Wednesday, May 1, 2024

ਜ਼ਿਲ੍ਹਾ ਮੈਜਿਸਟਰੇਟ ਵਲੋਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲਸੇ, ਜਲੂਸ ਤੇ ਰੋਸ ਮੁਜਾਹਰਿਆਂ ’ਤੇ ਪਾਬੰਦੀ

ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਨੀਲਿਮਾ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜਨਤਕ ਥਾਵਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ’ਤੇ ਨਾਹਰੇ ਲਾਉਣ, ਜਲਸੇ ਜਲੂਸ ਤੇ ਰੋਸ ਮੁਜਾਹਰੇ ਕਰਨ ਅਤੇ ਜਨਤਕ ਥਾਵਾਂ ’ਤੇ ਮੀਟਿੰਗ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਵਿਸ਼ੇਸ਼ ਹਲਾਤਾਂ ਜਾਂ ਮੌਕਿਆਂ ਸਮੇਂ ਪ੍ਰਬੰਧਕਾਂ ਵੱਲੋਂ ਲਿਖਤੀ ਦਰਖਾਸਤ ਰਾਹੀਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਵਗੈਰਾ, ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਕੱਢੇ ਜਾ ਸਕਦੇ ਹਨ। ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲੀਸ, ਹੋਮ ਗਾਰਡ, ਸੈਨਿਕ/ਅਰਧ ਸੈਨਿਕ ਬਲਾਂ ਅਤੇ ਵਿਆਹ ਸ਼ਾਦੀਆਂ ਅਤੇ ਸ਼ਾਂਤੀ ਢੰਗ ਨਾਲ ਕੀਤੇ ਜਾ ਰਹੇ ਜਲੂਸ ’ਤੇ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵੀ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਪਠਾਨਕੋਟ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ/ਸਰਕਾਰੀ/ਗੈਰ ਸਰਕਾਰੀ ਸੰਸਥਾਵਾਂ ਜਾਂ ਹੋਰ ਕੋਈ, ਸਬੰਧਿਤ ਵਿਭਾਗਾਂ ਪਾਸੋਂ ਲਿਖਤੀ ਪ੍ਰਵਾਨਗੀ ਅਤੇ ਦੇਖ ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਡੀ-ਲਿਸਟਡ ਏਰੀਏ ਵਿੱਚ ਵਪਾਰਕ ਗਤੀਵਿਧੀਆਂ ’ਤੇ ਪੂਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਸੱਪਸ਼ਟ ਕੀਤਾ ਹੈ ਕਿ ਇਸ ਖੇਤਰ ਵਿੱਚ ਜੀਵਨ ਬਸਰ ਕਰ ਰਹੇ ਲੋਕ ਅਤੇ ਡੀ-ਲਿਸਟਡ ਏਰੀਏ ਦੇ ਮਾਲਕ ਸਿਰਫ਼ ਖੇਤੀਬਾੜੀ ਅਤੇ ਜੀਵਨ ਬਸਰ ਕਰਨ ਵਾਲੀਆਂ ਗਤੀਵਿੱਧੀਆਂ ਹੀ ਕਰ ਸਕਣਗੇ। ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਸਬ ਡਵੀਜ਼ਨ ਪਠਾਨਕੋਟ ਵਿੱਚ ਅਮੂਨੀਸ਼ਨ ਡੀਪੂ ਆਰਡੀਨੈਂਸ ਟਰਾਂਜੈਟ ਗਰੁੱਪ ਦੇ ਆਲੇ-ਦੁਆਲੇ 50 ਮੀਟਰ ਦੇ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਲਮੀਣੀ, ਸਿਹੁੰਟੀ, ਮਨਵਾਲ ਅਤੇ ਮਾਮੂਨ ਵਿਖੇ ਦੋ ਅਮੂਨੀਸ਼ਨ ਸਬ ਡੀਪੂ ਦੇ ਆਲੇ-ਦੁਆਲੇ 1000 ਗਜ ਦੇ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨ, ਪਟਾਕੇ ਚਲਾਉਣ ਅਤੇ ਕਿਸੇ ਕਿਸਮ ਦੀ ਉਸਾਰੀ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਦਯੋਗਿਕ ਖੇਤਰ ਵਿੱਚ ਦਿਨ ਵੇਲੇ 75 ਅਤੇ ਰਾਤ ਸਮੇਂ (ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤੱਕ) 70, ਕਮਰਸ਼ੀਅਲ ਖੇਤਰ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਖੇਤਰ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਇਲੈਂਸ ਜੋਨਾਂ ਵਿੱਚ ਦਿਨ ਵੇਲੇ 50 ਅਤੇ ਰਾਤ ਵੇਲੇ 40 ਡੀਬੀਏ ਤੋਂ ਵੱਧ ਲਾਉਂਡ ਸਪੀਕਰਾਂ, ਐਮਪਲੀਫਾਇਰ ਆਦਿ ਰਾਹੀਂ ਆਵਾਜ਼ ਪੈਦਾ ਨਹੀਂ ਹੋਣੀ ਚਾਹੀਦੀ ਅਤੇ ਜੇਕਰ ਇਸ ਤੋਂ ਵੱਧ ਕੋਈ ਆਵਾਜ਼ ਪੈਦਾ ਕਰੇਗਾ ਤਾਂ ਉਸ ਦਾ ਸਪੀਕਰਾਂ ਸਮੇਤ ਸਾਰਾ ਸਮਾਨ ਜ਼ਬਤ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਪਠਾਨਕੋਟ ਵੱਲੋਂ ਬਣਾਏ ਗਏ ਸਾਇਲੈਂਸ ਜੋਨਾਂ, ਸਾਹਮਣੇ ਸਿਵਲ ਹਸਪਤਾਲ ਸ਼ਾਹਪੁਰ ਰੋਡ, ਪਰਸ਼ੂਰਾਮ ਚੌਕ ਤੋਂ ਰਮਾ ਚੌਪੜਾ ਕਾਲਜ, ਟੈਂਰਪਰੈਂਸ ਹਾਲ ਤੋਂ ਭਿੰਡਰ ਹਸਪਤਾਲ ਮਿਸ਼ਨ ਰੋਡ, ਪੈਟਰੋਲ ਪੰਪ ਤੋਂ ਮਿਉਂਸਪਲ ਕਲੌਨੀ ਢਾਕੀ ਰੋਡ ਅਤੇ ਨਵੀਂ ਸ਼ਬਜੀ ਮੰਡੀ ਰੋਡ ਤੋਂ ਮਾਡਲ ਟਾਊਨ ਰੋਡ ਕੇ.ਐਫ.ਸੀ. ਸਕੂਲ ਵਾਲੇ ਖੇਤਰਾਂ ਵਿੱਚ ਵੀ ਮਾਨਯੋਗ ਅਦਾਲਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਿਰਧਾਰਤ ਆਵਾਜ਼ ਪੱਧਰ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਹ ਸਾਰੇ ਹੁਕਮ ਤੁਰੰਤ ਲਾਗੂ ਹੋ ਕੇ 31 ਜੁਲਾਈ  2017 ਤੱਕ ਲਾਗੂ ਰਹਿਣਗੇ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply