Sunday, October 6, 2024

ਵਿਹਲੇ ਸਮੇਂ ਖੇਤੀ ਮਾਹਿਰਾਂ ਨਾਲ ਵਟਸਐਪ ‘ਤੇ ਸੰਪਰਕ ਕਰਕੇ ਖੇਤੀ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਕਿਸਾਨ

ਪਠਾਨਕੋਟ, 18 ਮਈ (ਪੰਜਾਬ ਪੋਸਟ ਬਿਊਰੋ) – ਇਸ ਸਾਲ ਅਧਿਕਤਰ ਕਿਸਾਨਾਂ ਨੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਜਿਥੇ ਵਾਤਾਵਰਣ ਨੂੰ ਪ੍ਰਦੂਸ਼ਤ ਕਰਨ ਦੇ ਨਾਲ ਨਾਲ ਜ਼ਮੀਨ ਵਿੱਚ ਮੌਜੂਦ ਕਰੋੜਾਂ ਦੀ ਤਾਦਾਦ ਵਿੱਚ ਮਿੱਤਰ ਕੀਟ, ਸੂਖਮ ਜੀਵ ਨਸ਼ਟ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ ਉਥੇ ਖੇਤੀਬਾੜੀ ਵਿਭਾਗ ਵੱਲੋਂ ਬਣਾਏ ਗਏ ਯੰਗ ਇੰਨੋਵੇਟਿਵ ਫਾਰਮਰ ਵਟਸਐਪ ਸਮੂਹ ਦੇ ਮੈਂਬਰ ਨੌਜਵਾਨ ਕਿਸਾਨਾਂ ਨੇ ਨਾੜ ਨੂੰ ਸਾੜਨ ਦੀ ਬਿਜਾਏ ਤਵੀਆਂ/ਰੋਟਾਵੇਟਰ ਨਾਲ ਖੇਤ ਵਿੱਚ ਵਾਹ ਕੇ ਮੂੰਗੀ ਜਾਂ ਜੰਤਰ ਦੀ ਬਿਜਾਈ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।ਜ਼ਿਕਰਯੋਗ ਹੈ ਕਿ ਹਾੜੀ ਦੀ ਮੁੱਖ ਫਸਲ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੁਆਰਾ ਨਾੜ ਨੂੰ ਖੇਤਾਂ ਵਿੱਚ ਸਾੜਨ ਨਾਲ ਤਕਰੀਬਨ 0.94 ਲੱਖ ਟਨ ਨਾਈਟਰੋਜਨ, 0.48 ਲੱਖ ਟਨ ਫਾਸਫੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਨਾੜ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣਗੀਆਂ ਜਿਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਗਰੁੱਪ ਦੇ ਸੰਚਾਲਕ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਇਹ ਸਮੂਹ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਖਸ਼ੀਸ ਸਿੰਘ ਚਾਹਲ ਦੀ ਅਗਵਾਈ ਹੇਠ ਗਠਿਤ ਕੀਤਾ ਗਿਆ ਹੈ, ਜਿਸ ਵਿੱਚ ਸ਼ੁਰੂ-ਸ਼ੁਰੂ ਵਿੱਚ 40 ਨੌਜਵਾਨ ਕਿਸਾਨ ਅਤੇ 8 ਖੇਤੀਬਾੜੀ ਮਾਹਿਰ ਜੁੜੇ ਸਨ, ਹੁਣ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਸਮੂਹ ਨਾਲ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਉਤਰਾਖੰਡ ਅਤੇ ਉੱਤਰਪ੍ਰਦੇਸ਼ ਦੇ ਤਕਰੀਬਨ 35000 ਨੌਜਵਾਨ ਕਿਸਾਨ ਜੁੜ ਚੁੱਕੇ ਹਨ, ਜਿੰਨਾ ਤੱਕ ਸ਼ੋਸ਼ਲ ਮੀਡੀਆ, ਵਟਸਐਪ ਅਤੇ ਫੇਸਬੁੱਕ ਰਾਹੀ ਖੇਤੀਬਾੜੀ ਨਾਲ ਸੰਬੰਧਤ ਨਵੀਨਤਮ ਤਕਨੀਕਾਂ ਪਹੁੰਚਾਈਆ ਜਾ ਰਹੀਆਂ ਹਨ।
ਇਸ ਗਰੁੱਪ ਨਾਲ ਜੁੜੇ ਕਿਸਾਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬੱਲ ਦੇ ਨੌਜਵਾਨ ਕਿਸਾਨ ਗੁਰਤੇਜ ਸਿੰਘ ਬੱਲ ਨੇ ਕਿਹਾ ਕਿ ਇਸ ਸਮੂਹ ਤੋਂ ਮਿਲੀ ਜਾਣਕਾਰੀ ਅਨੁਸਾਰ ਢਾਈ ਏਕੜ ਵਿੱਚ ਬੀਜੀ ਕਣਕ ਦੀ ਕਟਾਈ ਉਪਰੰਤ ਤੂੜੀ ਬਣਾ ਕੇ ਪਾਣੀ ਲਾ ਦਿੱਤਾ ਸੀ, ਵੱਤਰ ਆਉਣ ਤੇ ਗੋਬਰ ਗੈਸ ਵਾਲੀ ਦੇਸੀ ਰੂੜੀ ਪਾ ਕੇ ਰੋਟਾਵੇਟਰ ਨਾਲ ਦੋ ਵਾਰ ਵਾਹ ਕੇ ਮੂੰਗੀ ਹਰੀ ਖਾਦ ਲਈ ਬੀਜ ਦਿੱਤੀ ਹੈ ਇਸ ਨਾਲ ਇੱਕ ਤਾਂ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬਚਿਆ, ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਰਸਾਇਣਕ ਖਾਦਾਂ ਤੇ ਹੋਣ ਵਾਲੇ ਖਰਚੇ ਦਾ ਬਚਾਅ ਕਰਨ ਵਿੱਚ ਮਦਦ ਮਿਲੇਗੀ। ਉਨਾਂ ਕਿਹਾ ਕਿ ਆਪਣੇ ਫਾਰਮ ਤੇ 3 ਅੰਬ ਅਤੇ ਲੀਚੀ ਦੇ ਬੂਟੇ ਹਰ ਸਾਲ ਅੱਗ ਨਾਲ ਸੜ ਜਾਂਦੇ ਸਨ ਪਰ ਇਸ ਵਾਰ ਅੱਗ ਨਾ ਲਾਉਣ ਬੂਟੇ ਬਚ ਗਏ ਹਨ ਅਤੇ ਫਲ ਵੀ ਬਹੁਤ ਹੈ। ਜ਼ਿਲਾ ਪਠਾਨਕੋਟ ਦੇ ਪਿੰਡ ਆਲੀਖਾਨ ਦੇ ਨੌਜਵਾਨ ਕਿਸਾਨ ਸੁਮਿਤ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਪਰ ਵਟਸਐਪ ਸਮੂਹ ਤੋਂ ਕਣਕ ਦੇ ਨਾੜ ਸਾੜਣ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਨਾੜ ਨਾ ਸਾੜਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਲੱਗਣ ਤੇ ਅਸੀਂ ਨਾੜ ਨੂੰ ਅੱਗ ਨਹੀਂ ਲਗਾਈ ਅਤੇ ਖੇਤ ਵਿੱਚ ਹੀ ਰੋਟਾਵੇਟਰ ਨਾਲ ਵਾਹ ਕੇ ਮੂਲੀਆਂ ਅਤੇ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ। ਪਿੰਡ ਸੁਖਾਲਗੜ ਦੇ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ ਢਿਲੌਨ ਨੇ ਦੱਸਿਆ ਕਿ ਇਸ ਸਮੂਹ ਨਾਲ ਜੁੜਣ ਪਿੱਛੋਂ ਖੇਤੀ ਗਿਆਨ ਵਿੱਚ ਬਹੁਤ ਵਾਧਾ ਹੋਇਆ ਹੈ।
ਉਨਾਂ ਦੱਸਿਆ ਕਿ ਗਰੁੱਪ ਤੋਂ ਮੰਡੀਕਰਨ ਬਾਰੇ ਮਿਲੀ ਜਾਣਕਾਰੀ ਅਨੁਸਾਰ ਖੇਤੀ ਜਿਨਸਾਂ ਥੋਕ ਮੰਡੀ ਦੀ ਬਿਜਾਏ, ਸਿੱਧਾ ਖਪਤਕਾਰਾਂ ਨਾਲ ਸੰਪਰਕ ਕਰਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਖੇਤੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਤੂੜੀ ਬਣਾ ਕੇ ਬਾਕੀ ਬਚੇ ਨਾੜ ਨੂੰ ਖੇਤਾਂ ਵਿੱਚ ਵਾਹ ਦਿੱਤਾ ਹੈ ਅਤੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਵੀ ਨਾੜ ਨਾ ਸਾੜਣ ਲਈ ਪ੍ਰੇਰਿਆ ਗਿਆ ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੀ ਹੈ। ਸਟੇਟ ਅਵਾਰਡੀ ਨੌਜਵਾਨ ਕਿਸਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿੱਚ ਵਾਹ ਕੇ ਬੀਜੀ ਝੋਨੇ ਦੀ ਪਨੀਰੀ ਦਾ ਵਾਧਾ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਨਾੜ ਜਦ ਗਲਦਾ ਹੈ ਤਾਂ ਖਾਦ ਦਾ ਕੰਮ ਕਰਦਾ ਹੈ, ਜਿਸ ਨਾਲ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਜਗਮੇਲ ਸਿੰਘ ਜੱਗੀ ਨੇ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਰੋਟਾਵੇਟਰ ਨਾਲ ਵਾਹ ਕੇ ਮੂੰਗੀ ਇਹ ਸੋਚ ਕੇ ਬੀਜ ਦਿੱਤੀ ਹੈ ਕਿ ਜੇਕਰ ਬਾਰਸ਼ਾਂ ਜਲਦ ਸ਼ੁਰੂ ਹੋ ਗਈਆਂ ਤਾਂ ਮੂੰਗੀ ਦੀ ਫਸਲ ਨੂੰ ਵਿੱਚੇ ਵਾਹ ਕੇ ਹਰੀ ਖਾਦ ਕਰ ਲਈ ਜਾਵੇਗੀ, ਨਹੀਂ ਤਾਂ ਜਦ ਮੰੰਗੀ ਦੇ 80-85 % ਪੱਕਣ ਤੇ ਗ੍ਰੈਮੀਕਸਾਨ ਦਾ ਛਿੜਕਾਅ ਕਰਕੇ ਕਟਾਈ ਕਰ ਲਈ ਜਾਵੇਗੀ।
ਜ਼ਿਲਾ ਗੁਰਦਾਸਪੁਰ ਦੇ ਪਿੰਡ ਸਾਰਚੂਰ ਤੋਂ ਗਰੁਪ ਦੇ ਮੈਂਬਰ ਗੁਰਬਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਟਸਐਪ ਸਮੂਹ ਨਾਲ ਜੁੜਣ ਕਾਰਨ ਕਿਸਾਨਾਂ ਦਾ ਨਜ਼ਰੀਆ ਹੀ ਬਦਲ ਗਿਆ ਹੈ ਅਤੇ ਹੁਣ ਸਾਡੀ ਖੇਤੀ ਵਿੱਚ ਰੁਚੀ ਵਧਣ ਲੱਗ ਪਈ ਹੈ। ਉਨਾਂ ਕਿਹਾ ਕਿ ਪਹਿਲਾਂ ਅਸੀਂ ਫਾਲਤੂ ਸਮੇਂ ਵਿੱਚ ਮੋਬਾਇਲ ਤੇ ਵੀਡੀਉ ਖੇਡਾਂ ਖੇਡਦੇ ਸੀ ਪਰ ਹੁਣ ਅਸੀਂ ਉਹੀ ਵਿਹਲਾ ਸਮੇਂ ਵਿੱਚ ਖੇਤੀ ਮਾਹਿਰਾਂ ਨਾਲ ਵਟਸਐਪ ‘ਤੇ ਸੰਪਰਕ ਕਰਕੇ ਆਪਣੇ ਖੇਤੀ ਗਿਆਨ ਵਿੱਚ ਵਾਧਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੀ ਜ਼ਮੀਨ ਵਿੱਚ ਕਣਕ ਦੇ ਨਾੜ ਨੂੰ ਸਾੜਣ ਦੀ ਬਿਜਾਏ ਰੋਟਾਵੇਟਰ ਨਾਲ ਵਿੱਚੇ ਵਾਹ ਕੇ ਹਰੀ ਖਾਦ ਲਈ ਜੰਤਰ ਅਤੇ ਮੂੰਗੀ ਬੀਜ ਦਿੱਤੀ ਹੈ। ਉਨਾਂ ਦੱਸਿਆ ਕਿ ਸਮੂਹ ਤੋਂ ਜਾਣਕਾਰੀ ਅਨੁਸਾਰ ਇਸ ਵਾਰ ਕਣਕ ਦਾ ਬੀਜ ਖੁਦ ਤਿਆਰ ਕਰਕੇ ਸਾਂਭ ਲਿਆ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply