Wednesday, July 3, 2024

ਨਗਰ ਕੀਰਤਨਾਂ ਨੂੰ ਸਿਆਸਤ ਦਾ ਅਖਾੜਾ ਨਾ ਬਣਾਉਣ ਆਪ ਆਗੂ – ਜੀ.ਕੇ

PPN2904201609ਨਵੀਂ ਦਿੱਲੀ, 29 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਆਮ ਆਦਮੀ ਪਾਰਟੀ ਦੇ ਕਾਰਕੂਨਾਂ ਵੱਲੋਂ ਟੋਰੰਟੋ ਦੇ ਨਗਰ ਕੀਰਤਨ ਵਿਚ ਪਾਰਟੀ ਚੋਣ ਨਿਸ਼ਾਨ ਅਤੇ ਮੁਖ ਆਗੂ ਅਰਵਿੰਦ ਕੇਜਰੀਵਾਲ ਦੀ ਫੋਟੋ ਵਾਲੀ ਟੀਂ ਸ਼ਰਟਾਂ ਪਾ ਕੇ ਸਮੂਲੀਅਤ ਕਰਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਗਰ ਕੀਰਤਨਾਂ ਨੂੰ ਸਿਆਸਤ ਦਾ ਅਖਾੜਾ ਨਾ ਬਣਾਉਣ ਦੀ ਆਪ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਕਾਰਜ ਦੇ ਜਿੰਮੇਵਾਰ ਲੋਕਾਂ ਨੂੰ ਸਖ਼ਤ ਤਾੜਨਾ ਕਰਨ ਦੀ ਵੀ ਬੇਨਤੀ ਕੀਤੀ ਹੈ।
ਜੀ.ਕੇ ਨੇ ਸਾਫ਼ ਕਿਹਾ ਕਿ ਨਗਰ ਕੀਰਤਨ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਅਤੇ ਸਿੱਖੀ ਦੀ ਚੜਦੀ ਕਲਾ ਦੀ ਝਾਕੀ ਸੰਗਤਾਂ ਵਿਚ ਪੇਸ਼ ਕਰਨ ਦਾ ਮਾਧਿਯਮ ਹਨ।ਇਸ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਸਿੱਖਾਂ ਦੀ ਇਸ ਰਿਵਾਇਤ ਨੂੰ ਆਪਣੇ ਸਿਆਸ਼ੀ ਮੁਫਾਦਾਂ ਲਈ ਢਾਹ ਲਾਉਣ ਤੋਂ ਸੰਕੋਚ ਕਰਨ।
ਆਪ ਦੇ ਟੌਰੰਟੋ ਦੇ ਮੀਡੀਆ ਪ੍ਰਬੰਧਕ ਸੁਦੀਪ ਸਿੰਗਲਾ ਵੱਲੋਂ ਸ਼ੋਸਲ ਮੀਡੀਆ ‘ਤੇ ਨਗਰ ਕੀਰਤਨ ਬਾਰੇ ਪਾਏ ਗਏ ਸੁਨੇਹੇ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਦੱਸਿਆ ਕਿ ਇਸ ਸੁਨੇਹੇ ਵਿਚ ਸਿੰਗਲਾ ਆਪਣੇ ਕਾਰਕੂਨਾਂ ਨੂੰ ਆਪ ਦੀਆਂ ਟੀ-ਸ਼ਰਟ ਅਤੇ ਬਸੰਤੀ ਰੰਗ ਦੀ ਦਸਤਾਰ ਜਾਂ ਸਕਾਫ਼ ਬੰਨ ਕੇ ਆਮ ਆਦਮੀ ਪਾਰਟੀ ਲਈ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬੀਆਂ ਤੋਂ ਹਮਾਇਤ ਮੰਗਣ ਵਾਸਤੇ ਨਗਰ ਕੀਰਤਨ ਵਿਚ ਆਉਣ ਦੀ ਅਪੀਲ ਕਰ ਰਹੇ ਹਨ। ਜਿਸ ਤੋਂ ਇਹ ਗੱਲ ਸਾਫ਼ ਹੋ ਜਾਉਂਦੀ ਹੈ ਕਿ ਇਨ੍ਹਾਂ ਲੋਕਾਂ ਦਾ ਟੀਚਾ ਨਗਰ ਕੀਰਤਨ ਨੂੰ ਆਪਣੀ ਸੋੜੀ ਸਿਆਸ਼ਤ ਵਾਸਤੇ ਵਰਤ ਕੇ ਸਿਆਸ਼ੀ ਰੋਟੀਆਂ ਸੇਕਣ ਦਾ ਹੈ ਨਾ ਕਿ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਦਾ।
ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਬਰਾੜ ਦੀ ਮਾਲੀ ਸਹਾਇਤਾ ਨਾਲ ਆਪ ਲੋਗੋ ਵਾਲੇ ਬਿਜਨਸ ਕਾਰਡ ਨਗਰ ਕੀਰਤਨ ਵਿਚ ਵੰਡਣ ਅਤੇ ਨਵੇਂ ਮੈਂਬਰਾਂ ਦੇ ਫਾਰਮ ਭਰਨ ਦੇ ਉਕਤ ਸੁਨੇਹੇ ਵਿਚ ਕੀਤੇ ਗਏ ਦਾਅਵਿਆਂ ਤੇ ਵੀ ਜੀ.ਕੇ ਨੇ ਸਵਾਲ ਖੜੇ ਕੀਤੇ।ਉਨ੍ਹਾਂ ਪੁੱਛਿਆ ਕਿ ਨਗਰ ਕੀਰਤਨ ਸਿਆਸੀ ਪਾਰਟੀਆਂ ਲਈ ਕੀ ਮਾਇਕ ਉਗਰਾਹੀ ਕਰਨ ਦਾ ਜਰਿਆ ਹਨ ? ਗੈਰ ਸਿੱਖਾਂ ਨੂੰ ਕੇਸਰੀ ਦਸਤਾਰਾਂ ਬੰਨ ਕੇ ਕੀ ਅਸੀਂ ਪਤਿਤਪੁਣੇ ਨੂੰ ਮਾਨਤਾ ਦੇਣ ਅਤੇ ਸਿੱਖਾਂ ਦੀ ਘੋਨੇ-ਮੋਨੇ ਵਾਲੀ ਪੱਛਾਣ ਕਾਇਮ ਕਰਨ ਦਾ ਮਨ ਬਣਾ ਲਿਆ ਹੈ ? ਉਕਤ ਸੁਨੇਹੇ ਵਿਚ ਇਸ ਕਾਰਜ ਨੂੰ ਮੁੜ ਤੋਂ ਮਲਟਨ ਦੇ ਨਗਰ ਕੀਰਤਨ ਵਿਚ 1 ਮਈ ਨੂੰ ਦੋਹਰਾਉਣ ਦੀ ਕਾਰਕੂਨਾਂ ਨੂੰ ਕੀਤੀ ਗਈ ਅਪੀਲ ਨੂੰ ਜੀ.ਕੇ ਨੇ ਸਿੱਖੀ ਰਹੁ ਰੀਤਾਂ ਨੂੰ ਸਿੱਧੀ ਚੁਨੌਤੀ ਦੱਸਿਆ।
ਵਿਦੇਸ਼ਾ ਵਿਚ ਬੈਠੇ ਸਿੱਖਾਂ ਵੱਲੋਂ ਇਸ ਮਸਲੇ ‘ਤੇ ਧਾਰੀ ਚੁੱਪੀ ਨੂੰ ਵੀ ਜੀ.ਕੇ ਨੇ ਮਾੜਾ ਦੱਸਿਆ। ਜੀ.ਕੇ ਨੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਆਪ ਦੇ ਨੌਸਿੱਖੀਏ ਆਗੂਆਂ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਹੋਣ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ। ਜੀ.ਕੇ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੌਰਾਨ ਇਸ ਮਸਲੇ ‘ਤੇ ਘੋਖ ਕਰਕੇ ਨਗਰ ਕੀਰਤਨਾਂ ਦੀ ਧਾਰਮਿਕ ਸੁਨੇਹੇ ਵਾਲੀ ਰਵਾਇਤ ਬਹਾਲ ਰੱਖਣ ਦੀ ਵੀ ਅਪੀਲ ਕੀਤੀ ਹੈ। ਜੀ.ਕੇ ਵੱਲੋਂ ਇਸ ਮੌਕੇ ਨਗਰ ਕੀਰਤਨ ਦੀਆਂ ਕੁੱਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply