Monday, July 8, 2024

ਸਮੂਹਿਕ ਡਾਂਸ ਪੇਸ਼ਕਾਰੀ ਲਈ ਅੰਮ੍ਰਿਤਸਰ ਦਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ

PPN1401201610

PPN1401201609 ਅੰਮ੍ਰਿਤਸਰ, 14 ਜਨਵਰੀ (ਗੁਰਚਰਨ ਸਿੰਘ)- ਵਿਸ਼ਵ ਦੀ ਸਭ ਤੋਂ ਵੱਡੀ ਸਮੂਹਿਕ ਡਾਂਸ ਪੇਸ਼ਕਾਰੀ ਦਾ ਵਿਸ਼ਵ ਰਿਕਾਰਡ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਨਾਂਅ ਹੋ ਗਿਆ ਹੈ, ਜਿਸ ਦੀ ਪੁਸ਼ਟੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵੱਲੋਂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ 3 ਅਕਤੂਬਰ 2015 ਨੂੰ ਖਾਲਸਾ ਕਾਲਜ ਦੀ ਗਰਾਊਂਡ ਵਿਚ 40 ਸਕੂਲਾਂ ਦੇ 8726 ਬੱਚਿਆਂ ਨੇ ਬਾਲੀਵੁੱਡ ਦੇ ਗੀਤ ‘ਜੰਮ ਕੇ ਨਾਚੇ ਇੰਡੀਆ ਵਾਲੇ’ ‘ਤੇ ਤਾਲ ਨਾਲ ਤਾਲ ਮਿਲਾ ਕੇ ਇਕੱਠਿਆਂ ਡਾਂਸ ਕਰਦਿਆਂ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ ਦਿੱਤਾ ਸੀ। ਇਸ ਤੋਂ ਪਹਿਲਾਂ 2012 ਵਿਚ ਮੁੰਬਈ ਵਿਖੇ 4428 ਬੱਚਿਆਂ ਨੇ ਇਕੱਠਿਆਂ ਡਾਂਸ ਪੇਸ਼ਕਾਰੀ ਦੇ ਕੇ ਗਿਨੀਜ਼ ਰਿਕਾਰਡ ਬਣਾਇਆ ਸੀ, ਜਿਸ ਨੂੰ ਅੰਮ੍ਰਿਤਸਰ ਦੇ ਬੱਚਿਆਂ ਨੇ ਤੋੜ ਦਿੱਤਾ ਹੈ। ਸ੍ਰੀ ਭਗਤ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਪ੍ਰਾਪਤੀ ਤੋਂ ਬਾਅਦ ਅੰਮ੍ਰਿਤਸਰ ਦੇ ਨਾਂਅ ਵਿਸ਼ਵ ਦੇ ਰਿਕਾਰਡਾਂ ਵਾਲੀ ਕਿਤਾਬ ਵਿਚ ਦਰਜ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸਵਾਮੀ ਵਿਵੇਕਾਨੰਦ ਡਰੱਗ ਡੀ-ਅਡਿਕਸ਼ਨ ਸੈਂਟਰ, ਸੰਨ ਫਾਊਂਡੇਸ਼ਨ ਅਤੇ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਦੇ ਸਾਂਝੇ ਉੱਦਮ ਨਾਲ ਕਰਵਾਏ ਗਏ ਇਸ ਵਿਸ਼ਾਲ ਈਵੈਂਟ ਦਾ ਮਕਸਦ ਨਸ਼ਿਆਂ ਖਿਲਾਫ਼ ਵਿਸ਼ਵ ਪੱਧਰੀ ਸੁਨੇਹਾ ਦੇਣਾ ਸੀ ਜਿਸ ਦੌਰਾਨ ਪੀਲੀਆਂ ਟੀ-ਸ਼ਰਟਾਂ ਵਿਚ ਸਜੇ ਸਾਰੇ ਬੱਚਿਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ ਅਤੇ ਹੋਰਨਾਂ ਨੂੰ ਵੀ ਇਸ ਤੋਂ ਦੂਰ ਰੱਖਣ ਦੀ ਸਹੁੰ ਚੁੱਕੀ ਸੀ।ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ. ਬਿਸ਼ਨ ਸਿੰਘ ਬੇਦੀ, ਗੈਰ-ਸਰਕਾਰੀ ਸੰਸਥਾ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਪਦਮਸ੍ਰੀ ਵਿਕਰਮਜੀਤ ਸਿੰਘ ਸਾਹਨੀ ਸਮੇਤ ਭਾਰਤ ਦੀਆਂ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀਆਂ ਸ਼ਰਤਾਂ ਤਹਿਤ ਇਸ ਪੇਸ਼ਕਾਰੀ ਦੇ ਲੇਖੇ-ਜੋਖੇ ਲਈ ਗਰਾਊਂਡ ਵਿਚ 200 ਜੱਜ ਮੌਜੂਦ ਸਨ। ਸ੍ਰੀ ਭਗਤ ਨੇ ਦੱਸਿਆ ਕਿ ਇਸ ਈਵੈਂਟ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਿਰਧਾਰਤ ਫੀਸ ਅਦਾ ਕਰਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦਾ ਸਰਟੀਫਿਕੇਟ ਆਨਲਾਈਨ ਪ੍ਰਾਪਤ ਕੀਤਾ ਜਾ ਸਕੇਗਾ।ਸ੍ਰੀ ਭਗਤ ਨੇ ਇਸ ਮੌਕੇ ਇਸ ਈਵੈਂਟ ਵਿਚ ਭਾਗ ਲੈਣ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਮਹਾਨ ਉਪਲੱਬਧੀ ‘ਤੇ ਵਧਾਈ ਦਿੱਤੀ। ਪੇਸ਼ਕਾਰੀ ਲਈ ਬੱਚਿਆਂ ਨੂੰ ਟ੍ਰੇਨਿੰਗ ਦੇਣ ਅਤੇ ਪੇਸ਼ਕਾਰੀ ਦੌਰਾਨ ਉਨ੍ਹਾਂ ਨੂੰ ਤਾਲ ਉੱਤੇ ਡਾਂਸ ਕਰਵਾਉਣ ਵਾਲੇ ਪੰਕਜ ਐਂਡ ਪ੍ਰੀਤੀ ਇੰਸਟੀਚਿਊਟ ਦੇ ਪੰਕਜ ਵਿਜ ਨੇ ਇਸ ਮੌਕੇ ਦੱਸਿਆ ਕਿ ਇਸ ਵਿਸ਼ਾਲ ਪੇਸ਼ਕਾਰੀ ਦੌਰਾਨ ਹਰਕੇ ਵਿਦਿਆਰਥੀ ਨੂੰ ਦਿੱਤੇ ਗਏ ਬਾਰ ਕੋਡ ਨੂੰ ਸਕੈਨ ਕੀਤਾ ਗਿਆ ਸੀ, ਜਿਸ ਦੀ ਗਿਣਤੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਦਫ਼ਤਰ ਭੇਜੀ ਗਈ ਸੀ। ਇਸ ਸਮੁੱਚੇ ਈਵੈਂਟ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ ਅਤੇ ਉਥੇ ਮੌਜੂਦ 200 ਜੱਜਾਂ ਵੱਲੋਂ ਦਿੱਤੇ ਗਏ ਐਫੀਡੇਵਿਟ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਦਫ਼ਤਰ ਭੇਜੇ ਗਏ ਸਨ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਐਸ. ਡੀ. ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਸ੍ਰੀ ਰੋਹਿਤ ਗੁਪਤਾ, ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਦੇ ਪੰਕਜ ਵਿਜ, ਪ੍ਰੀਤੀ ਅਤੇ ਉਨ੍ਹਾਂ ਦੇ ਸਾਥੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply