੋਂ ਸਭ ਤੋਂ ਵੱਧ 52048 ਲੋਕਾਂ ਨੇ ਸਰਕਾਰੀ ਨਾਗਰਿਕ ਸੇਵਾਵਾਂ ਲਈਆਂ ਹਨ। ਅਬੋਹਰ ਦੇ ਸੁਵਿਧਾ ਕੇਂਦਰ ਤੋਂ 31980, ਫਾਜ਼ਿਲਕਾ ਦੇ ਐਸ.ਡੀ.ਐਮ. ਦਫ਼ਤਰ ਤੋਂ 24668, ਜਲਾਲਾਬਾਦ ਦੇ ਸੁਵਿਧਾ ਕੇਂਦਰ ਤੋਂ 26627 ਲੋਕਾਂ ਨੇ ਸਰਕਾਰੀ ਸੇਵਾਵਾਂ ਹਾਸਲ ਕੀਤੀਆਂ ਹਨ। ਜ਼ਿਲ੍ਹੇ ਦੀਆਂ ਤਿੰਨ ਸਬ ਤਹਿਸੀਲਾਂ ਵਿਚ ਵੀ ਸੁਵਿਧਾ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੰਨ੍ਹਾਂ ਵਿਚੋਂ ਅਰਨੀਵਾਲਾ ਸੇਖ ਸੁਭਾਨ ਦੇ ਸੁਵਿਧਾ ਕੇਂਦਰ ਤੋਂ 10866, ਖੂਈਆਂ ਸਰਵਰ ਦੇ ਸੁਵਿਧਾ ਕੇਂਦਰ ਤੋਂ 8273 ਅਤੇ ਸੀਤੋ ਗੁੰਨੋ ਵਿਖੇ 2754 ਲੋਕਾਂ ਨੇ ਸਰਕਾਰੀ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸੁਵਿਧਾ ਕੇਂਦਰ ਤੋਂ ਵੱਖ-ਵੱਖ ਪ੍ਰਕਾਰ ਦੀਆਂ 37 ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply