ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਸਾਰੇ ਮਸਲੇ ਹਲ ਕਰਨ ਦਾ ਭਰੋਸਾ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 22 ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਸਿੱਖ ਮਸਲਿਆਂ ਸਬੰਧੀ ਲਹਿੰਦੇ ਪੰਜਾਬ ਦੇ ਸੱਦੇ ਤੇ ਪਾਕਿਸਤਾਨ ਗਿਆ 8 ਮੈਂਬਰੀ ਵਫਦ ਵਾਪਸ ਭਾਰਤ ਪਰਤ ਆਇਆ ਹੈ। ਵਾਹਗਾ ਸਰਹੱਦ ਤੇ ਭਾਰਤ ਵਾਲੇ ਪਾਸੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ, ਸ. ਮੋਹਨ ਸਿੰਘ ਬੰਗੀ ਤੇ ਸ. ਨਿਰਮੈਲ ਸਿੰਘ ਜੌਲਾਂ ਕਲਾਂ ਅੰਤ੍ਰਿੰਗ ਮੈਂਬਰ, ਸ. ਸੰਤਾ ਸਿੰਘ ਉਮੈਦਪੁਰੀ, ਸ. ਇੰਦਰਇਕਬਾਲ ਸਿੰਘ ਅਟਵਾਲ, ਸ .ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਤੇ ਆਦਿ ਵੱਲੋਂ ਸਵਾਗਤ ਕੀਤਾ ਗਿਆ।ਵਾਹਗਾ ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਕੱਲਾ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਨਹੀਂ ਉਥੇ ਹੋਰ ਵੀ ਬਹੁਤ ਸਾਰੀਆਂ ਸਿੱਖ ਸਮੱਸਿਆਵਾਂ, ਸਿੱਖ ਮਸਲੇ ਹਨ। ਗੁਰਦੁਆਰਾ ਸਾਹਿਬਾਨ ਦੇ ਵਿਸਥਾਰ, ਜਮੀਨ ਜਾਇਦਾਦਾਂ ਦੀ ਗੱਲ ਅਤੇ ਜਿਹੜੇ ਯਾਤਰੂ ਉਥੇ ਦਰਸ਼ਨ ਕਰਨ ਲਈ ਜਾਂਦੇ ਹਨ ਉਨ੍ਹਾਂ ਦੀ ਰਿਹਾਇਸ਼ ਦਾ ਮਸਲਾ, ਰਾਗੀ ਤੇ ਗ੍ਰੰਥੀ ਸਿੰਘਾਂ ਨੂੰ ਵੀਜੇ ਜਾਰੀ ਕਰਨ, ਸ਼੍ਰੋਮਣੀ ਕਮੇਟੀ ਨੂੰ ਬਣਦਾ 60% ਕੋਟੇ ਅਨੁਸਾਰ ਵੀਜੇ ਦੇਣ, ਅੰਮ੍ਰਿਤਸਰ ਤੇ ਲਾਹੌਰ ਵਿਖੇ ਵੀਜਾ ਸੈਂਟਰ ਖੋਲ੍ਹਣ ਆਦਿ ਇਨ੍ਹਾਂ ਸਾਰੇ ਮਸਲਿਆਂ ਬਾਰੇ ਅਸੀਂ ਪਾਕਿਸਤਾਨੀ ਪੰਜਾਬ ਦੀ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕੀਤੀ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਕਰਤਾਰਪੁਰ ਅਸਥਾਨ ਬਹੁਤ ਹੀ ਸ਼ਾਨਦਾਰ ਹਨ। ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਅਸਥਾਨ ਦੀ ਸੇਵਾ ਕਰਵਾਉਣ ਦੀ ਲੋੜ ਹੈ ਉਸ ਬਾਰੇ ਵੀ ਬੇਨਤੀ ਕੀਤੀ ਹੈ ਕਿ ਇਸ ਅਸਥਾਨ ਦੀ ਕਾਰ-ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟੋ-ਘੱਟ ਦੋ ਕਿਲੇ ਜਮੀਨ ਸ਼੍ਰੋਮਣੀ ਕਮੇਟੀ ਨੂੰ ਸਰਾਂ ਬਣਾਉਣ ਲਈ ਦਿੱਤੀ ਜਾਵੇ ਜਿਸ ਵਿੱਚ ਅਸੀਂ 500 ਰਿਹਾਇਸ਼ੀ ਕਮਰੇ ਤਿਆਰ ਕਰਵਾਵਾਂਗੇ ਤਾਂ ਕਿ ਗੁਰੂ-ਘਰਾਂ ਦੇ ਦਰਸ਼ਨ ਕਰਨ ਵਾਲੇ ਯਾਤਰੂ ਉਥੇ ਠਹਿਰ ਸਕਣ ਤੇ ਇਸ ਸਰਾਂ ਵਿੱਚ ਅੱਜ ਦੀ ਲੋੜ ਅਨੁਸਾਰ ਆਧੁਨਿਕ ਸਹੂਲਤਾਂ ਹੋਣਗੀਆਂ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਥੇ ਸਕੂਲ ਜਾਂ ਕਾਲਜ ਵੀ ਬਨਾਉਣ ਲਈ ਤਿਆਰ ਹੈ ਜੇਕਰ ਸਰਕਾਰ ਸਾਨੂੰ ਜਗ੍ਹਾ ਦਾ ਪ੍ਰਬੰਧ ਕਰਕੇ ਦੇਵੇ। ਇਹ ਸਾਰੀ ਗੱਲਬਾਤ ਬੜੇ ਉੱਚ ਪੱਧਰ ਤੇ ਹੋਈ ਜਿਸ ਵਿੱਚ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਣਾ ਸੰਨਾ ਉੱਲਾ ਸੀਨੀਅਰ ਕਾਨੂੰਨ ਮੰਤਰੀ, ਖਲੀਲ ਤਾਹਿਰ ਸੰਧੂ ਘੱਟ ਗਿਣਤੀ ਤੇ ਮਨੁੱਖੀ ਅਧਿਕਾਰ ਮੰਤਰੀ, ਰਾਣਾ ਇਸ਼ਫਾਕ ਸਰਵਰ ਲੇਬਰ ਮੰਤਰੀ, ਨਦੀਮ ਕਾਮਰਾਨ ਦਸਵੰਧ ਮੰਤਰੀ, ਰਾਣਾ ਮੁਹੰਮਦ ਅਸ਼ਰਦ ਪਾਰਲੀਮਾਨੀ ਸਕੱਤਰ ਕਲਚਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਕਿਲੇ ਸਮੇਤ ਸਾਰੇ ਵਿਸ਼ਿਆਂ ਬਾਰੇ ਗੱਲਬਾਤ ਕੀਤੀ ਹੈ। ਉਥੋਂ ਦੀ ਸਰਕਾਰ ਦਾ ਸਾਡੀਆਂ ਮੰਗਾਂ ਪ੍ਰਤੀ ਬੜਾ ਸਕਾਰਤਮਕ ਰਵਈਆ ਸੀ ਤੇ ਸਾਡੇ ਵੱਲੋਂ ਰੱਖੇ ਸਾਰੇ ਮਸਲਿਆਂ ਨੂੰ ਧਿਆਨ ਨਾਲ ਸੁਣਿਆਂ ਹੈ ਤੇ ਇਨ੍ਹਾਂ ਨੂੰ ਹਲ ਕਰਨ ਦਾ ਭਰੋਸਾ ਦਿਤਾ ਹੈ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਔਕਾਫ ਬੋਰਡ ਦੇ ਚੇਅਰਮੈਨ ਨਾਲ ਅਤੇ ਉਥੋਂ ਦੀ ਮਨਿਸਟਰੀ ਨਾਲ ਵਿਸਥਾਰ ਸਹਿਤ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਮੁਖ ਮੰਤਰੀ ਸਾਹਿਬ ਦੇ ਚੀਨ ਦੌਰੇ ਤੋਂ ਵਾਪਸ ਆਉਂਦਿਆਂ ਹੀ ਇਸ ਮਸਲੇ ਤੇ ਗੱਲਬਾਤ ਕਰਕੇ ਸ਼੍ਰੋਮਣੀ ਕਮੇਟੀ ਦੀ ਸੁਪਰਮੇਸੀ ਨੂੰ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਥੋਂ ਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦਾ ਸਵਾਲ ਹੈ ਇਸ ਬਾਰੇ ਮੇਰੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸੰਗਤਾਂ ਨਾਲ ਵਿਚਾਰ ਹੋਈ ਹੈ ਤੇ ਉਥੋਂ ਦੀਆਂ ਸੰਗਤਾਂ ਨੇ ਜੈਕਾਰੇ ਬੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਪੇਸ਼ਾਵਰ ਤੇ ਸਿੰਧ ਦੀਆਂ ਸੰਗਤਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਦਿਹਾੜੇ ਮਨਾਉਣ ਬਾਰੇ ਕਿਹਾ ਹੈ ਅਤੇ ਸੰਗਤਾਂ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਮਰਪਿਤ ਹਨ ਤੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 1 ਜੂਨ ਨੂੰ ਹੀ ਮਨਾਉਣਗੀਆਂ। ਅਖੀਰ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸੱਦੇ ਤੇ ਪਾਕਿਸਤਾਨ ਗਏ ਸਨ ਤੇ ਉਥੋਂ ਦੇ ਮੁੱਖ ਮੰਤਰੀ, ਮੰਤਰੀ ਸਾਹਿਬਾਨ, ਸਾਰੇ ਐਮ.ਪੀ.ਏ. ਸਾਹਿਬਾਨ, ਸ. ਮਸਤਾਨ ਸਿੰਘ ਤੇ ਬਾਬਾ ਸ਼ਾਮ ਸਿੰਘ ਸਾਬਕਾ ਪ੍ਰਧਾਨ ਪਾਕਿਸਤਾਨ ਗੁਰਦੁਆਰਾ ਕਮੇਟੀ ਤੋਂ ਇਲਾਵਾ ਸ. ਰਮੇਸ਼ ਸਿੰਘ ਅਰੋੜਾ ਐਮ.ਐਲ.ਏ. ਤੇ ਸ. ਰਮੇਸ ਸਿੰਘ ਤੋਂ ਇਲਾਵਾ ਉਥੋਂ ਦੀਆਂ ਸੰਗਤਾਂ ਵੱਲੋਂ ਮਿਲੇ ਮਾਨ-ਸਨਮਾਨ ਤੇ ਪਿਆਰ ਬਦਲੇ ਤਹਿ ਦਿਲੋਂ ਧੰਨਵਾਦ ਕਰਦੇ ਹਨ।