ਦਿੱਲੀ ਕਮੇਟੀ ਨੇ ਕਾਰਵਾਈ ਕਰਨ ਲਈ ਹਰਿਆਣਾ ਸਰਕਾਰ ਨੂੰ ਦਿੱਤਾ 10 ਦਿਨ ਦਾ ਅਲਟੀਮੇਟਮ
ਨਵੀਂ ਦਿੱਲੀ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੇ ਸੋਹਨਾ ਵਿਖੇ ਦਲਿਤ ਸਿੱਖਾਂ ਦੇ ਲਗਭਗ 16.5 ਏਕੜ ਖੇਤਰਫਲ ਦੇ ਸ਼ਮਸਾਨ ਘਾਟ ’ਤੇ ਸਥਾਨਕ ਭੂ ਮਾਫੀਆ ਵੱਲੋਂ ਕਬਜਾ ਕਰਨ ਦੀ ਕੀਤੀ ਜਾ ਰਹੀਆਂ ਕੋਸ਼ਿਸ਼ਾਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੂਪ ਅਪਨਾਇਆ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਘਟਨਾਂ ਦੇ ਸਾਰੇ ਤੱਥਾਂ ਦਾ ਖੁਲਾਸਾ ਕੀਤਾ।
ਜੀ.ਕੇ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੋਹਨਾ ਦੇ ਨੇੜ੍ਹੇ ਰਹਿੰਦੇ ਸਿੱਖ ਪਰਿਵਾਰ ਪਿੱਛਲੇ ਲੰਬੇ ਸਮੇਂ ਤੋਂ ਇਸ ਸ਼ਮਸਾਨ ਘਾਟ ’ਚ ਆਪਣੇ ਨੇੜ੍ਹਲੇ ਲੋਕਾਂ ਦਾ ਅੰਤਿਮ ਸੰਸਕਾਰ ਕਰਦੇ ਸੀ।ਪਰ ਪਿੱਛਲੇ 2 ਸਾਲ ਤੋਂ ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਕੁੱਝ ਸਥਾਨਕ ਸਿਆਸੀ ਆਗੂ ਲਗਭਗ 60 ਕਰੋੜ ਰੁਪਏ ਕੀਮਤ ਵਾਲੀ ਇਸ ਜਮੀਨ `ਤੇ ਕਬਜਾ ਕਰਨ ਲਈ ਵਿਊਂਤਬੰਦੀ ’ਚ ਲੱਗੇ ਹੋਏ ਹਨ।ਜਿਸ ਦਾ ਸਿੱਖ ਵਿਰੋਧ ਕਰ ਰਹੇ ਸਨ।
ਜੀ.ਕੇ ਨੇ ਦੱਸਿਆ ਕਿ 25 ਮਾਰਚ 2018 ਨੂੰ ਇਨ੍ਹਾਂ ਦਬੰਗ ਲੋਕਾਂ ਨੇ 10-12 ਸਿੱਖਾਂ ਨੂੰ ਮਾਮਲੇ ਦੇ ਹੱਲ ਲਈ ਉਕਤ ਜਮੀਨ ’ਤੇ ਬੁਲਾਇਆ ਸੀ।ਪਰ ਗਿਣੀ-ਮਿੱਥੀ ਸਾਜਿਸ਼ ਤਹਿਤ ਉਕਤ ਦਬੰਗਾਂ ਦੇ 60-70 ਲੋਕਾਂ ਨੇ ਸਿੱਖਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਨਾਲ ਹੀ ਗੈਰ ਕਾਨੂੰਨੀ ਅਸਲੇ ਰਾਹੀਂ ਹਵਾਈ ਫਾਇਰ ਕਰਕੇ ਸਿੱਖਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਘਟਨਾਂ ਦੌਰਾਨ ਕਈ ਸਿੱਖਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ।ਜਿਸ ’ਤੇ ਬਾਅਦ ’ਚ ਸੋਹਨਾ ਪੁਲਿਸ ਨੇ ਐਫ਼.ਆਈ.ਆਰ ਨੰਬਰ 0105/2018 ਦਰਜ ਕੀਤੀ ਹੈ।ਜਿਸ ’ਚ ਮੁੱਖ ਆਰੋਪੀ ਸਥਾਨਕ ਨਿਗਮ ਕੌਨਸਲਰ ਦਾ ਪਤੀ ਬਲਬੀਰ ਸਿੰਘ ਉਰਫ ਗਬਦਾ ਅਤੇ ਉਸ ਦੇ 8 ਸਾਥੀ ਹਨ।
ਜੀ.ਕੇ ਨੇ ਦੱਸਿਆ ਕਿ ਜਾਂਚ ਦੌਰਾਨ ਪੀੜਿਤਾਂ ਵੱਲੋਂ ਦੱਸੇ ਗਏ ਕੁੱਲ ਆਰੋਪੀਆਂ ਦੀ ਗਿਣਤੀ ਹੁਣ 60 ਤਕ ਪੁੱਜ ਗਈ ਹੈ। ਆਰੋਪੀਆਂ ਦੇ ਖਿਲਾਫ਼ ਦਲਿਤ ਉਤਪੀੜਨ ਸਣੇ 307 ਵਰਗੀਆਂ ਗੰਭੀਰ ਅਪਰਾਧ ਦੀਆਂ ਧਾਰਾਵਾਂ ਲੱਗੀਆਂ ਹੋਈਆਂ ਹਨ।ਪਰ ਲਗਭਗ 100 ਦਿਨ ਬੀਤਣ ਦੇ ਬਾਵਜੂਦ ਅੱਜੇ ਵੀ ਪੁਲਿਸ ਨੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਪੁਲਿਸ ਵੱਲੋਂ ਪਹਿਲੇ ਇਸ ਮਾਮਲੇ ’ਚ ਏ.ਸੀ.ਪੀ ਹਿਤੇਸ਼ ਯਾਦਵ ਦੀ ਅਗਵਾਈ ’ਚ ਐਸ.ਆਈ.ਟੀ ਬਣਾਈ ਗਈ ਸੀ, ਪਰ ਬਾਅਦ ’ਚ ਇਸ ਮਾਮਲੇ ਨੂੰ ਹੁਣ ਸਟੇਟ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤਾ ਗਿਆ ਹੈ।ਇਸ ਦੇ ਨਾਲ ਹੀ 4 ਅਪ੍ਰੈਲ 2018 ਨੂੰ ਜਦੋਂ ਸਿੱਖ ਆਪਣੇ ਕਿਸੇ ਸੰਬੰਧੀ ਦਾ ਸੰਸਕਾਰ ਕਰਨ ਲਈ ਸ਼ਮਸਾਨ ਭੂਮੀ ਗਏ ਤਾਂ ਨਗਰ ਕੌਂਸਲਰ ਵੱਲੋਂ ਉਨ੍ਹਾਂ ਦੇ ਖਿਲਾਫ ਸਰਕਾਰੀ ਜਮੀਨ ’ਚ ਜਬਰੀ ਸੰਸਕਾਰ ਕਰਨ ਦਾ ਆਰੋਪ ਲਗਾ ਕੇ ਐਫ.ਆਈ.ਆਰ ਨੰਬਰ 0115/2018 ਦਰਜ ਕਰਵਾ ਦਿੱਤੀ ਗਈ ਹੈ।
ਜੀ.ਕੇ ਨੇ ਦੱਸਿਆ ਕਿ ਪੀੜਿਤ ਸਿੱਖਾਂ ਵੱਲੋਂ ਪ੍ਰਾਪਤ ਹੋਈ ਸ਼ਿਕਾਇਤ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਵਿਧਾਇਕ ਤੇਜਪਾਲ ਸਿੰਘ ਤੰਵਰ, ਨਗਰ ਪਰਿਸ਼ਦ ਚੇਅਰਪਰਸਨ ਰੀਵਾ ਖਟਾਨਾ ਅਤੇ ਗਬਦਾ ਦੀ ਇਸ ਮਾਮਲੇ ’ਚ ਮਿਲੀਭੁਗਤ ਕਰਕੇ ਪੁਲਿਸ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਕਿਨਾਰਾ ਕਰ ਰਹੀ ਹੈ।ਜੀ.ਕੇ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਮਾਲ ਮਹਿਕਮੇ ਤੋਂ ਜਾਰੀ ਤਾਜ਼ਾ ਜਮਾਬੰਦੀ ਅਨੁਸਾਰ ਦਲਿਤ ਸਿੱਖਾਂ ਦੀ ਸ਼ਮਸਾਨ ਭੂਮੀ ਦਾ ਖਸਰਾ ਨੰਬਰ 322, 323, 327, 328, 329, 330, 331, 332, 333, 334 ਅਤੇ 337 ਹਨ।ਇਸ ਲਈ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਇੱਕ ਪੱਤਰ ਭੇਜ ਰਹੇ ਹਨ।ਜਿਸ ’ਚ ਆਰੋਪੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਿੱਖਾਂ ਖਿਲਾਫ਼ ਦਰਜ ਐਫ.ਆਈ.ਆਰ ਨੰਬਰ 0115 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਜੀ.ਕੇ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ 10 ਦਿਨਾਂ ਦੇ ਅੰਦਰ ਆਰੋਪੀਆਂ ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਦਿੱਲੀ ਕਮੇਟੀ ਵੱਲੋਂ ਹਰਿਆਣਾ ਭਵਨ ’ਤੇ ਪ੍ਰਦਰਸ਼ਨ ਕਰਨ ਦੇ ਨਾਲ ਹੀ ਅਦਾਲਤ ਜਾਣ ਦੇ ਰਾਹ ਖੁਲ੍ਹੇ ਰਹਿਣਗੇ।ਜੀ.ਕੇ ਨੇ ਮਾਰਕੁੱਟ ਦਾ ਸ਼ਿਕਾਰ ਹੋਏ ਸਿੱਖਾਂ ਦੀਆਂ ਤਸਵੀਰਾਂ ਅਤੇ ਹੋਰ ਸੰਬੰਧਿਤ ਕਾਗਜ਼ਾਤ ਮੀਡੀਆ ਦੇ ਸਾਹਮਣੇ ਰੱਖੇ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …