Friday, November 22, 2024

ਫੌਜੀ ਹਮਲੇ ਤੋਂ ਬਾਅਦ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ

ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਸਾਰ ਵਿਚ ਇਤਿਹਾਸ ਅਤੇ ਪੁਰਾਤਨ ਇਤਿਹਾਸਕ ਖਰੜਿਆਂ ਦੀ ਸਾਂਭ-ਸੰਭਾਲ ਕਰਨ ਲਈ ਲਾਇਬ੍ਰੇਰੀਆਂ ਦੀ ਮੁੱਖ ਭੂਮਿਕਾ ਰਹੀ ਹੈ।ਪੁਰਾਣੇ ਸਮੇਂ ਵਿਚ ਸਿੱਖਿਆ ਦਾ ਪਸਾਰ ਗੁਰਦੁਆਰਿਆਂ, ਮਦਰੱਸਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿਖੇ ਕੀਤਾ ਜਾਂਦਾ ਸੀ।ਇਨ੍ਹਾਂ ਪੁਰਾਤਨ ਸਿੱਖਿਆ ਸੰਸਥਾਵਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ।ਜਦੋਂ ਤੋਂ ਸਮਾਜ ਵਿਚ ਇਤਿਹਾਸ ਲਿਖਣ ਅਤੇ ਇਤਿਹਾਸਕ ਗ੍ਰੰਥ ਹੋਂਦ ਵਿਚ ਆਏ ਹਨ ਉਦੋਂ ਤੋਂ ਹੀ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ ਹਨ। Sikh Reference Library
ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹੋਂਦ ਵਿਚ ਲਿਆਉਣ ਲਈ ਸਿੱਖਾਂ ਨੂੰ ਵੱਡੀ ਮਿਹਨਤ ਕਰਨੀ ਪਈ ਇਸ ਲਾਇਬ੍ਰੇਰੀ ਵਿਚ ਸਿੱਖ ਇਤਿਹਾਸ ਨਾਲ ਸਬੰਧਿਤ ਅਨਮੋਲ, ਦੁਰਲੱਭ ਪੁਸਤਕਾਂ ਦੀ ਗਿਣਤੀ ਕੋਈ 13 ਹਜ਼ਾਰ ਤੋਂ ਉੱਪਰ ਸੀ, ਜਦੋਂ ਇਸ ਨੂੰ 1984 ਈ. ਦੇ ਫੌਜੀ ਹਮਲੇ ਸਮੇਂ ਅੱਗ ਲਾ ਕੇ ਤਬਾਹ ਕਰ ਦਿੱਤਾ ਗਿਆ।(1984 ਈ. ਦੇ ਫੌਜੀ ਹਮਲੇ ਸਮੇਂ ਭਾਰਤੀ ਫੌਜ ਦੁਆਰਾ ਲਾਇਬ੍ਰੇਰੀ ਦੇ ਸਮੁੱਚੇ ਸਰਮਾਏ ਨੂੰ ਇੱਥੋਂ ਚੁੱਕ ਲਿਆ ਗਿਆ) ਵਰ੍ਹਿਆ ਬੱਧੀ ਕੌਮੀ ਵਿਦਵਾਨਾਂ ਵੱਲੋਂ ਕੀਤੀ ਗਈ ਮਿਹਨਤ ਸਾੜ ਕੇ ਕੁਝ ਪਲਾਂ ਵਿਚ ਰਾਖ ਕਰ ਦਿੱਤੀ, ਜੋ ਅੱਧ-ਪੁਚੱਧਾ ਸੜਨ ਤੋਂ ਬਚਿਆ ਉਹ ਸਰਕਾਰ ਚੁੱਕ ਕੇ ਲੈ ਗਈ ਜਿਸ ਵਿਚ 12,613 ਪੁਸਤਕਾਂ ਤੇ 512 ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਸਨ।ਸਿੱਖ ਵਿਰਸਾ ਆਪਣੇ ਦੇਸ਼ ਵਿਚ ਹੀ ਆਪਣਿਆਂ ਹੱਥੋਂ ਲੁੱਟਿਆ ਪੁੱਟਿਆ ਗਿਆ।
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਇਤਿਹਾਸ ਬਾਰੇ ਜਾਨਣਾ ਹੋਵੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਇਤਿਹਾਸ 1920-21 ਈ. ਵਿਚ ਹੀ ਸ਼ੁਰੂ ਹੋ ਗਿਆ ਸੀ, ਜਦੋਂ ਵਿਦਵਾਨਾਂ ਦੁਆਰਾ ਸਿੱਖ ਸਾਹਿਤ ਨੂੰ ਕਿਸੇ ਕੇਂਦਰੀ ਜਗ੍ਹਾ ਤੇ ਇਕੱਠਾ ਕਰਨ ਬਾਰੇ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਪ੍ਰੰਤੂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਹੋਂਦ ਵਿਚ ਲਿਆਉਣ ਲਈ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਸਾਹਿਬਜ਼ਾਦੀ ਬੰਬਾ ਸਦਰਲੈਂਡ ਅਤੇ ਸਿੱਖ ਵਿਦਵਾਨਾਂ ਜਿਨ੍ਹਾਂ ਵਿਚ ਕਰਮ ਸਿੰਘ ਹਿਸਟੋਰੀਅਨ, ਬਾਵਾ ਬੁੱਧ ਸਿੰਘ, ਪ੍ਰਿੰ. ਤੇਜਾ ਸਿੰਘ, ਕਰਮ ਸਿੰਘ ਜ਼ਖਮੀ ਅਤੇ ਡਾ. ਗੰਡਾ ਸਿੰਘ ਦੀ ਮੁੱਖ ਭੂਮਿਕਾ ਰਹੀ ਹੈ।
ਸਿੱਖਾਂ ਵੱਲੋਂ ਆਪਣੇ ਇਤਿਹਾਸ ਨੂੰ ਵਿਧੀਬੱਧ ਤਰੀਕੇ ਨਾਲ ਸੰਭਾਲਣ ਲਈ ਪਹਿਲ ਕਦਮੀ ਸ. ਕਰਮ ਸਿੰਘ ਹਿਸਟੋਰੀਅਨ ਨੇ ਕੀਤੀ।ਪਰ ਉਨ੍ਹਾਂ ਦੇ ਜਲਦ ਹੀ ਸਵਰਗਵਾਸ ਹੋ ਜਾਣ ਕਾਰਨ ਇਸ ਕਾਰਜ ਵਿਚ ਖੜੋਤ ਆ ਗਈ।ਮੁੜ ਬਾਵਾ ਬੁੱਧ ਸਿੰਘ ਨੇ ਹੌਂਸਲਾ ਕੀਤਾ ਅਤੇ ਲਾਹੌਰ ਵਿਚ ਸਿੱਖ ਇਤਿਹਾਸਕਾਰਾਂ ਦੀ ਸੁਸਾਇਟੀ ਬਣਾਈ, ਪਰ ਇਹ ਸੁਸਾਇਟੀ ਅਜੇ ਜਥੇਬੰਧਕ ਹੋ ਰਹੀ ਸੀ ਕਿ ਬਾਵਾ ਬੁੱਧ ਸਿੰਘ ਦੀ ਮੌਤ ਹੋ ਗਈ ਅਤੇ ਇਹ ਸੰਸਥਾ ਖੇਰੂੰ-ਖੇਰੂੰ ਹੋ ਗਈ।
20 ਫਰਵਰੀ 1945 ਈ. ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਮੁੜ ਸਿੱਖ ਇਤਿਹਾਸਕਾਰਾਂ ਦੀ ਇਕ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਮਹਾਰਾਜਾ ਦਲੀਪ ਸਿੰਘ ਦੀ ਸਪੁੱਤਰੀ ਸਹਿਜ਼ਾਦੀ ਬੰਬਾ ਸਦਰਲੈਂਡ ਨੇ ਕੀਤੀ।ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਿੱਖ ਇਤਿਹਾਸਕਾਰਾਂ ਦੇ ਅਧਾਰਤ ‘ਸਿੱਖ ਹਿਸਟਰੀ ਸੁਸਾਇਟੀ’ ਕਾਇਮ ਕੀਤੀ ਜਾਵੇ ਜੋ ਸਿੱਖ ਇਤਿਹਾਸ ਨੂੰ ਲਿਖਣ ਲਈ ਨਿਗਰ ਕਦਮ ਚੁੱਕੇ।ਛੇਤੀ ਹੀ ਇਤਿਹਾਸ ਵਿਚ ਨਵੀਂ ਇਤਿਹਾਸਕਾਰੀ ਨੇ ਜਨਮ ਲਿਆ ਜਿਸ ਦੇ ਅੰਤਰਗਤ ਹਰ ਘਟਨਾ ਨੂੰ ਤਰਕ ਦੇ ਅਧਾਰ ਤੇ ਪਰਖਿਆ ਜਾਣ ਲੱਗਾ। ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਵਿਦਿਵਾਨਾਂ ਨੇ ਇਤਿਹਾਸ ਵਿੱਚੋਂ ਮਿਥਿਹਾਸ ਨੂੰ ਅਲੱਗ ਕਰਨਾ ਸ਼ੁਰੂ ਕੀਤਾ ਅਤੇ ਸਿੱਖੀ ਵਿਚਾਰਧਾਰਾ ਨੂੰ ਸਰਬ ਵਿਆਪੀ ਮੰਨਦੇ ਹੋਏ ਕਈ ਕਤਾਬਚੇ ਰਚੇ।ਪਰ ਇਹਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਕੋਈ ਕੇਂਦਰ ਬਿੰਦੂ ਨਜ਼ਰ ਨਹੀਂ ਸੀ ਆ ਰਿਹਾ।
20 ਅਪ੍ਰੈਲ 1945 ਈ. ਨੂੰ ਸਿੱਖ ਬੋਰਡ ਆਫ ਕੰਟਰੋਲ ਦੀ ਇਕੱਤਰਤਾ ਦੀ ‘ਤੇਜਾ ਸਿੰਘ ਸਮੁੰਦਰੀ’ ਹਾਲ ਵਿਚ ਪਲੇਠੀ ਇਕੱਤਰਤਾ ਹੋਈ, ਇਸ ਇਕੱਤਰਤਾ ਦਾ ਮੁੱਖ ਏਜੰਡਾ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਮੁੱਚਾ ਇਤਿਹਾਸ ਲਿਖਿਆ ਜਾਵੇ।ਇਸ ਸੁਸਾਇਟੀ ਵੱਲੋਂ ਇਸ ਕਾਰਜ ਲਈ ਡਾ. ਗੰਡਾ ਸਿੰਘ ਤੇ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ।ਵਿਧੀਬੱਧ ਤਰੀਕੇ ਨਾਲ ਪੰਥਕ ਡਾਇਰੀ ਤਿਆਰ ਕਰਨ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਹੋਇਆ-ਇਹ ਕੰਮ ਵੀ ਕੁੱਝ ਗਿਣੇ ਮਿਥੇ ਵਿਦਵਾਨਾਂ ਦੇ ਹਵਾਲੇ ਕੀਤਾ ਗਿਆ।ਇਸੇ ਕਾਰਨ ਦੌਰਾਨ ਹੀ ਸਿੱਖ ਵਿਦਵਾਨਾਂ ਨੇ ਮਹਿਸੂਸ ਕੀਤਾ ਸੈਂਟਰਲ ਸਿੱਖ ਲਾਇਬ੍ਰੇਰੀ ਕਾਇਮ ਕੀਤੀ ਜਾਵੇ, ਜਿਸ ਵਿਚ ਉਹ ਸਾਰੀ ਸਾਹਿਤ ਸਮੱਗਰੀ ਇਕੱਤਰ ਕੀਤੀ ਜਾਵੇ, ਜਿਸ ਦਾ ਸਬੰਧ ਸਿੱਖ ਇਤਿਹਾਸ, ਧਰਮ, ਸਮਾਜ ਅਤੇ ਦਰਸ਼ਨ ਨਾਲ ਹੋਵੇ।ਸਿੱਖ ਹਿਸਟਰੀ ਸੁਸਾਇਟੀ ਦੀ ਸਲਾਹ ਦੇ ਕੇ ਉਪਰੋਕਤ ਕਾਰਜ ਦੀ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਆਪਣੇ ਮਤਾ ਨੰਬਰ 490, ਮਿਤੀ 20-04-45 ਰਾਹੀਂ ਸੈਂਟਰਲ ਸਿੱਖ ਲਾਇਬ੍ਰੇਰੀ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ।ਨਾਲ ਹੀ ਸੁਸਾਇਟੀ ਨੂੰ ਬੇਨਤੀ ਕੀਤੀ ਕਿ ਕੇਂਦਰੀ ਸਿੱਖ ਲਾਇਬ੍ਰੇਰੀ ਲਈ ਸਮੱਗਰੀ ਇਕੱਠੀ ਕੀਤੀ ਜਾਵੇ ਹੋਣ ਵਾਲਾ ਸਾਰਾ ਖਰਚ ਸ਼੍ਰੋਮਣੀ ਕਮੇਟੀ ਆਪਣੇ ਸਿਰ ਲੈਂਦੀ ਹੈ, ਨਾਲ ਹੀ ਇਹ ਵੀ ਵਿਚਾਰ ਪੁਖਤਾ ਹੋਈ ਕਿ ਆਰਜੀ ਤੌਰ ‘ਤੇ ਗੁਰੂ ਰਾਮਦਾਸ ਨਿਵਾਸ ਦੇ ਇਕ ਹਾਲ ਵਿਚ ਪੁਸਤਕਾਂ, ਦਸਤਾਵੇਜ ਤੇ ਹੋਰ ਲੋੜੀਂਦੀ ਸਮੱਗਰੀ ਰੱਖ ਲਈ ਜਾਵੇ, ਇਸ ਦੀ ਦੇਖਭਾਲ ਲਈ ਲਾਇਬ੍ਰੇਰੀਅਨ ਅਤੇ ਵਿਦਵਾਨ ਪੱਕੇ ਤੌਰ ’ਤੇ ਨਿਯੁੱਕਤ ਕਰ ਲਏ ਜਾਣ।
ਮੁੜ ਛੇਤੀ ਹੀ ਆਮ ਲਾਇਬ੍ਰੇਰੀਆਂ ਨਾਲੋਂ ਇਸ ਲਾਇਬ੍ਰੇਰੀ ਨੂੰ ਨਖੇੜ ਕੇ ‘ਸੈਂਟਰਲ ਸਿੱਖ ਲਾਇਬ੍ਰੇਰੀ’ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਆਟਾ ਮੰਡੀ ਬਾਹੀ (ਦੱਖਣੀ ਵੱਲ) ਪਰਿਕਰਮਾਂ ਵੱਲ ਮੁੱਖ ਦੁਆਰ ਉੱਪਰ ਬਣੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਹਾਲ ਵਿਖੇ ਤਬਦੀਲ ਕਰਨ ਉਪਰੰਤ ਇਸ ਦਾ ਨਾਮ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਰੱਖਿਆ ਗਿਆ ਤਾਂ ਜੋ ਇਸ ਲਾਇਬ੍ਰੇਰੀ ਦੀਆਂ ਪੁਸਤਕਾਂ ਬਾਹਰ ਨਾ ਜਾ ਸਕਣ, ਪਰ ਗੁਰੂ ਰਾਮਦਾਸ ਨਿਵਾਸ ਹਾਲ ਵਿਚ ਲਾਇਬ੍ਰੇਰੀ ਉਵੇਂ ਹੀ ਚੱਲਦੀ ਰਹੀ।ਪਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਲਈ ਸਪੱਸ਼ਟ ਕਰ ਦਿੱਤਾ ਗਿਆ ਕਿ ਇਹ ਰੈਫ਼ਰੈਂਸ ਲਈ ਹੀ ਹੋਵੇਗੀ, ਇੱਥੋਂ ਦੀਆਂ ਪੁਸਤਕਾਂ (ਹਵਾਲੇ ਨੋਟ ਕਰਨ) ਲਈ ਕੇਵਲ ਇਥੇ ਹੀ ਵਰਤੀਆ ਜਾ ਸਕਣਗੀਆਂ, ਲਾਇਬ੍ਰੇਰੀ ਤੋਂ ਬਾਹਰ ਨਹੀਂ ਲਿਜਾਈਆਂ ਜਾ ਸਕਦੀਆਂ।
ਸਿੱਖ ਹਿਸਟਰੀ ਸੁਸਾਇਟੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਲਈ ਕੰਮ ਬੜੇ ਉਤਸ਼ਾਹ ਨਾਲ ਅਰੰਭਿਆ ਗਿਆ।ਸੁਸਾਇਟੀ ਵੱਲੋਂ 1950 ਈ. ਵਿਚ ਛਾਪੇ ਆਪਣੇ ਇਤਿਹਾਸਕ ਪੱਤਰ ਸੈਂਚੀ ਅੰਕ 4 ਅਨੁਸਾਰ ਲਾਇਬ੍ਰੇਰੀ ਵਿਚ 2,335 ਪੰਜਾਬੀ ਪੁਸਤਕਾਂ, ਹੱਥ ਲਿਖਤ 10 ਅਸਾਮੀ, 2 ਬੰਗਾਲੀ ਤੇ 2 ਸਿੰਧੀ ਪੁਸਤਕਾਂ ਉਪਲੱਬਧ ਸਨ। ਇਤਿਹਾਸਕ ਪੱਤਰ 1950 ਅਨੁਸਾਰ ਸੈਂਚੀ 2, ਅੰਕ 3, ਆਧਾਰਿਤ ਇਸ ਲਾਇਬ੍ਰੇਰੀ ਵਿਚ 1548 ਅੰਗਰੇਜੀ ਲਿਪੀ ਵਿਚ ਪੁਸਤਕਾਂ ਸਮੇਤ ਗਜ਼ਟੀਅਰ ਸਨਦਾਂ ਅਤੇ ਇਕ ਫਰੈਂਚ ਪੁਸਤਕ ਹੋਰ ਸ਼ਾਮਿਲ ਕੀਤੀਆਂ ਗਈਆਂ।1951 ਈ. ਵਿਚ ਉਪਰੋਕਤ ਸੈਂਚੀ ਅੰਕ ਅਨੁਸਾਰ ਹੀ ਅੰਗਰੇਜੀ ਦੀਆਂ ਲੱਗਭਗ 400 ਤੇ ਫਰੈਚ ਦੀ ਇਕ ਹੋਰ ਪੁਸਤਕ ਸ਼ਾਮਿਲ ਹੋ ਗਈ। ਜਿਵੇਂ ਮੈਂ ਪਹਿਲਾਂ ਜਿਕਰ ਕੀਤਾ ਹੈ ਇਸ ਲਾਇਬ੍ਰੇਰੀ ਵਿਚ ਚੰਗੇ ਵਿਦਵਾਨਾਂ ਨੇ ਪੂਰੀ ਮੇਹਨਤ ਨਾਲ ਸੇਵਾ ਕੀਤੀ ਹੈ।ਇਥੇ ਅਸ਼ੋਕ ਜੀ ਤੋਂ ਇਲਾਵਾ ਗਿਆਨੀ ਜੰਗ ਸਿੰਘ ਪ੍ਰਿੰ: ਐਸ ਐਸ ਅਮੋਲ, ਡਾ. ਦੇਵਿੰਦਰ ਸਿੰਘ ਵਿਦਿਆਰਥੀ, ਪ੍ਰਿੰ: ਸੁਰਜੀਤ ਸਿੰਘ ਗਾਂਧੀ, ਡਾ. ਦੇਵਿੰਦਰ ਸਿੰਘ ਦੁੱਗਲ, ਡਾ. ਹਰਜਿੰਦਰ ਸਿੰਘ ਦਿਲਗੀਰ, ਪ੍ਰਿੰ: ਸੁਲੱਖਣ ਸਿੰਘ ਮੀਤ ਆਦਿ ਵਿਦਿਵਾਨਾਂ ਨੇ ਖੋਜ ਨਾਲ ਸਬੰਧਤ ਕਾਰਜ ਕੀਤੇ।ਪਰ ਡਾ. ਦਿਲਗੀਰ ਨੇ ਕੁੱਝ ਸਮੇਂ ਵਿਚ ਹੀ ਦੁਬਾਰਾ ਛਪਾਈ ਤੇ ਕੁੱਝ ਖੋਜ ਨਾਲ ਸਬੰਧਤ ਪੁਸਤਕਾਂ ਛਪਵਾਈਆਂ।ਉਸ ਤੋਂ ਬਾਅਦ ਇਸ ਲਾਇਬ੍ਰੇਰੀ ਨੂੰ ਕੋਈ ਖੋਜੀ ਵਿਦਿਵਾਨ ਨਹੀਂ ਮਿਲ ਸਕਿਆ। ਇਸ ਲਾਇਬ੍ਰੇਰੀ ਦੀ ਅਢੁਕਵੀਂ ਜਗਾ ਹੋਣ ਕਾਰਨ ਖੋਜ ਕਰਤਾਵਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਵਾਰ ਜਗ੍ਹਾ ਢੁਕਵੀਂ ਥਾਂ ਤੇ ਤਬਦੀਲ ਕਰਨ ਲਈ ਫੈਸਲੇ ਲਏ ਗਏ ਹਨ। ਗੁਰੂ ਮੇਹਰ ਕਰੇ ਇਸ ਨੂੰ ਨਵਾਂ ਸਰੂਪ ਮਿਲ ਸਕੇ।
1968 ਈ. ਵਿਚ ਪ੍ਰਸਿੱਧ ਇਤਿਹਾਸਕਾਰ ਸ੍ਰ. ਸ਼ਮਸ਼ੇਰ ਸਿੰਘ ਅਸ਼ੋਕ ਨੇ ‘ਸਾਡਾ ਹੱਥ ਲਿਖਤ ਪੰਜਾਬੀ ਸਾਹਿਤ’ ਨਾਮੀ ਪੁਸਤਕ ਲਿਖੀ ਸੀ।ਜਿਸ ਅਨੁਸਾਰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ 382 ਹੱਥ ਲਿਖਤਾਂ ਸਨ ਜੋ 950 ਵਿਸ਼ਿਆਂ ਨਾਲ ਸਬੰਧ ਰੱਖਦੀਆਂ ਸਨ।ਇਹਨਾਂ ਵਿਚ ਗੁਰੂ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਅਨੇਕਾਂ ਹੁਕਮਨਾਮੇ ਸ਼ਾਮਿਲ ਨਹੀਂ ਹਨ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੀਆਂ 40 ਹੱਥ ਲਿਖਤਾਂ ਬੀੜਾਂ ਸ਼ਾਮਲ ਹਨ।ਇਹਨਾਂ ਬੀੜਾਂ ਵਿਚ ਇਕ ਦੁਰਲੱਭ ਬੀੜ ਸੀ ਜਿਸ ਨੂੰ ਭਾਈ ਗੁਰਦਾਸ ਜੀ ਵਾਲੀ ਪ੍ਰਸਿੱਧ ਬੀੜ ਕਹਿੰਦੇ ਹਨ ਅਤੇ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੇ ਹੱਥ ਲਿਖਤ ਮੂਲਮੰਤਰ ਪੱਤਰ ਸ਼ਾਮਿਲ ਸੀ।
ਕਈ ਦੁਰਲੱਭ ਦਸਤਾਵੇਜ਼ਾਂ ਜਿਨ੍ਹਾਂ ਵਿਚ ਆਦਿ ਗ੍ਰੰਥ ਦੀਆਂ ਕਰਤਾਰਪੁਰੀ ਬੀੜ ਦੇ ਕੁੱਝ ਅਨੁਪਮ ਉਤਾਰੇ। ਮਾਂਗਟ ਵਾਲੀ ਖਾਰੀ ਬੀੜ ਦੀਆਂ ਸੰਨ-ਸੰਮਤ ਵਾਰ ਬਹੁਤ ਸਾਰੀਆਂ ਦੁਰਲੱਭ ਹੱਥ ਲਿਖੀਆਂ ਪੱਤਰੀਆਂ ਸਨ।ਇਸੇ ਤਰ੍ਹਾਂ ਕਈ ਕੁ ਦਮਦਮੀ ਬੀੜ ਦੇ ਦੋ ਅਜਿਹੇ ਨਾਯਾਬ ਨੁਸਖੇ, ਜਿਨ੍ਹਾਂ ਵਿਚ ਇਕ ਤਾਂ ਸੰਮਤ 1739 ਬਿਕਰਮੀ ਦਾ ਉਹ ਹੱਥ-ਲਿਖਤ ਨੁਸਖਾ ਸੀ, ਜੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਦਿ ਸਿੰਘਾਸਨ ਦਮਦਮਾ ਸਾਹਿਬ ਦੇ ਸਥਾਨ ਪਰ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪੂਰੇ ਪੰਜ ਸਾਲ ਬਾਅਦ ਉਨ੍ਹਾਂ ਦੀ ਬਾਣੀ ਆਪਣੇ ਹੱਥੀਂ ਚਾੜ੍ਹ ਕੇ ਤਿਆਰ ਕਰਵਾਇਆ ਸੀ ਤੇ ਉਸ ਬੀੜ ਉਤੇ, ਜਿਵੇਂ ਕਿ ਤਤਕਰੇ ਦੇ ਨਾਲ ਹੀ ਉਸ ਦੇ ਤਿਆਰ ਕਰਨ ਦਾ ਸੰਮਤ 1739 ਬਿ: ਲਿਖਿਆ ਹੋਇਆ ਸੀ ਤੇ ਦੂਜਾ ਦਮਦਮੀ ਬੀੜ ਦਾ ਉਹ ਨੁਸਖਾ ਸੀ ਜੋ ਸੰਨ 1948-49 ਈ. ਵਿਚ ਸਰਦਾਰ ਗਿਆਨ ਸਿੰਘ ਜੀ ਮੁੱਖ ਮੰਤਰੀ ਪਟਿਆਲਾ ਦੇ ਯਤਨ ਨਾਲ ਸ੍ਰੀ ਦਮਦਮਾ ਸਾਹਿਬ ਸਾਬ੍ਹੋ ਤੋਂ ਬੜਾ ਤਰੱਦਦ ਕਰਕੇ ਹਾਸਲ ਕੀਤਾ ਹੋਇਆ ਸੀ, ਇਸ ਦੇ ਅੰਤ ਵਿਚ ਰਾਗਮਾਲਾ ਨਹੀਂ ਸੀ।
ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਭਾਈ ਹਰਦਾਸ ਲਿਖਾਰੀ ਦੀ ਬੀੜ ਇਸ ਸਬੰਧ ਵਿਚ ਇਕ ਹੋਰ ਵੀ ਅਨੁਪਮ ਨਮੂਨਾ ਪੇਸ਼ ਕਰਦੀ ਸੀ।ਇਨ੍ਹਾਂ ਹੱਥ ਲਿਖਤ ਬੀੜਾਂ ਦੇ ਮੁਕੰਮਲ ਵੇਰਵੇ ਜਿਨ੍ਹਾਂ ਦੇ ਨਾਲ 500 ਤੋਂ ਕੁਝ ਉੱਪਰ ਹੱਥ ਲਿਖੀਆਂ ਬੀੜਾਂ ਦੇ ਹੋਰ ਵੇਰਵੇ ਵੀ ਸਨ। ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ 1964 ਈ. ਤੋਂ 1981 ਈ. ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਿਚ ਸੇਵਾ ਕੀਤੀ।ਉਸ ਨੇ ਖੋਜ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ ਦੀ ਸੂਚੀ ਦੇ ਰੂਪ ਵਿਚ ਲਗਭਗ 450 ਸਫਿਆਂ ਦੇ ਕ੍ਰਮਵਾਰ ਅੰਕਿਤ ਕੀਤੇ ਸਨ।ਇਹ ਖੋਜ-ਪੁਸਤਕ ਦਾ ਵੇਰਵਾ ਸੰਨ 1983 ਈ. ਵਿਚ ਛਪੀ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾ ਇਤਿਹਾਸ (1920-1976 ਈ.) ਦੀ ਭੂਮਿਕਾ ਵਿਚ ਦਿੱਤਾ ਹੋਇਆ ਹੈ, ਛਪਣ ਲਈ ਤਿਆਰ ਸੀ, ਪਰ ਇਸਦਾ ਹੱਥ ਲਿਖਤ ਖਰੜਾ ਵੀ ਹੋਰ ਹੱਥ ਲਿਖਤਾਂ ਦੇ ਨਾਲ ਹੀ 4 ਜੂਨ ਤੋਂ 7 ਜੂਨ 1984 ਈ. ਦੇ ਫੌਜੀ ਹਮਲੇ ਸਮੇਂ ਭਾਰਤੀ ਫੌਜ ਦੁਆਰਾ ਚੁੱਕ ਲਿਆ ਗਿਆ।
ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਦੇ ਨਾਲ ਹੀ ਸ੍ਰੀ ਦਸਮ ਗ੍ਰੰਥ ਜੀ ਦੀਆਂ ਪਵਿੱਤਰ ਬੀੜਾਂ ਜਿਨ੍ਹਾਂ ਵਿਚ ਬਾਣੀਆਂ ਦੀਆਂ ਤਰਤੀਬਾਂ ਇਕ ਦੂਜੀ ਨਾਲ ਨਹੀਂ ਸੀ ਮਿਲਦੀ ਤੇ ਆਪਸ ਵਿਚ ਪਾਠਾਂ ਦੇ ਵੀ ਬਹੁਤ ਸਾਰੇ ਫਰਕ ਸਨ, ਇਸੇ ਸ੍ਰੀ ਗੁਰੂ ਗ੍ਰੰਥ ਸੰਗ੍ਰਹਿ ਵਿਚ ਸ਼ਾਮਲ ਸਨ।ਅਸ਼ੋਕ ਜੀ ਦੀ ਤਜਵੀਜ਼ ਸੀ, ਇਨ੍ਹਾਂ ਬੀੜਾਂ ਦੀ ਵੇਰਵੇ ਸਹਿਤ ਇਕ ਪੁਸਤਕ ਸੂਚੀ ਜਿਵੇਂ ਕਿ ਪੰਜਾਬੀ ਹੱਥ ਲਿਖਤਾਂ ਦੀ ਸੂਚੀ ਵਾਂਗ ਤਿਆਰ ਕੀਤੀ ਸੀ, ਇਕ ਪੁਸਤਕ ਦੀ ਸ਼ਕਲ ਵਿਚ ਛਾਪ ਕੇ ਫੇਰ ਇਨ੍ਹਾਂ ਸਾਰੀਆਂ ਹੀ ਬੀੜਾਂ ਦਾ ਇਕ ਵੱਖ ਵਿਸ਼ਾਲ ਅਜਾਇਬ ਘਰ ਬਣਾਇਆ ਜਾਵੇ।ਇਸ ਲਾਇਬ੍ਰੇਰੀ ਦੀ ਸੋਭਾ ਬਣੀਆਂ ਹੋਈਆਂ ਸਨ ਇਸ ਵਿਚ ਹੱਥ ਲਿਖਤ ਖਰੜੇ, ਹੁਕਮਨਾਮੇ, ਪਟੇ, ਸਨਦਾਂ, ਪੁਰਾਤਨ ਤਸਵੀਰਾਂ, ਛਪੀਆਂ ਪੁਸਤਕਾਂ ਅਤੇ ਸਿੱਖ ਯਾਦਗਾਰਾਂ ਜਿਨ੍ਹਾਂ ਵਿਚ ਪੁਰਾਤਨ ਸਿੰਘਾਂ ਦੇ ਵਸਤਰ, ਹਥਿਆਰ, ਤਸਵੀਰਾਂ ਛਪੀਆਂ ਨੂੰ ਜਾਣ ਬੁਝ ਜਨੂੰਨੀ ਫੌਜੀ ਅਫਸਰਾਂ ਵੱਲੋਂ 1984 ਈ. ਦੇ ਫੌਜੀ ਹਮਲੇ ਸਮੇਂ ਸਾੜ ਦਿੱਤਾ ਗਿਆ।
ਪਿਛਲੇ ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਪੁਨਰਗਠਨ ਲਈ ਚੰਗੇ ਉਪਰਾਲੇ ਕੀਤੇ ਗਏ ਹਨ, ਅਖਬਾਰਾਂ ਰਾਹੀਂ ਅਪੀਲਾਂ ਕਰਕੇ ਇਸ ਲਾਇਬ੍ਰੇਰੀ ਲਈ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਫਲਸਫੇ ਨਾਲ ਸਬੰਧਿਤ ਸਰੋਤ ਸਮੱਗਰੀ ਵੱਡੇ ਪੱਧਰ ’ਤੇ ਇਕੱਠੀ ਕੀਤੀ ਜਾ ਰਹੀ ਹੈ। ਇਸੇ ਸੰਦਰਭ ਵਿਚ ਗੁਰਦੁਆਰਾ ਸਿੰਘ ਸਭਾ ਸ਼ਿਮਲਾ ਤੋਂ ਰਾਮਗੜ੍ਹੀਆ ਗਜ਼ਟ 1922 ਤੋਂ ਲਿਆਂਦੇ ਗਏ ਹਨ।ਪ੍ਰੋ. ਸੁਰਜੀਤ ਸਿੰਘ ਜੋ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਤਬਲੇ ਦੇ ਪ੍ਰੋਫੈਸਰ ਸਨ ਨੇ ਤਕਰੀਬਨ 4000 ਦੇ ਕਰੀਬ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਲਾਇਬ੍ਰੇਰੀ ਨੂੰ ਭੇਟ ਕੀਤੀਆਂ ਇਸੇ ਤਰ੍ਹਾਂ ਪ੍ਰੋ. ਪ੍ਰਕਾਸ਼ ਸਿੰਘ ਦੁਆਰਾ 450 ਦੇ ਕਰੀਬ ਪੁਸਤਕਾਂ ਲਾਇਬ੍ਰੇਰੀ ਨੂੰ ਦਿੱਤੀਆਂ।
ਸਿੱਖ ਧਰਮ ਦਰਸ਼ਨ ਅਤੇ ਇਤਿਹਾਸ ਸਬੰਧੀ ਕੇਂਦਰੀ ਅਤੇ ਪ੍ਰਾਂਤਕ ਗਿਆਤ ਅਗਿਆਤ ਅਸਥਾਨਾਂ ਵਿਚ ਮੌਜੂਦ ਸਮੱਗਰੀ ਦੀਆਂ ਫੋਟੋ ਕਾਪੀਆਂ ਪ੍ਰਾਪਤ ਕਰਨ ਲਈ ਯਤਨਸ਼ੀਲ ਹਾਂ।ਉਨ੍ਹਾਂ ਕਿਹਾ ਕਿ ਨਹਿਰੂ ਮਿਊਜ਼ੀਅਮ ਦਿੱਲੀ ਵਿਚ ਸਿੱਖਾਂ ਸਬੰਧੀ ਫਾਇਲਾਂ ਦੀਆਂ ਫੋਟੋ ਸਟੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆ ਲਾਇਬ੍ਰੇਰੀਆਂ ਵਿਚ ਹੱਥ ਲਿਖਤਾਂ ਦੇ ਉਤਾਰੇ ਪ੍ਰਾਪਤ ਕਰਨ ਲਈ ਯਤਨਸ਼ੀਲ ਹਾਂ।ਜਨਵਰੀ 1990 ਈ. ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ 4000 ਦੁਰਲੱਭ ਪੁਸਤਕਾਂ, 40 ਹੱਥ ਲਿਖਤਾਂ ਅਤੇ 18 ਫਾਰਸੀ ਦੀਆਂ ਪੁਸਤਕਾਂ ਇਕੱਤਰ ਕਰ ਲਈਆਂ ਗਈਆਂ ਸਨ।ਜਿਨ੍ਹਾਂ ਵਿਚ ਸੀਆਰੁਲ ਮੁਤਾਖਰੀਨ, ਮੁਆਸਰੇ ਆਲਮਗੀਰ ਅਤੇ ਮੁਨਸਤੁਖ ਖਿਲਲਬਾਬ ਵਰਗੀਆਂ ਦੁਰਲੱਭ ਪੁਸਤਕਾਂ ਸ਼ਾਮਲ ਹੋ ਗਈਆਂ ਹਨ।
1947 ਈ. ਤੋਂ ਬਾਅਦ ਸਿੱਖ ਇਤਿਹਾਸ ਨੂੰ ਲਿਖਵਾਉਣ ਵਾਸਤੇ ਉਚੇਚੇ ਯਤਨ ਕਰ ਰਹੇ ਹਾਂ ਸ੍ਰੋਤ ਪੁਸਤਕਾਂ ਗੁਰਬਿਲਾਸ ਪਾਤਸ਼ਾਹੀ ਛੇਵੀਂ, ਜੰਗਨਾਮਾ (ਕਾਜੀ ਨੂਰ ਮੁਹੰਮਦ) ਮੁੜ ਛਾਪੇ ਜਾਣਗੇ।ਲਾਇਬ੍ਰੇਰੀ ਦੇ ਰਿਕਾਰਡ ਅਨੁਸਾਰ ਹੁਣ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ 24,015 ਦੇ ਕਰੀਬ ਵੱਖ-ਵੱਖ ਵਿਸ਼ਿਆ ਦੀਆਂ ਦੁਰਲੱਭ ਪੁਸਤਕਾਂ 172 ਉਰਦੂ, 650 ਹਿੰਦੀ ਤੇ 18 ਫਾਰਸੀ, 13 ਗੁਜਰਾਤੀ, 2 ਮਰਾਠੀ, 3 ਕਸ਼ਮੀਰੀ, 2 ਸਿੰਧੀ, 9 ਚਾਈਨੀ, 2 ਸਪੇਨਿਸ਼, 2 ਬੰਗਾਲੀ, 3 ਇਟਾਲੀਅਨ, 2 ਕੋਰੀਅਨ, 2 ਸੰਸਕ੍ਰਿਤ, 1 ਤਾਮਿਲ ਦੀਆਂ ਇਹ ਕੁਲ 59 ਪੁਸਤਕਾਂ ਅਤੇ 493 ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, 66 ਹੱਥ ਲਿਖਤ ਸ੍ਰੀ ਦਸਮ ਗ੍ਰੰਥ ਅਤੇ 900 ਦੇ ਕਰੀਬ ਹੱਥ ਲਿਖਤ ਪੋਥੀਆਂ ਲਾਇਬ੍ਰੇਰੀ ਵਿਖੇ ਮੌਜੂਦ ਹਨ।ਇਸੇ ਤਰ੍ਹਾਂ ਦੀ ਟ੍ਰਿਬਿਊਨ ਅਖਬਾਰ 1927, 1934 ਤੋਂ 1946 ਤੇ ਫਿਰ 1990 ਤੋਂ 2008 ਤੀਕ ਦੀ ਇੰਡੀਅਨ ਐਕਸਪ੍ਰੈਸ 1934, ਦੀ ਹਿੰਦੋਸਤਾਨ ਟਾਈਮਜ਼ 1952, ਟਾਈਮਜ਼ ਆਫ਼ ਇੰਡੀਆ 1974, ਪੈਟਰੀਅਟ 1960, ਸਟੇਟਸਮੈਨ 1950, ਮਿਲਟਰੀ ਗਜ਼ਟ 1935 ਤੋਂ 1949, ਪ੍ਰਤਾਪ ਉਰਦੂ ਅਖਬਾਰ 1934 ਤੋਂ 1946, ਰੋਜਾਨਾ ਅਜੀਤ 1962 ਤੋਂ, ਰੋਜਾਨਾ ਜੱਗਬਾਣੀ 1981 ਤੋਂ, ਪੰਜਾਬੀ ਟ੍ਰਿਬਿਊਨ 1981 ਤੋਂ, ਰੋਜ਼ਾਨਾ ਅਕਾਲੀ ਪੱਤ੍ਰਿਕਾ 1947 ਤੋਂ, ਰੋਜਾਨਾ ਨਵਾਂ ਜ਼ਮਾਨਾ 1956, ਦੇਸ਼ ਸੇਵਕ 2003 ਤੋਂ, ਦੈਨਿਕ ਜਾਗਰਣ 2006 ਤੋਂ, ਦੈਨਿਕ ਭਾਸਕਰ 2006 ਤੋਂ ਮੌਜੂਦ ਹਨ। ਲਾਇਬ੍ਰੇਰੀ ਆਫ ਕਾਂਗਰਸ ਵਾਸ਼ਿੰਗਟਨ ਅਤੇ ਬ੍ਰਿਟਿਸ਼ ਮਿਊਜੀਅਮ ਲੰਡਨ ਤੋਂ ਵੀ ਸਿੱਖਾਂ ਸਬੰਧੀ ਪੁਸਤਕਾਂ ਦੀਆਂ ਸੂਚੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਹਰ ਪੱਖੋਂ ਅਧੁਨਿਕ ਤੇ ਵਿਰਸੇ ਪੱਖੋਂ ਅਮੀਰ ਬਣਾਉਣ ਲਈ ਤੇਜ਼ੀ ਨਾਲ ਯਤਨ ਜਾਰੀ ਹਨ। ਇਸ ਸਮੇਂ ਲਾਇਬ੍ਰੇਰੀ ਵਿਚ ਇੰਚਾਰਜ, 8 ਰਿਸਰਚ ਸਕਾਲਰ, ਇਕ ਸ/ ਲਾਇਬ੍ਰੇਰੀਅਨ, ਇਕ ਸੁਪਰਵਾਈਜਰ, ਤਿੰਨ ਕੰਪਿਊਟਰ ਉਪਰੇਟਰ, 5 ਸੇਵਾਦਾਰ ਸੇਵਾ ਨਿਭਾਅ ਰਹੇ ਹਨ। ਡਾ. ਗੰਡਾ ਸਿੰਘ ਦੀ ਸੰਪਾਦਨਾ ਹੇਠ ਸਿੱਖ ਹਿਸਟਰੀ ਸੁਸਾਇਟੀ ਵੱਲੋਂ ਇਤਿਹਾਸਕ ਪੱਤਰ 1947 ਤੋਂ 1953 ਤੀਕ ਪ੍ਰਕਾਸ਼ਿਤ ਹੁੰਦਾ ਰਿਹਾ ਹੈ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਮੁੱਚੇ ਰੀਕਾਰਡ ਪ੍ਰਤੀ ਰਿੀਸਰਚ ਸਕਾਲਰਾਂ ਨੂੰ ਜਾਣੂ ਕਰਵਾਉਣ ਲਈ ਲਾਇਬ੍ਰੇਰੀ ਨੂੰ ਆਨਲਾਈਨ ਕਰਨ ਲਈ ਡਿਜੀਟਾਈਜੇਸ਼ਨ ਦਾ ਕੰਮ ਚੱਲ ਰਿਹਾ ਹੈ।ਥੋੜ੍ਹੇ ਹੀ ਸਮੇਂ ਵਿਚ ਲਾਇਬ੍ਰੇਰੀ ਦੇ ਸਮੁੱਚੇ ਰਿਕਾਰਡ ਨੂੰ ਆਨਲਾਈਨ ਕਰ ਦਿੱਤਾ ਜਾਵੇਗਾ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ 285, ਸ੍ਰੀ ਦਸਮ ਗ੍ਰੰਥ 51, ਹੱਥ ਲਿਖਤਾਂ ਜਨਰਲ 691 ਡਿਜ਼ੀਟਲ ਕਰਵਾ ਲਈਆਂ ਗਈਆਂ ਹਨ।ਪਰ ਜਿਹੜਾ 1984 ਈ. ਦੇ ਸਾਕੇ ਸਮੇਂ ਖਜਾਨਾ ਸਾੜਿਆ ਲੁੱਟਿਆ ਗਿਆ ਹੈ ਉਹ ਘਾਟਾ ਪੂਰਿਆ ਜਾਣਾ ਅਸੰਭਵ ਹੈ।ਇਸ ਰੈਫਰੈਂਸ ਲਾਇਬ੍ਰੇਰੀ ਨੂੰ ਹੋਰ ਵਸੀਹ ਪੱਧਰ ਤੇ ਕਰਨ ਲਈ ਇਸ ਨੂੰ ਆਧੁਨਿਕ ਕਿਸਮ ਦੇ ਹਾਲਾਂ ਵਿਚ ਬਦਲਿਆ ਜਾ ਰਿਹਾ ਹੈ।ਉੱਥੇ ਖੋਜ ਵਿਦਵਾਨਾਂ ਲਈ ਵਿਸ਼ੇਸ਼ ਸਹੂਲਤਾਂ ਉਪਲੱਬਧ ਕੀਤੀਆਂ ਜਾ ਰਹੀਆਂ ਹਨ।

Diljit Singh Bedi

-ਦਿਲਜੀਤ ਸਿੰਘ ਬੇਦੀ
ਅੰਮ੍ਰਿਤਸਰ।
ਮੋ – 98148-98570

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply