Wednesday, July 3, 2024

’ਗੁਰਬਾਣੀ ਵਿੱਚ ਆਏ ਮਿਥਿਹਾਸਕ ਹਵਾਲੇ : ਅਰਥ ਅਤੇ ਪ੍ਰਸੰਗਿਕਤਾ’ ਵਿਸ਼ੇ ‘ਤੇ ਚੰਡੀਗੜ੍ਹ ਵਿਖੇ ਲੈਕਚਰ ਕਰਵਾਇਆ

PPN2804201616ਅੰਮ੍ਰਿਤਸਰ, 28 ਅਪ੍ਰੈਲ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਚੌਤੀਵਾਂ ਲੈਕਚਰ ਸੰਮੇਲਨ ‘ਗੁਰਬਾਣੀ ਵਿੱਚ ਆਏ ਮਿਥਿਹਾਸਕ ਹਵਾਲੇ : ਅਰਥ ਅਤੇ ਪ੍ਰਸੰਗਿਕਤਾ’ ਵਿਸ਼ੇ ‘ਤੇ ਗੁਰਦੁਆਰਾ ਕਲਗੀਧਰ ਨਿਵਾਸ, ਸੈਕਟਰ 27-ਬੀ ਚੰਡੀਗੜ੍ਹ ਦੇ ਮੀਟਿੰਗ ਹਾਲ ਵਿਖੇ ਕਰਵਾਇਆ ਗਿਆ। ਲੈਕਚਰ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਕੀਤਾ।
ਲੈਕਚਰ ਸੰਮੇਲਨ ਸਮੇਂ ਪ੍ਰਧਾਨਗੀ ਭਾਸ਼ਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ.ਪੀ. ਸਿੰਘ ਨੇ ਆਖਿਆ ਕਿ ਗੁਰਬਾਣੀ ਵਿੱਚ ਆਈਆਂ ਮਿੱਥਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਕੇਂਦਰੀ ਧੁਰੇ ਮੁਤਾਬਿਕ ਵਿਆਖ ਕੇ ਹੀ ਸਮਝਿਆ ਅਤੇ ਵਰਤਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮਿਥਿਹਾਸ ਨੂੰ ਇਤਿਹਾਸ ਨਾਲੋਂ ਵੱਖਰਾ ਕਰਨਾ ਜ਼ਰੂਰੀ ਹੈ ਅਤੇ ਕਿਸੇ ਵੀ ਮਿੱਥ ਨੂੰ ਉਸ ਦੇ ਪ੍ਰਸੰਗ ਤੋਂ ਬਾਹਰ ਕਰਕੇ ਨਹੀਂ ਵੇਖਿਆ ਜਾ ਸਕਦਾ।ਉਨ੍ਹਾਂ ਆਖਿਆ ਕਿ ਮਿੱਥਾਂ ਦੀ ਪੁਨਰ ਵਿਆਖਿਆ ਦੀ ਜ਼ਰੂਰਤ ਹੈ ਤਾਂ ਕਿ ਅਜੋਕੇ ਮਨੁੱਖ ਦੀ ਚੇਤਨਾ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਮੌਕੇ ਮੁੱਖ ਬੁਲਾਰੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਡਾ. ਕੁਲਵੰਤ ਸਿੰਘ ਨੇ ਆਖਿਆ ਕਿ ਸ਼ਾਇਦ ਧਰਮ ਮਿੱਥਾਂ ਵਿੱਚੋਂ ਪੈਦਾ ਹੋਇਆ ਹੈ ਅਤੇ ਧਰਮਾਂ ਵਿੱਚ ਮਿੱਥਾਂ ਪ੍ਰਤੀਕ ਅਤੇ ਬਿੰਬਾਂ ਵਜੋਂ ਵਰਤੀਆਂ ਗਈਆਂ ਹਨ ਜਿਨ੍ਹਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਮਿੱਥਾਂ ਦੇ ਢੁੱਕਵੇਂ ਅਰਥ ਅਤੇ ਸਹੀ ਵਿਆਖਿਆ ਕਰਨੀ ਪਵੇਗੀ ਤਾਂ ਹੀ ਚੰਗੇ ਨਤੀਜੇ ‘ਤੇ ਪਹੁੰਚਿਆ ਜਾ ਸਕੇਗਾ। ਪ੍ਰੋਜੈਕਟ ਦੇ ਡਾਇਰੈਕਟਰ ਡਾ. ਕਿਰਪਾਲ ਸਿੰਘ ਦਾ ਲਿਖਤੀ ਸਵਾਗਤੀ ਭਾਸ਼ਣ ਸ. ਸ਼ਾਮ ਸਿੰਘ ਨੇ ਪੜ੍ਹ ਕੇ ਸੁਣਾਇਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਗੁਰਮਤਿ ਵਿੱਚ ਮਿੱਥਾਂ ਨੂੰ ਸਮਝਾਉਣ ਲਈ ਮਿਸਾਲਾਂ ਦਿੱਤੀਆਂ ਗਈਆਂ ਹਨ।ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ, ਸ. ਸਤਬੀਰ ਸਿੰਘ ਓ ਐੱਸ ਡੀ ਧਰਮ ਪ੍ਰਚਾਰ ਕਮੇਟੀ, ਡਾ. ਐਸ.ਪੀ. ਸਿੰਘ ਅਤੇ ਹੋਰ ਆਏ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੇ ਪੁਸਤਕ ‘ਜੀਵਨ ਬਿਰਤਾਂਤ ਸ੍ਰੀ ਗੁਰੂ ਹਰਿਰਾਇ ਸਾਹਿਬ ਭਾਗ ਦੂਜਾ’ ਰਿਲੀਜ਼ ਕੀਤਾ।ਇਸ ਸਮੇਂ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਡਾ. ਕਿਰਪਾਲ ਸਿੰਘ ਹਿਸਟੋਰੀਅਨ ਵੱਲੋਂ ਸਿੱਖ ਇਤਿਹਾਸ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੇ ਜੀਵਨ ‘ਤੇ ਆਧਾਰਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਵਿਖਾਈ ਗਈ ਤਾਂ ਕਿ ਸਰੋਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ। ਇਸ ਮੌਕੇ ਭਾਈ ਅਸ਼ੋਕ ਸਿੰਘ ਬਾਗੜੀਆ, ਡਾ. ਗੁਰਵੀਰ ਸਿੰਘ, ਪ੍ਰਿੰਸੀਪਲ ਸਤਨਾਮ ਸਿੰਘ, ਪ੍ਰਿੰ: ਪ੍ਰਭਜੋਤ ਕੌਰ ਤੇ ਪ੍ਰਿੰਸੀਪਲ ਗੁਰਦੀਪ ਸਿੰਘ ਨੇ ਵੀ ਵਿਚਾਰ ਰੱਖੇ।ਸਰੋਤਿਆਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀਬਖਸ਼ ਉੱਤਰ ਦਿੱਤੇ ਗਏ।ਡਾ. ਚਮਕੌਰ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਸ. ਸੁਖਮਿੰਦਰ ਸਿੰਘ ਗੱਜਣਵਾਲਾ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਆਈ.ਏ.ਐਸ. ਸ. ਗੁਰਦੇਵ ਸਿੰਘ ਬਰਾੜ, ਸ. ਰਵਿੰਦਰਪਾਲ ਸਿੰਘ ਕਪੂਰ, ਸ. ਰਾਜਿੰਦਰਪਾਲ ਸਿੰਘ ਕਪੂਰ, ਸ. ਬਿਕਰਮ ਸਿੰਘ ਤੋਂ ਇਲਾਵਾ ਸਮੂਹ ਸੰਪਾਦਨਾ ਪ੍ਰੋਜੈਕਟ ਅਤੇ ਗੁਰਦੁਆਰਾ ਕਲਗੀਧਰ ਨਿਵਾਸ ਨੇ ਹਾਜ਼ਰੀ ਭਰੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply