ਕਿਸੇ ਵੇਲੇ ਚੋਖੀ ਜਾਇਦਾਦ ਦੇ ਮਾਲਕ ਸ਼ੇਰ ਸਿੰਘ ਦੀ ਆਪਣੇ ਇਲਾਕੇ ਵਿੱਚ ਪੂਰੀ ਚੜ੍ਹਤ ਹੁੰਦੀ ਸੀ।ਬਦਕਿਸਮਤੀ ਨਾਲ ਉਸ ਦੀ ਨਿਕੰਮੀ ਔਲਾਦ ਘਰ ਨੂੰ ਘੁਣ ਵਾਂਗ ਚਿੰਬੜ ਗਈ ਅਤੇ ਉਸ ਨੇ ਕੁੱਝ-ਕੁ ਸਾਲਾਂ ਵਿੱਚ ਹੀ ਸ਼ੇਰ ਸਿੰਘ ਦੀ ਜਿੰਦਗੀ ਦਾ ਪਾਸਾ ਬਦਲ ਕੇ ਰੱਖ ਦਿੱਤਾ ਸੀ।ਹੌਲੀ-ਹੌਲੀ ਸ਼ੇਰ ਸਿੰਘ ਸਾਰੀ ਜਾਇਦਾਦ ਤੋਂ ਹੱਥ ਧੋ ਬੈਠਾ।
ਢੱਲਦੀ ਉਮਰੇ ਜਦੋਂ ਵੀ ਬੇਵੱਸ ਸ਼ੇਰ ਸਿੰਘ ਓਹਨਾਂ ਬੇਗਾਨੇ ਖੇਤਾਂ ਵੱਲ ਦੇਖਦਾ ਜੋ ਕਦੇ ਉਸ ਦੇ ਆਪਣੇ ਹੁੰਦੇ ਸਨ, ਤਾਂ ਉਸ ਦਾ ਧੁਰ ਅੰਦਰ ਤੱਕ ਪਾਟ ਜਾਂਦਾ ਸੀ।
ਇੱਕ ਦਿਨ ਸ਼ੇਰ ਸਿੰਘ ਜਦੋਂ ਦੂਰ ਸੜਕ `ਤੇ ਖੜ੍ਹਾ ਆਪਣੇ ਖੇਤਾਂ ਵੱਲ ਵੇਖ ਰਿਹਾ ਸੀ ਤਾਂ ਉਸ ਦਾ ਪੋਤਾ ਪੁੱਛਣ ਲੱਗਾ।
” ਬਾਪੂ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਆਪਣੇ ਸ਼ਰੀਕੇ ਕੋਲ ਤਾਂ ਐਨੇ ਵੱਡੇ-ਵੱਡੇ ਖੇਤ ਆ, ਆਪਣੇ ਕੋਲ ਕੱਲਾ ਘਰ ਈ ਐ!! ਆਪਣੇ ਕੋਲ ਕੋਈ ਖੇਤ ਕਿਉਂ ਨਹੀਂ ਐ ?”
ਇਹ ਸੁਣ ਕੇ ਸ਼ੇਰ ਸਿੰਘ ਦੀ ਭੱਬ ਨਿਕਲ ਗਈ ਉਹ ਅੱਖਾਂ ਭਰ ਕੇ ਬੋਲਿਆ,
” ਪੁੱਤ !! ਖੇਤ ਤਾਂ ਆਪਣੇ ਕੋਲ ਵੀ ਬਥੇਰੇ ਵੱਡੇ-ਵੱਡੇ ਸੀ, ਪਰ ਤੇਰੇ ਫੁਕਰੇ ਪਿਓ ਅਤੇ ਹੋਛੀ ਮਾਂ ਨੂੰ ਪੈਲ਼ੀ ਨਾਲੋਂ ਵੱਧ ਆਪਣੇ ਨੱਕ ਦਾ ਫਿਕਰ ਸੀ, ਉਨ੍ਹਾਂ ਫਜੂਲ ਖਰਚੇ ਕਰਕੇ ਆਪਦਾ ਨੱਕ ਤਾਂ ਬਚਾਅ ਲਿਆ, ਪਰ ਉਹੀਓ ਨੱਕ ਆਪਣੇ ਸਾਰੇ ਖੇਤਾਂ ਨੂੰ ਖਾ ਗਿਐ ”
ਮਾ: ਸੁਖਵਿੰਦਰ ਸਿੰਘ ਦਾਨਗੜ੍ਹ
ਮੋ – 94171 80205