Wednesday, July 3, 2024

ਸਿੱਖੀ ਤੇ ਪੰਜਾਬੀਅਤ ਦੇ ਪੈਮਾਨੇ ਨਾਲ ਪਰਖ ਕਰਵਾਈ ਜਾਵੇਗੀ ਹਰ ਸਿਆਸੀ ਸਫਬੰਦੀ ਦੀ- ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਦੁਨੀਆਂ ਤੇ ਦੀਨ ਦਾ ਸਮਤੋਲ ਸਿਹਤਮੰਦ ਸਮਾਜ ਦੀ ਸਿਰਜਣਾ ਕਰਦਾ ਹੈ ਅਤੇ ਇਸ ਲਈ ਉਸਾਰੂ ਸੇਧ ਦੀ ਭਾਰੀ ਹਿੱਸੇਦਾਰੀ ਹੁੰਦੀ ਹੈ। ਜਿਸ ਦੇ ਸੰਚਾਰ ਲਈ ਅਤੇ ਲਹਿਰਾਂ ਉਸਾਰਨ ਲਈ ਸਥਾਪਿਤ ਜਥੇਬੰਦੀਆਂ ਦੀ ਜਿੰਮੇਵਾਰੀ ਹੁੰਦੀ ਹੈ।ਪੰਜਾਬ ਕਈ ਸੰਤਾਪਾਂ ਦਾ ਸ਼ਿਕਾਰ ਹੈ ਅਤੇ ਸਿਆਸੀ ਸੂਝ-ਬੂਝ ਨਾਲ ਜੂਝਣ ਦੀ ਲੋੜ ਹੈ।ਸਿੱਖੀ, ਪੰਜਾਬੀਅਤ ਅਤੇ ਲੋਕਰਾਜੀ ਪਰੰਪਰਾਵਾਂ ਦੀਆਂ ਪਰਤਾਂ ਨਾਲ ਪਰਦੇ ਪਿੱਛੇ ਹੋ ਰਹੀਆਂ ਛੇੜਾਂ ਵਿਰੁੱਧ ਸੰਗਠਿਤ ਹੋਣਾ ਸਮੇਂ ਦੀ ਮੰਗ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਸਿੱਖੀ ਅਤੇ ਪੰਜਾਬੀਅਤ ਨਾਲ ਧ੍ਰੋਹ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਬਲਕਿ ਹੋ ਰਹੀ ਹਰ ਸਿਆਸੀ ਸਫਬੰਦੀ ਦੀ ਪਰਖ ਸਿੱਖੀ ਅਤੇ ਪੰਜਾਬੀਅਤ ਦੇ ਪੈਮਾਨੇ ਨਾਲ ਕੀਤੀ ਜਾ ਰਹੀ ਹੈ ਅਤੇ ਕੀਤੀ ਜਾਵੇਗੀ। ਜੇਕਰ ਦਿੱਲੀ ਵਿਚ ਬੜੀ ਜਦੋਜਹਿਦ ਨਾਲ ਪੰਜਾਬੀ ਭਾਸ਼ਾ ਨੂੰ ਮਿਲੇ ਦੂਜੇ ਦਰਜੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ।ਪਾਰਲੀਮੈਂਟ ਵਿਚ ਪਾਸ ਹੋਏ ਕਾਨੂੰਨ ਨੂੰ ਚੁਣੌਤੀ ਦੇਣ ਵਾਲੀ ਕਾਰਵਾਈ ਕਈ ਪ੍ਰਸ਼ਨ ਖੜੇ ਕਰੇਗੀ।ਸਹਿਜਧਾਰੀ ਮਾਮਲੇ ਅਤੇ ਸੰਤਾ ਬੰਤਾ ਫਿਲਮ ਵਾਲੇ ਮਾਮਲੇ ਵਿਚ ਆਮ ਆਦਮੀ ਪਾਰਟੀ ਵਲੋਂ ਨਿਭਾਈ ਭੂਮਿਕਾ ਪ੍ਰਤੀ ਵੀ ਸਾਵਧਾਨ ਹੋਣ ਦਾ ਸੰਕੇਤ ਹੈ।ਅੱਜ ਹਰ ਸਿਆਸੀ ਪਾਰਟੀ ਆਪਣੇ ਸਮੀਕਰਣ ਬਣਾ ਰਹੀ ਹੈ ਪਰ ਹਰ ਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਲੋਕਰਾਜੀ ਪਰੰਪਰਾਵਾਂ ਦਾ ਸਾਜ ਤੇ ਰਾਜ ਹੀ ਪਰਵਾਨਿਆ ਜਾਵੇਗਾ। ਚੁਰਾਸੀ ਦੇ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਸਿੱਖ ਜਗਤ ਤੋਂ ਮੁਆਫੀ ਮੰਗਣ ਵਾਲੇ ਪ੍ਰਸਤਾਵ ਦਾ ਰੌਲਾ ਵੀ ਇਕ ਮਹਿਜ਼ ਸਿਆਸੀ ਡਰਾਮਾ ਹੈ। ਜਿਸ ਦੇ ਪਾਤਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਪੀ ਸਜ਼ਾ ਦਾ ਹੀ ਹੱਕਦਾਰ ਹੁੰਦਾ ਹੈ।ਮੁਆਫੀ ਕੇਵਲ ਸੁਤੇ ਸਿਧ ਹੋਈ ਗਲਤੀ ਵਾਸਤੇ ਹੁੰਦੀ ਹੈ।ਪੰਥਕ ਤਾਲਮੇਲ ਸੰਗਠਨ ਧਰਮ ਦੀ ਆੜ ਵਿਚ ਸਿਆਸੀ ਸਫਬੰਦੀਆਂ ਤੇ ਕੌਮ ਨਾਲ ਹੋ ਰਹੀਆਂ ਧੋਖੇਬਾਜ਼ੀਆਂ ਪ੍ਰਤੀ ਸੁਚੇਤ ਕਰਨ ਦੀ ਸੇਵਾ ਡਟ ਕੇ ਨਿਭਾਵੇਗਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply