ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ।
ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ।
ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿੱਚ ਪੰਜਾਬੀ
ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ
ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ।
ਮਾਤ-ਭਾਸ਼ਾ ਦਾ…
ਇਸ ਭਾਸ਼ਾ ਵਿੱਚ ਫ਼ਰੀਦ- ਕਬੀਰ ਜੀ, ਰਚੇ ਨੇ ਕਈ ਸ਼ਲੋਕ
ਦੇਸ਼ ਵਿਦੇਸ਼ `ਚ ਲੱਖਾਂ, ਏਹੋ ਬੋਲੀ ਬੋਲਣ ਲੋਕ
ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ ਵੀ ਕਿਰਦਾਰ।
ਮਾਤ-ਭਾਸ਼ਾ ਦਾ…
ਗੁਰਬਾਣੀ ਤੇ ਸੂਫ਼ੀ ਕਵਿਤਾ, ਵਾਰਾਂ-ਕਿੱਸੇ-ਦੋਹੇ
ਇਸ ਭਾਸ਼ਾ ਵਿੱਚ ਵਾਰਿਸ ਸ਼ਾਹ ਨੇ, ਇਸ਼ਕ ਦੇ ਨਗਮੇ ਛੋਹੇ
ਵਿੱਚ ਪੰਜਾਬੀ ਲਿਖਿਆ ਪੀਲੂ, ਮੁਕਬਲ, ਅਹਿਮਦ ਯਾਰ।
ਮਾਤ-ਭਾਸ਼ਾ ਦਾ…
ਹਾਸ਼ਮ ਸ਼ਾਹ ਤੇ ਸ਼ਿਵ ਕੁਮਾਰ ਨੇ, ਲਿਖੇ ਨੇ ਬਿਰਹਾ ਗੀਤ
ਏਸੇ ਭਾਸ਼ਾ ਵਿੱਚ ਲਿਖਦਾ ਹੈ, ਕਵਿਤਾ `ਨਵ ਸੰਗੀਤ`
ਸਾਰੇ ਨੇ ਪੰਜਾਬੀ, ਹਿੰਦੂ, ਮੁਸਲਿਮ ਤੇ ਸਰਦਾਰ।
ਮਾਤ-ਭਾਸ਼ਾ ਦਾ…
ਕਦੇ ਏਸਨੂੰ ਸਮਝ ਗੰਵਾਰੂ, ਪੈਰਾਂ ਵਿੱਚ ਹੈ ਰੋਲੀ
ਬੋਲ ਕੇ ਵੇਖ ਪੰਜਾਬੀ ਭਾਸ਼ਾ, ਹੈ ਨਾ ਮਿਸ਼ਰੀ ਘੋਲੀ
ਮਾਂ-ਬੋਲੀ ਬੋਲਣ ਵਾਲੇ ਨੂੰ, ਨਾ ਪਾਈਏ ਫਿਟਕਾਰ।
ਮਾਤ-ਭਾਸ਼ਾ ਦਾ…
ਪਿਓ-ਦਾਦੇ ਦਾ ਖੋਲ੍ਹ ਵੇਖੀਏ, ਇਹ ਅਨਮੋਲ ਖਜ਼ਾਨਾ
ਆਪਸ ਵਿੱਚ ਪੰਜਾਬੀ ਬੋਲੋ, ਕੋਈ ਨਾ ਦਿਸੇ ਬੇਗਾਨਾ
ਮਾਂ-ਬੋਲੀ ਦਾ ਉਚਾ ਰੁਤਬਾ, ਵਿਰਸਾ, ਸੱਭਿਆਚਾਰ।
ਮਾਤ-ਭਾਸ਼ਾ ਦਾ…
ਜਨਮ-ਮਰਨ ਤੇ ਵਿਆਹ ਦੇ ਮੌਕੇ, ਜਾਂ ਫਿਰ ਖੁਸ਼ੀ-ਗ਼ਮੀ ਵਿੱਚ
ਏਹੋ ਭਾਸ਼ਾ ਤ੍ਰਿਪਤੀ ਦੇਵੇ, ਸਾਨੂੰ ਖੁਸ਼ਕ-ਨਮੀ ਵਿੱਚ
ਗਿਣੇ ਨਾ ਜਾਵਣ ਮਾਂ ਬੋਲੀ ਦੇ, ਕਿੰਨੇ ਨੇ ਉਪਕਾਰ।
ਮਾਤ-ਭਾਸ਼ਾ ਦਾ…
ਵਿੱਚ ਸੰਸਾਰ ਦੇ ਇਸ ਭਾਸ਼ਾ ਨੂੰ, ਮਿਲਿਆ ਉੱਚਾ ਦਰਜਾ
ਮੰਨੀਏ ਖ਼ੁਦ ਨੂੰ ਜੇ ਪੰਜਾਬੀ, ਬਿਨ ਇਹਦੇ ਨਾ ਸਰਦਾ
ਰਫ਼ਤਾ- ਰਫ਼ਤਾ ਕਰਕੇ ਇਸਦੀ, ਤੇਜ਼ ਹੋਈ ਰਫ਼ਤਾਰ।
ਮਾਤ-ਭਾਸ਼ਾ ਦਾ…
ਕੁੱਝ ਪੜ੍ਹਦੇ ਅਖ਼ਬਾਰ- ਰਸਾਲੇ, ਪੜ੍ਹਨ ਕਈ ਗੁਰਬਾਣੀ
ਮਾਂ-ਬੋਲੀ ਪੰਜਾਬੀ ਸਾਡੀ, ਗੱਲ ਇਹ ਸੱਚੀ ਜਾਣੀ
ਦੇਸ਼-ਵਿਦੇਸ਼ੀਂ ਬੋਲਣ, ਮੰਦਿਰ-ਮਸਜਿਦ- ਗੁਰ ਦਰਬਾਰ।
ਮਾਤ-ਭਾਸ਼ਾ ਦਾ…
ਸਮਝੋ- ਸਿੱਖੋ ਹੋਰ ਬੋਲੀਆਂ, ਛੱਡੋ ਨਾ ਪੰਜਾਬੀ
`ਰੂਹੀ` ਉੱਚੀ ਆਖ ਸੁਣਾਵੇ : ਇਹਦੀ ਸ਼ਾਨ ਨਵਾਬੀ
ਮਾਂ ਬੋਲੀ ਸੁਣ ਕੇ ਹੈ ਛਿੜਦੀ, ਕਣ-ਕਣ ਵਿੱਚ ਝੁਣਕਾਰ।
ਮਾਤ-ਭਾਸ਼ਾ ਦਾ…
ਪ੍ਰੋ. ਨਵ ਸੰਗੀਤ ਸਿੰਘ
ਤਲਵੰਡੀ ਸਾਬੋ, ਬਠਿੰਡਾ।
ਮੋ – 94176 92015