Friday, April 26, 2024

ਗੁਰਬਾਣੀ ਕੀਰਤਨ ਕਰਦੇ ਹੋਏ ਰਿਹਾਈ ਮੋਰਚੇ ਦੇ ਕਾਰਕੁਨਾਂ ਨੇ ਨਗਰ ਕੀਰਤਨ `ਚ ਪ੍ਰਚਾਰ ਕੀਤਾ

ਨਗਰ ਕੀਰਤਨ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਖਿੱਚਿਆ ਸੰਗਤਾਂ ਦਾ ਧਿਆਨ

ਨਵੀਂ ਦਿੱਲੀ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਸੰਵਿਧਾਨ ਅਤੇ ਕਾਨੂੰਨ ਅਨੁਸਾਰ ਬਣਦੀ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੜੀ ਤਹਿਤ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਇਨਸਾਫ਼ ਪਸੰਦ ਕਾਰਕੁੰਨਾ ਨੇ ਅੱਜ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਜਾਣਕਾਰੀ ਭਰਪੂਰ ਇਸ਼ਤਿਹਾਰ ਵੰਡਦੇ ਹੋਏ ਜਾਗਰੂਕ ਕੀਤਾ।ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਵਿਚ ਗੁਰਬਾਣੀ ਕੀਰਤਨ ਕਰਦੇ ਹੋਏ ਰਿਹਾਈ ਮੋਰਚੇ ਦੇ ਇਨ੍ਹਾਂ ਕਾਰਕੁਨਾਂ ਨੇ ਸ਼ਮੁਲੀਅਤ ਕੀਤੀ। ਬੰਦੀ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਵਾਲੀ ਟੀ-ਸ਼ਰਟਾਂ ਪਾ ਕੇ ਸੰਗਤਾਂ ਦਾ ਧਿਆਨ ਸਿੱਖ ਕੌਮ ਦੀ ਇਸ ਚਿਰੋਕਣੀ ਮੰਗ ਵਲ ਆਕਰਸ਼ਿਤ ਕਰਨ ਦੇ ਮਕਸਦ ਨਾਲ ਨੌਜਵਾਨਾਂ ਨੂੰ ਇਸ ਮੌਕੇ ਟੀ-ਸ਼ਰਟਾਂ ਵੀ ਵੰਡੀਆਂ ਗਈਆਂ।ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਮਿੰਟੂ, ਕਨਵੀਨਰ ਅਵਤਾਰ ਸਿੰਘ ਕਾਲਕਾ, ਮੀਤ ਪ੍ਰਧਾਨ ਰਵਿੰਦਰ ਸਿੰਘ ਅਤੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ‘ਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪ੍ਰਤੀ ਅਸੀਂ ਲੋਕਾਂ ਦਾ ਧਿਆਨ ਖਿੱਚਣ ਵਿਚ ਕਾਮਯਾਬ ਰਹੇ ਹਾਂ, ਕਿਉਂਕਿ ਲੋਕਾਂ ਨੂੰ ਆਪਣੇ ਪ੍ਰੋਗਰਾਮਾਂ ਵਿਚ ਬੁਲਾਉਣ ਦੀ ਬਜ਼ਾਏ ਉਹ ਖੁਦ ਅਜਿਹੇ ਸਥਾਨ ਜਾਂ ਪ੍ਰੋਗਰਾਮਾਂ `ਚ ਹਾਜ਼ਰੀ੍ ਭਰ ਰਹੇ ਹਨ, ਜਿਥੇ ਸੰਗਤਾਂ ਪਹਿਲਾਂ ਤੋਂ ਹੀ ਮੌਜ਼ੂਦ ਹੁੰਦੀਆਂ ਹਨ।
ਰਿਹਾਈ ਮੋਰਚਾ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੂਰੇ ਜੀਵਨ ਵਿੱਚ ਸੱਚ ‘ਤੇ ਪਹਿਰਾ ਦਿੱਤਾ ਸੀ ਤੇ ਗਲਤ ਦਾ ਵਿਰੋਧ ਕੀਤਾ ਸੀ।ਧਰਮ ਅਤੇ ਇਨਸਾਫ਼ ਦੇ ਨਾਂਮ ‘ਤੇ ਪਾਖੰਡਵਾਦ ਅਤੇ ਬੇਇਨਸਾਫੀਆਂ ਕਰਨ ਵਾਲੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੀਸ਼ਾ ਦਿਖਾਇਆ ਸੀ।ਇਸ ਲਈ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਨੂੰ ਦਿੱਲੀ ਦੇ ਸਭ ਤੋਂ ਵੱਡੇ ਨਗਰ ਕੀਰਤਨ ਵਿਚ ਸ਼ਮੁਲੀਅਤ ਕੀਤੀ ਹੈ ਤੇ ਇਸ ਲੜੀ ਨੂੰ ਸਥਾਨਕ ਕਲੋਨੀਆਂ ਦੇ ਨਗਰ ਕੀਰਤਨ ਵਿਚ ਵੀ ਤੋਰਿਆ ਜਾਵੇਗਾ।ਤਾਂ ਕਿ ਸੰਵਿਧਾਨ ਤੇ ਕਾਨੂੰਨ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਮੁਮਕਿਨ ਹੋ ਸਕੇ।ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਦਰਦ ਰੱਖਣ ਵਾਲੇ ਇੱਕ ਬਜ਼ੁਰਗ ਕਾਰਕੁੰਨ ਹਰਬੰਸ ਸਿੰਘ ਨੇ ਵ੍ਹੀਲਚੇਅਰ ਰਾਹੀਂ ਨਗਰ ਕੀਰਤਨ ਵਿਚ ਰਿਹਾਈ ਮੋਰਚੇ ਦੇ ਹੋਰਨਾਂ ਆਗੂ ਮਨਜੀਤ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਭਾਟੀਆ ਸਣੇ ਹਾਜ਼ਰੀ ਭਰੀ।

 

Check Also

ਅਕੇਡੀਆ ਵਰਲਡ ਸਕੂਲ ਨੇ ਕਰਵਾਇਆ ਕਹਾਣੀ ਮੁਕਾਬਲਾ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਹੋਏ ਕਹਾਣੀ ਮੁਕਾਬਲੇ `ਚ …