Sunday, October 6, 2024

ਵੋਟਰੋ! ਪੈਸਾ ਲਓ, ਪੈਸੇ ਲੈਣ ਤੋਂ ਨਾਂਹ ਨਹੀਂ ਕਰਨੀ, ਪਰ ਵੋਟ ਅਕਾਲੀਆਂ ਨੂੰ ਬਿਲਕੁਲ ਨਹੀਂ ਪਾਉਣੀ- ਕੈਪਟਨ

PPN2006201604

ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਮੰਤਰੀ ਬਾਦਲ ਦੇ ਗੜ ਤੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿਖੇ ਬਾਦਲ ਸਰਕਾਰ ‘ਤੇ ਗਰਜਦਿਆਂ ਕਿਹਾ ਕਿ ਅਕਾਲੀ ਭਾਜਪਾਈਆਂ ਦੀ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰ ਸੁੱਟਿਆ ਹੈ ਤੇ ਹੁਣ ਇਨ੍ਹਾਂ ਨੂੰ ਗੱਦੀਆਂ ਤੋਂ ਲਾਹ ਕੇ ਚਲਦਿਆਂ ਕਰਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਸz ਬਾਦਲ ‘ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਹੁਣ ਤਾਂ ਅਕਾਲ ਪੁਰਖ ਨੇ ਵੀ ਹੁਕਮ ਸੁਣਾ ਦਿੱਤੇ ਹਨ ਕਿ ਇਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।ਜਿਸ ਦੀ ਤਾਜਾ ਮਿਸਾਲ ਇਨ੍ਹਾਂ ਬਾਦਲਕਿਆਂ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਜਾਗਦੀ ਜ਼ਮੀਰ ਵਾਲੇ ਗ੍ਰੰਥੀ (ਅਰਦਾਸੀਏ) ਨੇ ਗੁਰਦੁਆਰਾ ਮੱਥੇ ਟੇਕਣ ਗਏ ਵੱਡੇ ਬਾਦਲ ਨੂੰ ਇਹ ਕਹਿੰਦਿਆਂ ਸਿਰੋਪਾ ਸਾਹਿਬ ਦੇਣ ਤੋਂ ਇੰਨਕਾਰ ਕਰ ਦਿੱਤਾ ਕਿ ਉਹ ਗੁਰੂ ਘਰ ਦੇ ਦੋਸ਼ੀ ਹਨ ਤੇ ਦੋਸ਼ੀਆਂ ਨੂੰ ਸਿਰੋਪੇ ਨਹੀਂ ਸਜਾਵਾਂ ਮਿਲਦੀਆਂ ਹਨ। ਲੰਬੀ ਵਿਖੇ ਕਾਂਗਰਸੀਆਂ ਦੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2017 ਦੀ ਜੰਗ ਲੜਨੀ ਵੀ ਤੁਸੀਂ ਹੈ ਤੇ ਜਿੱਤਣੀ ਵੀ ਤੁਸੀਂ ਹੈ। ਅਸੀਂ ਤਾਂ ਕੇਵਲ ਅਗਵਾਈ ਹੀ ਕਰਨੀ ਹੈ ਕਿਉਂਕੀ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੋਇਆ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਅੱਜ ਗਰੀਬਾਂ ਦਾ ਲਹੂ ਚੂਸ ਰਿਹਾ ਹੈ ਤੇ ਆਪਣੇ ਮਹਿਲ ਉਸਾਰ ਰਿਹਾ ਹੈ, ਸਰਕਾਰ ਆਉਣ ‘ਤੇ ਉਸ ਪੂਰੇ ਟੱਬਰ ਨੂੰ ਅੰਦਰ ਦੇਊਂਗਾ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ।

                           ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰਾਂ ਇਸ ਕੁਨਬੇ ਨੇ ਚੋਣਾਂ ਦੌਰਾਣ ਪੈਸੇ ਵੰਡਣੇ ਹਨ। ਤੁਸਾਂ ਪੈਸੇ ਲੈਣ ਤੋਂ ਨਾਂਹ ਨਹੀਂ ਕਰਨੀ ਕਿਉਂਕਿ ਇਹ ਪੈਸਾ ਇਨ੍ਹਾਂ ਦੇ ਪਿਓ ਦੀ ਜਾਗੀਰ ਨਹੀਂ ਬਲਕਿ ਤੁਹਾਡਾ ਹੀ ਚੂਸਿਆ ਹੋਇਆ ਲਹੂ ਹੈ। ਇਸ ਲਈ ਪੈਸੇ ਬੇਸ਼ੱਕ ਲੈ ਲੈਣਾ ਪਰ ਵੋਟ ਇਨ੍ਹਾਂ ਨੂੰ ਬਿਲਕੁਲ ਨਹੀਂ ਪਾਉਣੀ। ਕਿਉਂਕਿ ਇਸ ਪੈਸੇ ਵੱਟੇ ਵੋਟ ਪਾਉਣ ਨਾਲ ਤੁਸੀਂ ਖੁਦ ਅਤੇ ਆਪਣੇ ਬੱਚਿਆਂ ਦਾ ਭਵਿੱਖ ਇਨ੍ਹਾਂ ਦੇ ਹੱਥ ਗਹਿਣੇ ਪਾ ਦਿਓਗੇ। ਐਸ ਜੀ ਪੀ ਸੀ ਮੈਂਬਰ ਤੇ ਬਾਦਲ ਪਰਿਵਾਰ ਦੇ ਅਤੀ ਨਜ਼ਦੀਕੀ ਜਾਣੇ ਜਾਂਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ‘ਤੇ ਵਰਦਿਆਂ ਕੈਪਟਨ ਨੇ ਕਿਹਾ ਕਿ ਬਾਦਲ ਦੇ ਕਾਲੇ ਧਨ ਦਾ ਲੈਣ ਦੇਣ ਕਰਨ ਦਾ ਇਹੀ ਮੁੱਖ ਬੰਦਾ ਹੈ। ਉਨ੍ਹਾਂ ਲੋਕਾਂ ਨੂੰ ਚੇਤਾ ਕਰਾਉਂਦਿਆਂ ਕਿਹਾ ਕਿ 2012 ਦੀਆਂ ਚੋਣਾਂ ਵਿੱਚ 20 ਕਰੋੜ ਰੁਪਏ ਵੰਡਣ ਲਈ ਬਾਦਲ ਨੇ ਇਸੇ ਦੇ ਘਰ ਰਖਵਾਏ ਸਨ। ਜਦ ਚੋਣ ਕਮਿਸ਼ਨਰ ਨੂੰ ਕਹਿ ਕੇ ਇਸ ਦੇ ਘਰ ਛਾਪੇਮਾਰੀ ਕਰਵਾਈ ਗਈ ਤਾਂ ਉਸ ਛਾਪਾਮਾਰ ਟੀਮ ਦੇ ਪੁੱਜਣ ਤੋਂ ਪਹਿਲਾਂ ਹੀ ਬਾਦਲ ਨੇ ਇਸ ਦੇ ਘਰੋਂ ਪੈਸੇ ਇੱਧਰ ਉਂਧਰ ਕਰਵਾ ਦਿੱਤੇ। ਕਿਉਂਕਿ ਉਸ ਟੀਮ ਚੋਂ ਕਿਸੇ ਨੇ ਛਾਪੇ ਦੀ ਸੂਚਨਾ ਬਾਦਲਕਿਆਂ ਤੱਕ ਪੁਜਦੀ ਕਰ ਦਿੱਤੀ ਸੀ। ਉਨ੍ਹਾ ਕਿਹਾ ਕਿ ਜਿਸ ਤਰਾਂ ਲਗਭਗ 13 ਸਾਲ ਪਹਿਲਾਂ ਭ੍ਰਿਸ਼ਟਾਚਾਰ ਵਿੱਚ ਗਲਤਾਨ ਬਾਦਲ ਹੁਰਾਂ ਦੇ ਖਾਸਮਖਾਸ ਪਬਲਿੱਕ ਸਰਵਿਸ ਕਮਿਸ਼ਨ ਦੇ ਰਵੀ ਸਿੱਧੂ ਨੂੰ ਜੇਲ੍ਹ ਵਿੱਚ ਢੱਕਿਆ ਸੀ ਤੇ ਉਹ ਅੱਜ ਤੱਕ ਵੀ ਉਸੇ ਵਿੱਚ ਉਲਝਿਆ ਫਿਰਦਾ ਹੈ, ਠੀਕ ਉਸੇ ਤਰਾਂ ਹੀ ਇਸ ‘ਕੋਲੇਵਾਲੀ’ ਨਾਲ ਕਰਨੀ ਹੈ। ਕੋਲੇਵਾਲੀ ਸੰਬੋਧਨ ਬਾਰੇ ਸਪਸ਼ਟ ਕਰਦਿਆਂ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਉਨ੍ਹਾਂ ਕਦੇ ਇਸ ਕੋਲਿਆਂਵਾਲੀ ਨੂੰ ਵੇਖਿਆ ਨਹੀਂ, ਹਾਂ ਬੱਸ ਇੱਕ ਕਾਲੇ ਕੋਟ ਵਾਲੀ ਫੋਟੋ ਹੀ ਦੇਖੀ ਹੈ ਤੇ ਇਸ ਲਈ ਤੇ ਇਸ ਦੇ ਕਾਰਨਾਮਿਆਂ ਲਈ ਉਹ ਇਸ ਨੂੰ ਕੋਲੇਵਾਲੀ’ ਨਾਂਅ ਨਾਲ ਸੰਬੋਧਨ ਕਰ ਰਹੇ ਹਨ। ਉਨ੍ਹਾਂ ਬਾਦਲ ਸਰਕਾਰ ਦੇ ਰਾਜ ਨੌਕਰੀਆਂ ਲਈ ਲਗਦੀਆਂ (ਨੋਕਰੀ ਘੁਟਾਲਾ) ਬੋਲੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਇੱਕ ਸਿਪਾਹੀ ਲੱਗਣ ਲਈ 15 ਲੱਖ ਤੇ ਇੱਕ ਇੰਜੀਨਅਰ ਲੱਗਣ ਲਈ 50 ਲੱਖ ਰੁਪਏ ਰੇਟ ਤੈਅ ਕੀਤੇ ਹੋਏ ਹਨ। ਉਨ੍ਹਾ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਕਿਸਾਨੀ ਡੁੱਬੀ ਹੋਈ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉੱਥੇ ਇਹ ਲੋਕ ਨੋਕਰੀਆਂ ਲਈ ਲੱਖਾਂ ਦੀ ਮੰਗ ਕਰ ਰਹੇ ਹਨ। ਉਸ ਤੋਂ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਜ਼ਮੀਨਾਂ ਗਹਿਣੇ ਕਰ ਜਾਂ ਵੇਚ ਵੇਚ ਨੋਜਵਾਨ ਪੀੜੀ ਨੋਕਰੀਆਂ ਮੁੱਲ ਖਰੀਦਨ ਨੂੰ ਤਿਆਰ ਹੋਈ ਬੈਠੀ ਹੈ। ਜਦਕਿ ਅਜੇਹੀਆਂ ਨੋਕਰੀਆਂ ਦਾ ਜੋ ਹਸ਼ਰ ਬੀਤੇ ਦਿਨ੍ਹਾਂ ਵਿੱਚ ਸਾਹਮਣੇ ਆਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਹਰੇਕ ਪਰਿਵਾਰ ਚੋਂ ਘੱਟੋ ਘੱਟ ਇੱਕ ਬੱਚੇ ਨੂੰ ਨੌਕਰੀ ਜਰੂਰ ਦੇਣ ਦਾ ਹੀਲਾ ਕਰਾਂਗੇ।
ਇਸ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ 51000 ਤੇ ਬੁੜਾਪਾ ਪੈਨਸ਼ਨ 2000 ਦੇਣ ਦਾ ਵੀ ਕੈਪਟਨ ਨੇ ਲੋਕਾਂ ਨਾਲ ਵਾਅਦਾ ਕੀਤਾ। ਉਨ੍ਹਾਂ ਹਾਕਮ ਧਿਰ ਵੱਲੋਂ ਬਿਜ਼ਲੀ ਬਿੱਲਾਂ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਕੂੜ ਦੱਸਦਿਆਂ ਸਪਸ਼ਟ ਕੀਤਾ ਕਿ ਸਭ ਕਿਸਾਨਾਂ ਨੂੰ ਪਹਿਲਾਂ ਵਾਂਗ ਹੀ ਬਿਜ਼ਲੀ ਬਿੱਲ ਮੁਆਫ਼ ਹੋਣਗੇ। ਗਰੀਬ ਪਰਿਵਾਰਾਂ ਨੂੰ 300 ਯੂਨਿਟ ਬਿਜ਼ਲੀ ਮੁਫਤ ਦਿੱਤੀ ਜਾਏਗੀ। ਪੰਜਾਬ ਵਿੱਚ ਪੈਰ ਪਸਾਰ ਰਹੀ ‘ਆਪ’ ਪਾਰਟੀ ‘ਤੇ ਵਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਦਾ ਹਾਲ ਜੇ ਪੁੱਛਣਾ ਜਾਂ ਵੇਖਣਾ ਹੈ ਤਾਂ ਟੀ ਵੀ ‘ਤੇ ਰੋਜ ਵਿਖਾਈਆਂ ਜਾ ਰਹੀਆਂ ਔਰਤਾਂ ਨੂੰ ਪੁੱਛੋ ਜੋ ਪੀਣ ਵਾਲੀ ਪਾਣੀ ਲਈ ਸਰਕਾਰੀ ਟੂਟੀਆਂ ‘ਤੇ ਖੜੀਆਂ ਲੜ ਪੈਂਦੀਆਂ ਹਨ ਤੇ ਇੱਕ ਦੂਸਰੇ ‘ਤੇ ਬਾਲਟੀਆਂ ਚਲਾ ਚਲਾ ਮਾਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਬੰਦਾ ਦਿੱਲੀ ਵਿੱਚ ਕਾਮਯਾਬ ਨਹੀਂ ਹੋਇਆ ਉਹ ਪੰਜਾਬ ‘ਤੇ ਰਾਜ ਕਰਨ ਦੇ ਸੁਪਨੇ ਪਸਲੀ ਬੈਠਾ ਹੈ। ਅੰਤ ਵਿੱਚ ਕੈਪਟਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਨਾਉਣਾ ਹੈ ਜਾਂ ਗੁਰੂ ਘਰ ਤੋਂ ਵੀ ਨਾ ਡਰਨ ਵਾਲੇ ਅਤੇ ਅਕਾਲ ਤਖ਼ਤ ‘ਤੇ ਜਾ ਕੇ ਵੀ ਝੂਠ ਬੋਲਣ ਵਾਲਿਆਂ ਹੱਥ ਆਪਣੇ ਬੱਚਿਆਂ ਦਾ ਭਵਿੱਖ ਬਰਬਾਦ ਹੋਣ ਲਈ ਫੜਾਉਣਾ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply